Wednesday, March 25, 2026

ਔਰਤਾਂ ਨੂੰ ਬਰਾਬਰੀ, ਅਜ਼ਾਦੀ ਤੇ ਬਣਦੇ ਹੱਕ ਦਿਵਾਉਣ ਲਈ ਅਮਲੀ ਯਤਨਾਂ ਦੀ ਲੋੜ

8 ਮਾਰਚ- ਕੌਮਾਂਤਰੀ ਔਰਤ ਦਿਵਸ ਤੇ ਵਿਸ਼ੇਸ਼

ਵਿਜੈ ਗੁਪਤਾ
ਮਾਨਵ ਜਾਤੀ ਦੇ ਇਤਿਹਾਸ ਵਿੱਚ ਦੱਬੇ-ਕੁਚਲੇ ਲੋਕਾਂ ਦਾ ਐਸਾ ਕੋਈ ਵੀ ਮਹਾਨ ਅੰਦੋਲਨ ਨਹੀਂ ਹੋਇਆ, ਜਿਸ ਵਿੱਚ ਕਿਰਤੀ ਔਰਤਾਂ ਦੀ ਸ਼ਮੂਲੀਅਤ ਨਾ ਹੋਵੇ।ਕਿਰਤੀ ਔਰਤਾਂ ਜੋ ਦੱਬੇ-ਕੁਚਲਿਆਂ `ਚੋਂ ਸਭ ਤੋਂ ਵੱਧ ਪੀੜ੍ਹਤ ਹਨ – ਮੁਕਤੀ ਸੰਗਰਾਮ ਤੋਂ ਕਦੇ ਦੂਰ ਨਹੀਂ ਰਹੀਆਂ ਤੇ ਨਾ ਹੀ ਰਹਿ ਸਕਦੀਆਂ ਹਨ।ਜਿਵੇਂ ਸਭ ਨੂੰ ਪਤਾ ਹੈ ਕਿ ਅਜਿਹੇ ਮੁਕਤੀ ਸੰਘਰਸ਼ਾਂ ਨੇ ਸੈਂਕੜੇ ਹਜ਼ਾਰਾਂ ਬਹਾਦੁਰ ਨਾਇਕਾਵਾਂ ਪੈਦਾ ਕੀਤੀਆਂ ਹਨ। ਭੂਮੀ ਗੁਲਾਮਾਂ ਦੇ ਮੁਕਤੀ ਸੰਘਰਸ਼ ਦੀਆਂ ਸਫਾਂ ਵਿੱਚ ਹਜ਼ਾਰਾਂ ਮਿਹਨਤਕਸ਼ ਔਰਤਾਂ ਨੂੰ ਜੂਝਦਿਆਂ ਵੇਖਿਆ ਜਾ ਸਕਦਾ ਸੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੱਖਾਂ ਕਿਰਤੀ ਔਰਤਾਂ, ਮਜ਼ਦੂਰ ਜਮਾਤ ਦੇ ਇਨਕਲਾਬੀ ਸੰਘਰਸ਼ਾਂ ਦੇ ਝੰਡੇ ਹੇਠ ਹਰ ਥਾਂ ਲੜ ਰਹੀਆਂ ਹਨ।ਇਹ ਇੰਕਲਾਬੀ ਸੰਘਰਸ਼ ਦੱਬੀ-ਕੁਚਲੀ ਜਨਤਾ ਦੇ ਬਾਕੀ ਸਾਰੇ ਮੁਕਤੀ ਸੰਘਰਸ਼ਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਸੰਘਰਸ਼ ਹੈ।
ਕੌਮਾਂਤਰੀ ਔਰਤ ਦਿਵਸ ਦੀ ਸ਼ੁਰੂਆਤ ਮਜ਼ਦੂਰ ਔਰਤਾਂ ਦੇ ਸੰਘਰਸ਼ ਨਾਲ਼ ਹੋਈ ਸੀ।8 ਮਾਰਚ 1857 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਔਰਤ ਕੱਪੜਾ ਮਜ਼ਦੂਰਾਂ ਨੇ ਬੇਹਤਰ ਮਜ਼ਦੂਰੀ ਅਤੇ ਕੰਮ ਦੀਆਂ ਬੇਹਤਰ ਹਾਲਤਾਂ ਲਈ ਵਿਸ਼ਾਲ ਮੁਜ਼ਾਹਰੇ ਦਾ ਆਯੋਜਨ ਕੀਤਾ ਸੀ। ਸਰਕਾਰ ਨੇ ਇਸ ਸੰਘਰਸ਼ ਨੂੰ ਜ਼ਬਰ ਰਾਹੀਂ ਦਬਾ ਦਿੱਤਾ।