ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਆਖਿਆ ਹੈ ਕਿਹਾ ਕਿ ਚੋਣਾਂ ਦੌਰਾਨ ਜੋ ਵਿਅਕਤੀ ਵੋਟਾਂ ਦੀ ਖਾਤਿਰ ਉਨ੍ਹਾਂ ਡੇਰਿਆਂ ਵਿਚ ਗਏ ਜਿਨ੍ਹਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਮੇਲ-ਮਿਲਾਪ ਕਰਨ ਲਈ ਪਾਬੰਧੀ ਲਗਾਈ ਗਈ ਸੀ, ਉਸ ਦੀ ਦੀ ਰਿਪੋਰਟ ਅੱਜ ਤਿੰਨ ਮੈਂਬਰੀ ਕਮੇਟੀ ਨੇ ਸੋਂਪ ਦਿੱਤੀ ਹੈ ਅਤੇ ਇਸ ਉਪਰ ਅਗਲੀ ਕਾਰਵਾਈ ਹੋਲੇ-ਮਹੱਲੇ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਉਪਰ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ
ਜਥੇਦਾਰ ਨੇ ਬੜੇ ਅਫਸੋਸ ਨਾਲ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਜੇ ਰੁਕਣ ਵਿਚ ਨਹੀਂ ਆ ਰਹੀਆਂ ਅਤੇ ਕਿਤੇ ਨਾ ਕਿਤੇ ਵਾਪਰ ਰਹੀਆਂ ਹਨ। ਜਿਵੇਂ ਹੁਣੇ ਹੀ ਦੇਵੀ ਨਗਰ ਨੇੜੇ ਡੇਰਾ ਬੱਸੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਹੈ।ਇਹ ਸਿੱਖ ਵਿਰੋਧੀ ਏਜੰਸੀਆਂ ਦੀਆਂ ਬਹੁਤ ਹੀ ਵੱਡੀਆਂ ਚਾਲ੍ਹਾਂ ਹਨ ਜੋ ਆਪਣੇ ਬੰਦਿਆਂ ਰਾਹੀਂ ਲਾਲਚ ਦੇ ਕੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ।ਸੰਗਤਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉਨਾਂ ਨੇ ਗੁਰਦੁਆਰਾ ਕਮੇਟੀਆਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਹੁਣ ਕਿਸੇ ਗੁਰਦੁਆਰਾ ਕਮੇਟੀ ਦੀ ਅਣਗਹਿਲੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤਾਂ ਉਸ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਤਲਬ ਕੀਤਾ ਜਾਵੇਗਾ ਅਤੇ 295-ਏ ਧਾਰਾ ਤਹਿਤ ਪਰਚਾ ਦਰਜ਼ ਕਰਵਾਇਆ ਜਾਵੇਗਾ।ਗ੍ਰੰਥੀ ਸਿੰਘ ਅਤੇ ਪ੍ਰਬੰਧਕ ਕਮੇਟੀ ਦੀ ਜਿੰਮੇਵਾਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਜੇਕਰ ਗ੍ਰੰਥੀ ਸਿੰਘ ਨੇ ਕਿਤੇ ਜਾਣਾ ਹੋਵੇ ਤਾਂ ਉਹ ਗੁਰਦੁਆਰਾ ਸਾਹਿਬ ਵਿਚ ਸੇਵਾਦਾਰ ਨੂੰ ਛੱਡ ਕੇ ਜਾਵੇ। ਜਿਨ੍ਹਾਂ ਗੁਰਦੁਆਰਾ ਸਾਹਿਬਾਨ ਵਿਚ ਸੀ.ਸੀ.ਟੀ.ਵੀ ਕੈਮਰੇ ਨਹੀਂ ਲੱਗੇ, ਜੋ ਸੁਰੱਖਿਆ ਲਈ ਬਹੁਤ ਜਰੂਰੀ ਹਨ ਉਹ ਗੁਰਦੁਆਰਾ ਕਮੇਟੀਆਂ ਆਪਣੇ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਗੁਰਦੁਆਰਾ ਸਾਹਿਬਾਨ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੀ ਖੇਚਲ ਕਰਨ।
ਗਿਆਨੀ ਗੁਰਬਚਨ ਸਿੰਘ ਨੇ ਵਿਦੇਸ਼ਾਂ ਵਿਚ ਹੋ ਰਹੇ ਨਸਲੀ ਹਮਲਿਆਂ ‘ਤੇ ਬੋਲਦਿਆਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ। ਪਿਛਲੇ ਦਿਨ੍ਹਾਂ ਵਿਚ ਕੁੱਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਸ ਵਿਚ ਹਮਲਾਵਰਾਂ ਵੱਲੋਂ ‘ਦੇਸ਼ ਛੱਡ ਕੇ ਚਲੇ ਜਾਓ’ ਕਹਿ ਕੇ ਸਿੱਧੀਆਂ ਗੋਲੀਆਂ ਵਰ੍ਹਾ ਦਿੱਤੀਆਂ ਜਾਂਦੀਆਂ ਹਨ। ਉਸ ਦੇਸ਼ ਦੀ ਸਰਕਾਰ ਨੂੰ ਇਸ ਉਪਰ ਗੰਭੀਰ ਵਿਚਾਰ ਕਰਕੇ ਇਸ ਨਸਲੀ ਵਿਤਕਰੇ ਨੂੰ ਖਤਮ ਕਰਨਾ ਚਾਹੀਦਾ ਹੈ।ਸਿੱਖ ਜਿਸ ਦੇਸ਼ ਵਿਚ ਵੀ ਵੱਸੇ ਹਨ ਓਥੇ ਆਪਣੀ ਕਰੜੀ ਮਿਹਨਤ ਕਰਕੇ ਉਸ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਪਾ ਰਹੇ ਹਨ। ਇਸ ਲਈ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਉਚਿਤ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਵਿਦੇਸ਼ਾਂ ਦੀਆਂ ਸੰਗਤਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਵੀ ਸਰਕਾਰ ਨਾਲ ਮਿਲ ਕੇ ਇਸ ਸਬੰਧੀ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਣ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਫਾਰਮੇਸੀ ਵਿਖੇ ਐਚ.ਆਈ.ਵੀ ਜਾਗਰੂਕਤਾ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਵੱਲੋਂ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ …
Punjab Post Daily Online Newspaper & Print Media