
ਅੰਮ੍ਰਿਤਸਰ, 16 ਜੂਨ (ਪ੍ਰੀਤਮ ਸਿੰਘ)- ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੇ ਸਹਿਯੋਗ ਸਦਕਾ ਕਾਲਜ ਸਟਾਫ਼ ਤੇ ਵਿਦਿਆਰਥਣਾਂ ਵੱਲੋਂ ਛਬੀਲ ਲਗਾਈ ਗਈ। ਇਸ ਦੌਰਾਨ ਅੱਤ ਦੀ ਗਰਮੀ ਤੋਂ ਰਾਹਤ ਪਾਉਣ ਸਦਕਾ ਲੜਕੀਆਂ ਨੇ ਰਾਹਗੀਰਾਂ ਤੇ ਆਮ ਲੋਕਾਂ ਨੂੰ ਠੰਡੇ-ਮਿੱਠਾ ਜਲ ਛਕਾਇਆ ਗਿਆ। ਕਾਲਜ ਦੇ ਗੇਟ ਬਾਹਰ ਲਗਾਈ ਛਬੀਲ ‘ਚ ਸੇਵਾ ਕਰਨ ਉਪਰੰਤ ਪ੍ਰਿੰਸੀਪਲ ਡਾ. ਮਾਹਲ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਪਹਿਲੇ ਲਾਸਾਨੀ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਅਦੁੱਤੀ ਸ਼ਹਾਦਤ ਮਹਾਨ ਆਦਰਸ਼ ਲਈ ਦਿੱਤੀ ਗਈ ਸੀ। ਜਿਨ੍ਹਾਂ ਸ਼ਾਂਤਮਈ ਰਹਿੰਦਿਆਂ ਹੋਇਆ ਧਰਮ, ਸੱਚ ਤੇ ਮਨੁੱਖਤਾ ਦੀ ਭਲਾਈ ਹਿੱਤ ਮਹਾਨ ਕੁਰਬਾਨੀ ਦਿੱਤੀ। ਡਾ. ਮਾਹਲ ਨੇ ਦੱਸਿਆ ਕਿ ਗੁਰੂ ਜੀ ਨੇ ਜਗਤ ਨੂੰ ਜਿੱਥੇ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ, ਉੱਥੇ ਉਨ੍ਹਾਂ ਮਰਨ ਦਾ ਵਲ ਵੀ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਕਥਨ ਅਨੁਸਾਰ ਮਰਦਾ ਦਾ ਹਰ ਕੋਈ ਹੈ, ਪਰ ਜੋ ਇਨਸਾਨ ਵਡਿਆਈ ਵਾਲਾ ਕਾਰਜ ਕਰਕੇ ਮਰੇ ਉਹ ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਛਬੀਲ ਦੌਰਾਨ ਵਿਦਿਆਰਥਣਾਂ ਖ਼ਾਸ ਕਰਕੇ ਹੋਸਟਲ ‘ਚ ਰਹਿਣ ਵਾਲੀਆਂ ਲੜਕੀਆਂ ਵੱਲੋਂ ਆਲੇ-ਦੁਆਲੇ ਦੀ ਸਾਂਭ-ਸੰਭਾਲ ਦੇ ਮੰਤਵ ਤਹਿਤ ਯੋਗ ਸਫ਼ਾਈ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਛਬੀਲ ਦੌਰਾਨ ਵਿਦਿਆਰਥਣਾਂ ਵੱਲੋਂ ਕੜਾਹ ਤੇ ਭੰਗੂਰ ਦਾ ਲੰਗਰ ਵੀ ਵਰਤਾਇਆ ਗਿਆ।
Punjab Post Daily Online Newspaper & Print Media