ਦੋ ਸਾਲ ਬਾਅਦ ਔਰਤ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਲੜਨ ਵਾਸਤੇ ਆਪਣੀ ਪਹਿਲੀ ਯੂਨੀਅਨ ਕਾਇਮ ਕੀਤੀ।ਇਸ ਤੋਂ 51 ਸਾਲ ਬਾਅਦ 8 ਮਾਰਚ ਦੇ ਦਿਨ ਹੀ ਨਿਊਯਾਰਕ ਦੀਆਂ ਲੱਗਭੱਗ 20 ਹਜ਼ਾਰ ਮਜ਼ਦੂਰ ਔਰਤਾਂ ਨੇ ਕੰਮ ਦੀਆਂ ਬੇਹਤਰ ਹਾਲਤਾਂ, ਵੋਟ ਦੇਣ ਦੇ ਹੱਕ, ਅਤੇ ਬੇਹਤਰ ਮਜ਼ਦੂਰੀ ਲਈ ਮੁਜ਼ਾਹਰਾ ਕੀਤਾ। ਦੋ ਸਾਲਾਂ ਬਾਅਦ 1910 ਵਿੱਚ ਕੋਪਨਹੇਗੇਨ ਵਿੱਚ ਸੰਸਾਰ ਭਰ ਦੀਆਂ ਮਜ਼ਦੂਰ ਜਮਾਤੀ ਪਾਰਟੀਆਂ ਦੇ ਕੌਮਾਂਤਰੀ ਮੰਚ ਨੇ ਕੌਮਾਂਤਰੀ ਔਰਤ ਸੰਮੇਲਨ ਦਾ ਆਯੋਜਨ ਕੀਤਾ।ਇਸ ਸੰਮੇਲਨ ਵਿੱਚ ਜਰਮਨ ਪਾਰਟੀ ਦੀ ਇਨਕਲਾਬੀ ਆਗੂ ਕਲਾਰਾ ਜੈਟਕਿਨ ਨੇ ਇਹ ਮਤਾ ਪੇਸ਼ ਕੀਤਾ ਕਿ 8 ਮਾਰਚ ਦਾ ਦਿਨ ਹਰ ਵਰ੍ਹੇ ਕੌਮਾਂਤਰੀ ਔਰਤ ਦਿਵਸ ਦੇ ਰੂਪ ਵਿੱਚ ਸਾਰੇ ਸੰਸਾਰ ਵਿੱਚ ਮਨਾਇਆ ਜਾਵੇ। ਇਸ ਮਤੇ ਨੂੰ ਸਰਵਸੰਮਤੀ ਨਾਲ਼ ਪਾਸ ਕੀਤਾ ਗਿਆ। ਉਦੋਂ ਤੋਂ ਹੀ ਸਾਰੇ ਸੰਸਾਰ ਵਿੱਚ 8 ਮਾਰਚ ਦਾ ਦਿਨ ਕੌਮਾਂਤਰੀ ਔਰਤ ਦਿਵਸ ਦੇ ਤੌਰ `ਤੇ ਮਨਾਇਆ ਜਾਂਦਾ ਹੈ।
ਸਾਡੇ ਦੇਸ਼ ਵਿੱਚ ਕੌਮਾਂਤਰੀ ਔਰਤ ਦਿਵਸ ਦੇ ਇਤਿਹਾਸ, ਇਸ ਦੇ ਇਤਿਹਾਸਕ ਮਹੱਤਵ ਅਤੇ ਵਰਤਮਾਨ ਸਮੇਂ ਵਿੱਚ ਇਸਦੀ ਅਸਲ ਪ੍ਰਸੰਗਿਕਤਾ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।ਇੱਕ ਗਿਣੀ-ਮਿਥੀ ਸਾਜਿਸ਼ ਤਹਿਤ ਲੁਟੇਰੀਆਂ ਜਮਾਤਾਂ ਨੇ ਆਪਣੇ ਵਿਸ਼ਾਲ ਪ੍ਰਚਾਰ-ਪ੍ਰਸਾਰ ਸਾਧਨਾਂ ਰਾਹੀਂ ਇਸ ਦਿਨ ਦੇ ਅਸਲ ਅਰਥਾਂ ਦੇ ਅਨਰਥ ਕਰ ਦਿੱਤੇ ਹਨ। ਇਸਨੂੰ ਮਹਿਜ ਧਨਾਢ-ਮੱਧਵਰਗੀ ਔਰਤਾਂ ਦੇ “ਤਿਉਹਾਰ“, ਪਾਰਟੀਆਂ, ਜਸ਼ਨਾਂ, ਖਰੀਦਦਾਰੀ ਕਰਨ, ਕਾਰਡ ਤੇ ਤੋਹਫੇ ਵੰਡਣ, ਆਦਿ ਤਰ੍ਹਾਂ ਨਾਲ਼ ਬੋਰੀਅਤ-ਇਕੱਲਤਾ ਦੂਰ ਕਰਨ ਦੇ ਸਾਧਨ ਵਿੱਚ ਬਦਲ ਦਿੱਤਾ ਗਿਆ ਹੈ। ਕੌਸਮੈਟਿਕ ਕੰਪਨੀਆਂ ਇਸ ਦਿਨ `ਤੇ ਔਰਤਾਂ ਲਈ ਵਿਸ਼ੇਸ਼ “ਤੋਹਫਿਆਂ“ ਦਾ ਐਲਾਨ ਕਰਦੀਆਂ ਹਨ ਅਜਿਹਾ ਹੀ ਹੋਰ ਬਹੁਤ ਕੁਝ ਕੌਮਾਂਤਰੀ ਔਰਤ ਦਿਵਸ ਦੇ ਮਹੱਤਵ ਨੂੰ ਧੁੰਦਲਾ ਕਰਨ ਲਈ ਕੀਤਾ ਜਾਂਦਾ ਰਿਹਾ ਹੈ।ਇਸੇ ਕਾਰਨ ਸਮਾਜ ਵਿੱਚੋਂ ਲੁੱਟ-ਖਸੁੱਟ, ਦਾਬੇ, ਜ਼ਬਰ, ਅਨਿਆਂ, ਗੈਰਬਰਾਬਰੀ ਦੇ ਸਭ ਤਰ੍ਹਾਂ ਦੇ ਰੂਪਾਂ ਦੇ ਖਾਤਮੇ ਦੇ ਚਾਹਵਾਨ, ਇਸ ਮਕਸਦ ਨੂੰ ਪੂਰਾ ਕਰਨ ਲਈ ਅਮਲੀ ਪੱਧਰ `ਤੇ ਸਰਗਰਮ ਅਗਾਂਹਵਧੂ, ਇਨਸਾਫ਼ਪੰਸਦ, ਇਨਕਲਾਬੀ ਜੱਥੇਬੰਦੀਆਂ ਤੇ ਕਾਰਕੁੰਨਾਂ ਸਾਹਮਣੇ ਕੌਮਾਂਤਰੀ ਔਰਤ ਦਿਵਸ ਦੇ ਅਸਲ ਇਤਿਹਾਸ, ਇਤਿਹਾਸਕ ਮਹੱਤਵ, ਇਸ ਦਿਨ ਦੇ ਅਸਲ ਅਰਥਾਂ ਨੂੰ ਲੋਕ ਮਨਾਂ, ਖਾਸਕਰ ਤੌਰ `ਤੇ ਔਰਤਾਂ ਦੇ ਮਨਾਂ ਵਿੱਚ ਸਥਾਪਤ ਕਰਨਾ ਬੇਹੱਦ ਜ਼ਰੂਰੀ ਚੁਣੌਤੀ ਭਰਿਆ ਕਾਰਜ ਹੈ।
ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਭਾਰਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਵਜ਼ੋਂ ਪੇਸ਼ ਕੀਤਾ ਜਾਂਦਾ ਹੈ। ਪਰ ਇਸ `ਸਭ ਤੋਂ ਵੱਡੀ ਜਮਹੂਰੀਅਤ` ਅੰਦਰ ਵਸਦੀ ਮਿਹਨਤਕਸ਼ ਔਰਤ ਵਿਤਕਰੇ, ਜ਼ਬਰ ਅਤੇ ਆਰਥਿਕ ਲੁੱਟ ਦਾ ਸ਼ਿਕਾਰ ਹੈ। ਇੱਕ ਅੰਦਾਜੇ ਮੁਤਾਬਿਕ ਭਾਰਤ ਵਿੱਚ ਔਰਤ ਦਾ ਕਿਰਤ ਵਿੱਚ 60 ਪ੍ਰਤੀਸ਼ਤ ਹਿੱਸਾ ਹੈ ਪਰ ਉਸ ਦੀ ਪੈਦਾਵਾਰੀ ਸਾਧਨਾਂ ਉੱਪਰ ਮਾਲਕੀ ਸਿਰਫ਼ ਇੱਕ ਪ੍ਰਤੀਸ਼ਤ ਹੀ ਹੈ।ਭਾਰਤੀ ਕਾਨੂੰਨ ਮੁਤਾਬਿਕ ਲੜਕੀ ਅਤੇ ਲੜਕੇ ਨੂੰ ਮਾਪਿਆਂ ਦੀ ਜਾਇਦਾਦ ਦਾ ਬਰਾਬਰ ਦਾ ਅਧਿਕਾਰ ਹੈ ਪਰ ਹਕੀਕੀ ਰੂਪ ਵਿੱਚ ਲੜਕੀ ਇਸ ਅਧਿਕਾਰ ਤੋਂ ਸੱਖਣੀ ਹੈ ਤੇ ਉਸਦੀ ਇਹੋ ਸਥਿਤੀ ਸਹੁਰੇ ਘਰ ਵਿੱਚ ਹੈ। ਪੈਦਾਵਾਰ ਦੇ ਸਾਧਨਾਂ ਉੱਪਰ ਮਾਲਕੀ ਦੇ ਸਵਾਲ `ਤੇ ਔਰਤ ਸੰਘਰਸ਼ ਮਹਿਜ ਸਹੁਰੇ/ ਪੇਕੇ ਪਰਿਵਾਰ ਜਾਂ ਮਰਦ ਨਾਲ ਨਾਲ ਪੈਦਾਵਾਰੀ ਸਾਧਨਾਂ `ਚ ਬਰਾਬਰ ਮਾਲਕੀ ਦਾ ਹੀ ਨਹੀਂ ਹੈ ਬਲਕਿ ਪੈਦਾਵਾਰ ਦੇ ਸਾਧਨਾਂ ਉੱਪਰ ਕਾਬਜ ਹੁਕਮਰਾਨ ਜਮਾਤ ਹੱਥੋਂ ਪੈਦਾਵਾਰੀ ਸਾਧਨਾਂ ਦੀ ਨਿੱਜੀ ਮਾਲਕੀ ਖੋਹਣ ਨਾਲ ਵੀ ਜੁੜਿਆ ਹੋਇਆ ਹੈ।ਔਰਤ ਸਵੇਰ ਤੋਂ ਲੈ ਕੇ ਰਾਤ ਤੱਕ ਘਰੇਲੂ ਕੰਮ ਕਰਦੀ-ਕਰਦੀ ਥੱਕ-ਟੁੱਟ ਕੇ ਸੌਂਦੀ ਹੈ, ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਪਤੀ ਦੀ ਸੇਵਾ ਵਰਗੇ ਕੰਮ ਕਰਦੀ ਹੈ। ਉਸ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਹੈ, ਕੋਈ ਕਦਰ ਨਹੀਂ ਹੈ। ਗ਼ੈਰ-ਜਥੇਬੰਦਕ ਖੇਤਰ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਮਰਦ ਦੀ ਉਜ਼ਰਤ ਨਾਲੋਂ ਕਿਤੇ ਘੱਟ ਉਜ਼ਰਤ ਮਿਲਦੀ ਹੈ।ਗ਼ਰੀਬ ਅਤੇ ਦਲਿਤ ਔਰਤਾਂ ਨੂੰ ਅਮੀਰ ਘਰਾਣਿਆਂ ਤੋਂ ਲੈ ਕੇ ਮੱਧ ਵਰਗ ਤੱਕ ਦੇ ਘਰਾਂ ਅੰਦਰ ਸਫ਼ਾਈ ਕਰਨ, ਭਾਂਡੇ ਮਾਂਜਣ, ਖਾਣਾ ਬਣਾਉਣ, ਕੱਪੜੇ ਧੋਣ, ਬੱਚਿਆਂ ਨੂੰ ਸਾਂਭਣ, ਘਰਾਂ ਦੀ ਝਾੜ-ਪੂੰਝ ਕਰਨ, ਉਨ੍ਹਾਂ ਦੇ ਕੁੱਤਿਆਂ ਨੂੰ ਘੁੰਮਾਉਣ-ਫਿਰਾਉਣ ਆਦਿ ਤੱਕ ਦੇ ਕੰਮ ਲਈ ਨਿਗੂਣੇ ਪੈਸੇ ਲੈ ਕੇ ਨਰਕੀ ਜ਼ਿੰਦਗੀ ਭੋਗਣੀ ਪੈ ਰਹੀ ਹੈ। ਬੇਰੁਜ਼ਗਾਰੀ ਦੇ ਆਲਮ `ਚ ਪੜ੍ਹੀਆਂ ਲਿਖੀਆਂ ਔਰਤਾਂ ਨੂੰ ਵੱਡੇ-ਵੱਡੇ ਸ਼ੋਅ ਰੂਮਾਂ, ਹੋਟਲਾਂ, ਸਕੂਲਾਂ, ਕਾਲਜਾਂ, ਰੈਸਟੋਰੈਂਟਾਂ, ਬੈਂਕਾਂ ਅਤੇ ਹੋਰ ਅਦਾਰਿਆਂ ਵਿੱਚ ਬਹੁਤ ਹੀ ਘੱਟ ਤਨਖ਼ਾਹ `ਤੇ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਪੂੰਜੀਵਾਦ ਨੇ ਤਾਂ ਔਰਤ ਦੀ ਸਰੀਰਕ ਕਿਰਤ ਸ਼ਕਤੀ ਅਤੇ ਮਾਨਸਿਕ ਕਿਰਤ ਸ਼ਕਤੀ ਦੀ ਇੱਕ ਜਿਣਸ ਦੇ ਤੌਰ `ਤੇ ਲੁੱਟ ਤੋਂ ਇਲਾਵਾ ਉਸ ਨੂੰ ਮਾਲ ਵੇਚਣ ਲਈ ਇੱਕ ਨੁਮਾਇਸ਼ ਦੀ ਵਸਤੂ ਬਣਾ ਦਿੱਤਾ ਹੈ। ਹੁਣ ਉਸ ਨੂੰ ਫੈਸ਼ਨ ਮੁਕਾਬਲਿਆਂ, ਸੁੰਦਰਤਾ ਮੁਕਾਬਲਿਆਂ, ਗਾਉਣ-ਵਜਾਉਣ, ਚੀਅਰਜ਼ ਗਰਲਜ਼, ਮੌਡਲਿੰਗ, ਕਾਲ ਗਰਲਜ਼, ਸੇਲਜ਼ ਗਰਲਜ਼, ਬਲਿਊ ਫਿਲਮਾਂ ਅਤੇ ਔਰਤਾਂ ਦੇ ਅੱਧ ਨੰਗੇ ਜਿਸਮਾਂ ਨੂੰ ਮਾਲ ਵੇਚਣ ਲਈ ਤਿਆਰ ਕੀਤੀਆਂ ਜਾਂਦੀਆਂ ਮਸ਼ਹੂਰੀਆਂ ਲਈ ਵਰਤਿਆ ਜਾ ਰਿਹਾ ਹੈ।
ਜੇਕਰ ਭਾਰਤ ਦੀਆਂ ਆਮ ਔਰਤਾਂ ਦੀ ਸਿਹਤ ਸਹੂਲਤ ਦੀ ਗੱਲ ਕਰਨੀ ਹੋਵੇ ਤਾਂ ਹਾਲਤ ਹੋਰ ਵੀ ਨਿਰਾਸ਼ਾਜਨਕ ਹੈ। ਕੌਮੀ ਸਰਵੇ ਅਨੁਸਾਰ ਭਾਰਤ ਦੀ ਆਮ ਔਰਤ ਲਈ ਔਸਤ 1899 ਕਲੋਰੀ ਦੀ ਊਰਜਾ ਦੀ ਜ਼ਰੂਰਤ ਹੈ ਜਦੋਂ ਕਿ ਭਾਰਤ ਅੰਦਰ ਔਰਤ ਨੂੰ 500-600 ਕਲੋਰੀ ਊਰਜਾ ਹੀ ਉਪਲਬਧ ਹੈ।ਭਾਰਤ ਅੰਦਰ ਔਰਤਾਂ ਦਾ ਵੱਡਾ ਹਿੱਸਾ ਬੱਚਿਆਂ ਅਤੇ ਮਰਦਾਂ ਤੋਂ ਬਾਅਦ ਹੀ ਭੋਜਨ ਖਾਂਦਾ ਹੈ।ਇਸ ਤੋਂ ਇਲਾਵਾ 75 ਪ੍ਰਤੀਸ਼ਤ ਔਰਤਾਂ ਅਤੇ 56 ਪ੍ਰਤੀਸ਼ਤ ਲੜਕੀਆਂ ਅਨੀਮੀਏ ਦੀਆਂ ਸ਼ਿਕਾਰ ਹਨ ਤੇ 85 ਪ੍ਰਤੀਸ਼ਤ ਔਰਤਾਂ ਕੁਪੋਸ਼ਣ ਦੀਆਂ ਪੀੜਤ ਹਨ। ਭਾਰਤ ਅੰਦਰ ਤਕਰੀਬਨ 1,25,000 ਔਰਤਾਂ ਜਣੇਪੇ ਸਮੇਂ ਮਰ ਜਾਂਦੀਆਂ ਹਨ।
ਅੱਜ ਸਾਡੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਮਨੁੱਖ ਹੋਣ ਦਾ ਸੰਵਿਧਾਨਿਕ ਦਰਜਾ ਤਾਂ ਪ੍ਰਾਪਤ ਹੈ ਪਰ ਫਿਰ ਵੀ ਅੱਜ ਸਾਡੇ ਸਮਾਜ ਵਿੱਚ ਭਾਵੇਂ ਕਿੰਨੀ ਵੀ ਆਧੁਨਿਕਤਾ ਆ ਗਈ ਹੋਵੇ, ਔਰਤ ਅਜੇ ਵੀ ਮਰਦ ਦੀ ਦਾਸੀ ਹੀ ਹੈ। ਬਾਪ ਹੋਵੇ ਜਾਂ ਭਰਾ, ਪਤੀ ਹੋਵੇ ਜਾਂ ਸਹੁਰਾ, ਹਰ ਮਰਦ ਦੀ ਉਹ ਗੁਲਾਮ ਹੈ।ਪਤੀ ਨੂੰ ਉਸ ਲਈ ਪ੍ਰਮੇਸ਼ਵਰ ਦੱਸਿਆ ਜਾਂਦਾ ਹੈ। ਉਸਦੀ ਕੋਈ ਮਰਜੀ ਨਹੀਂ। ਪ੍ਰੇਮ ਕਰਨਾ ਤਾਂ ਉਸ ਲਈ ਮੌਤ ਨੂੰ ਗਲੇ ਲਗਾਉਣਾ ਹੈ।ਜੇਕਰ ਅੰਕੜਿਆਂ `ਤੇ ਨਜ਼ਰ ਮਾਰੀ ਜਾਵੇ ਤਾਂ ਔਰਤਾਂ ਦੀ ਹਾਲਤ ਦੀ ਇੱਕ ਬੇਹੱਦ ਭਿਅੰਕਰ ਤਸਵੀਰ ਸਾਹਮਣੇ ਆਉਦੀ ਹੈ।ਕੌਮੀ ਜ਼ੁਰਮ ਰਿਕਾਰਡ ਬਿਊਰੋ ਵੱਲੋਂ ਜਾਰੀ ਹੋਈ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਹਰ 3.5 ਮਿੰਟ ਵਿੱਚ ਔਰਤਾਂ ਖਿਲਾਫ਼ ਇੱਕ ਜ਼ੁਰਮ ਹੁੰਦਾ ਹੈ।ਔਰਤਾਂ ਖਿਲਾਫ਼ ਹੁੰਦੇ ਜ਼ੁਰਮਾਂ ਵਿੱਚ ਘਰੇਲੂ ਹਿੰਸਾ ਦਾ ਹਿੱਸਾ 33.3 ਫੀਸਦੀ ਹੈ।1997 ਤੋਂ 2002 ਵਿਚਕਾਰ ਘਰੇਲੂ ਹਿੰਸਾ ਵਿੱਚ 34.5 ਫੀਸਦੀ ਵਾਧਾ ਹੋਇਆ ਹੈ। “ਦ ਸਟੇਟ ਆਫ਼ ਵਰਲਡ ਪਾਪੂਲੇਸ਼ਨ ਰਿਪੋਰਟ“ ਮੁਤਾਬਕ ਭਾਰਤ ਵਿੱਚ 54 ਮਿੰਟ ਵਿੱਚ ਇੱਕ ਬਲਾਤਕਾਰ, ਹਰ 26 ਮਿੰਟ ਵਿੱਚ ਛੇੜਛਾੜ, 43 ਮਿੰਟ ਵਿੱਚ ਇੱਕ ਔਰਤ ਅਗਵਾ, ਇੱਕ ਘੰਟਾ 42 ਮਿੰਟ ਬਾਅਦ ਦਾਜ ਕਾਰਨ ਮੌਤ ਅਤੇ ਹਰ 7 ਮਿੰਟ ਬਾਅਦ ਔਰਤਾਂ ਨਾਲ਼ ਕਿਸੇ ਨਾ ਕਿਸੇ ਕਿਸਮ ਦੀ ਅਪਰਾਧਕ ਘਟਨਾ ਵਾਪਰਦੀ ਹੈ। ਇੱਕ ਹੋਰ ਰਿਪੋਰਟ ਮੁਤਾਬਕ ਦੇਸ਼ ਵਿੱਚ ਹਰ ਰੋਜ਼ ਬਲਾਤਕਾਰ ਦੀਆਂ 19 ਘਟਨਾਵਾਂ ਵਾਪਰ ਰਹੀਆਂ ਹਨ। ਇਹਨਾਂ ਅੰਕੜਿਆਂ ਵਿੱਚ ਜੋ ਵਿਖਾਈ ਦੇ ਰਿਹਾ ਹੈ ਉਹ ਤਾਂ ਅਸਲ ਤਸਵੀਰ ਦਾ ਇੱਕ ਅੰਸ਼ ਹੀ ਹੈ।ਔਰਤਾਂ ਨੂੰ ਹਰ ਪਲ ਜੋ ਲੁੱਟ, ਦਾਬਾ, ਗੁਲਾਮੀ ਝੱਲਣੀ ਪੈਂਦੀ ਹੈ ਉਹ ਸ਼ਬਦਾਂ ਵਿੱਚ ਜਾਂ ਅੰਕੜਿਆਂ ਵਿੱਚ ਜਾਹਰ ਨਹੀਂ ਹੋ ਸਕਦੀ।ਨਾਲ਼ੇ ਔਰਤਾਂ ਨਾਲ਼ ਹੁੰਦੇ ਜ਼ੁਰਮਾਂ ਦੇ ਇਹ ਅੰਕੜੇ ਬਹੁਤ ਹੀ ਅਧੂਰੇ ਹਨ।ਜਿਆਦਾਤਰ ਮਾਮਲੇ ਬੇਇੱਜਤੀ, ਡਰ, ਦਾਬੇ, ਖੱਜਲ-ਖੁਆਰੀ, ਇਨਸਾਫ ਦੀ ਨਾਉਮੀਦੀ ਆਦਿ ਅਨੇਕਾਂ ਕਾਰਨਾਂ ਕਰਕੇ ਦਬ ਕੇ ਰਹਿ ਜਾਂਦੇ ਹਨ।ਉਝ ਔਰਤਾਂ ਦੀ ਭਿਅੰਕਰ ਹਾਲਤ ਨੂੰ ਜਾਨਣ, ਸਮਝਣ, ਮਹਿਸੂਸ ਕਰਨ ਲਈ ਕਿਸੇ ਵੀ ਇਨਸਾਫ਼ਪਸੰਦ, ਸੰਵੇਦਨਸ਼ੀਲ ਵਿਅਕਤੀ ਨੂੰ ਅੰਕੜਿਆਂ ਦੀ ਬਹੁਤੀ ਲੋੜ ਹੈ ਵੀ ਨਹੀਂ। ਸਮਾਜ ਵਿੱਚ ਵਿਚਰਦੇ ਹੋਏ ਔਰਤਾਂ ਦੀ ਹਾਲਤ ਨੂੰ ਕਾਫ਼ੀ ਹੱਦ ਤੱਕ ਜਾਣਿਆ ਤੇ ਮਹਿਸੂਸ ਕੀਤਾ ਸਕਦਾ ਹੈ। ਔਰਤਾਂ ਖਿਲਾਫ਼ ਜ਼ੁਰਮਾਂ ਬਾਰੇ ਅਸੀਂ ਜੋ ਅੰਕੜੇ ਇੱਥੇ ਦਿੱਤੇ ਹਨ ਇਹ ਭਾਰਤ ਬਾਰੇ ਹਨ। ਪਰ ਔਰਤਾਂ ਨੂੰ ਪੂਰੇ ਸੰਸਾਰ ਵਿੱਚ ਹੀ ਇਹਨਾਂ ਜ਼ੁਰਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਧੁਨਿਕ ਤੋਂ ਆਧੁਨਿਕ ਦੇਸ਼ ਵਿੱਚ ਵੀ ਔਰਤਾਂ ਦੀ ਸਥਿਤੀ ਦੋਮ ਦਰਜੇ ਦੀ ਹੀ ਹੈ ਭਾਵ ਉਹ ਮਰਦ ਪ੍ਰਧਾਨਤਾ ਦਾ ਸ਼ਿਕਾਰ ਹਨ।ਵੱਖ ਵੱਖ ਦੇਸ਼ਾਂ ਦੇ ਸਮਾਜਾਂ ਦੇ ਪਿਛੋਕੜ, ਲੋਕਾਂ ਦੀ ਜਮਹੂਰੀ ਚੇਤਨਾ ਆਦਿ ਵਜੋਂ ਮਰਦ ਪ੍ਰਧਾਨਤਾ ਅਤੇ ਔਰਤਾਂ ਖਿਲਾਫ਼ ਹੁੰਦੇ ਜ਼ੁਰਮਾਂ ਦੇ ਰੂਪਾਂ ਅਤੇ ਪੱਧਰ ਵਿੱਚ ਫਰਕ ਜ਼ਰੂਰ ਆਏ ਹਨ, ਪਰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਔਰਤਾਂ ਅਜ਼ਾਦ ਨਹੀਂ ਹਨ। ਸਮੁੱਚੇ ਸੰਸਾਰ ਵਿੱਚ ਔਰਤਾਂ ਦੀ ਸਥਿਤੀ ਬਾਰੇ ਕੁਝ ਅੰਕੜੇ ਵੀ ਸਾਡੇ ਸਾਹਮਣੇ ਹਨ। ਸਭ ਤੋਂ ਗਰੀਬ 120 ਕਰੋੜ ਲੋਕਾਂ ਵਿੱਚ 70 ਫੀਸਦੀ ਔਰਤਾਂ ਹਨ। ਸੰਸਾਰ ਵਿੱਚ ਕੁੱਲ ਕੀਤੀ ਜਾਂਦੀ ਕਿਰਤ (ਘੰਟਿਆਂ ਵਿੱਚ) ਦਾ 67 ਫੀਸਦੀ ਔਰਤਾਂ ਦੇ ਹਿੱਸੇ ਆਉਦਾ ਹੈ ਪਰ ਕੁਲ ਆਮਦਨ ਵਿੱਚ ਉਹਨਾਂ ਦਾ ਹਿੱਸਾ ਮਹਿਜ 10 ਫੀਸਦੀ ਹੀ ਹੈ। ਸੰਸਾਰ ਦੀ ਕੁੱਲ ਸੰਪੱਤੀ ਵਿੱਚ ਤਾਂ ਉਨ੍ਹਾਂ ਦਾ ਹਿੱਸਾ ਸਿਰਫ਼ 1 ਫੀਸਦੀ ਹੀ ਹੈ। ਸੰਸਾਰ ਵਿੱਚ ਬਿਨਾਂ ਭੁਗਤਾਨ ਤੋਂ ਕੀਤੇ ਜਾਣ ਵਾਲ਼ੇ ਕੰਮ ਦੀ ਕਦਰ ਲਗਭਗ 1600 ਡਾਲਰ ਹੈ ਜਿਸ ਵਿੱਚ ਔਰਤਾਂ ਵੱਲੋਂ ਪਾਇਆ ਜਾਂਦਾ ਹਿੱਸਾ 1100 ਕਰੋੜ ਡਾਲਰ ਹੈ। ਔਰਤਾਂ ਨੂੰ ਮਰਦਾਂ ਨਾਲ਼ੋਂ 30-40 ਫੀਸਦੀ ਘੱਟ ਤਨਖਾਹ ਦਿੱਤੀ ਜਾਂਦੀ ਹੈ। ਇੱਥੇ ਵੀ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਹ ਅੰਕੜੇ ਅਧੂਰੇ ਹਨ ਹਕੀਕਤ ਇਸ ਤੋਂ ਕਿਤੇ ਵੱਧ ਦਿਲ ਕੰਬਾਊ ਹੋਵੇਗੀ।
ਸੋ, ਔਰਤਾਂ ਨੂੰ ਆਪਣੇ ਹੱਕਾਂ, ਅਜ਼ਾਦੀ, ਬਰਾਬਰੀ ਲਈ ਜਾਗਰੂਕ ਹੋਣਾ ਹੋਵੇਗਾ ਅਤੇ ਵੱਡੇ ਪੱਧਰ `ਤੇ ਜੁਝਾਰੂ ਸੰਘਰਸ਼ ਚਲਾਉਣੇ ਹੋਣਗੇ। ਅੱਜ ਸੰਸਾਰ ਵਿੱਚ ਔਰਤਾਂ ਨੂੰ ਜਿਸ ਹੱਦ ਤੱਕ ਵੀ ਹੱਕ ਹਾਸਿਲ ਹਨ ਉਹ ਕਿਸੇ ਨੇ ਤੋਹਫੇ ਵਿੱਚ ਨਹੀਂ ਦਿੱਤੇ ਸਗੋਂ ਸੰਸਾਰ ਭਰ ਵਿੱਚ ਔਰਤਾਂ ਨੇ ਇਹ ਹੱਕ ਲੋਕ ਲਹਿਰਾਂ ਵਿੱਚ ਜੁਝਾਰੂ ਹਿੱਸੇਦਾਰੀ ਕਰਦੇ ਹੋਏ ਅਤੇ ਆਪਣੀਆਂ ਖੁਦਮੁਖਤਾਰੀ ਲਹਿਰਾਂ ਉਸਾਰਨ ਰਾਹੀਂ ਹੀ ਹਾਸਲ ਕੀਤੇ ਹਨ। ਇਹ ਭਾਵੇਂ ਜਗੀਰੂ ਦਾਬਾ ਹੋਵੇ ਜਾਂ ਸਰਮਾਏ ਦਾ ਦਾਬਾ ਔਰਤਾਂ ਨੇ ਇਸ ਤੋਂ ਜਿਸ ਹੱਦ ਤੱਕ ਵੀ ਰਾਹਤ ਹਾਸਲ ਕੀਤੀ ਹੈ ਉਹ ਵਿਆਪਕ ਜਾਗਰੂਕ ਅਤੇ ਜਨਤਕ ਸੰਘਰਸ਼ਾਂ ਰਾਹੀਂ ਹੀ ਹਾਸਲ ਕੀਤੀ ਹੈ।
ਸਮਾਂ ਹੋਲੀ ਹੋਲੀ ਬਦਲ ਰਿਹਾ ਹੈ।21ਵੀਂ ਸਦੀ ਨੇ ਇਸਤਰੀ ਜਾਤੀ ਦੇ ਬੀਤੇ ਸਮੇਂ ਦੀਆਂ ਦੁਸ਼ਵਾਰੀਆਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ ਤੇ ਇਸ ਦੇ ਨਾਲ ਹੀ ਉਸ ਦਾ ਵਰਤਮਾਨ ਦਾ ਸਫ਼ਰ ਬਹੁਤ ਲੰਮਾ, ਕਠਿਨ ਤੇ ਸਬਰ ਵਾਲਾ ਹੈ ।ਬੇਸ਼ੱਕ ਪਹਿਲਾਂ ਨਾਲੋਂ ਔਰਤ ਦੀ ਸਮਾਜਿਕ ਸਥਿਤੀ `ਚ ਕਾਫ਼ੀ ਬਦਲਾਅ ਆਇਆ ਹੈ।ਇਹ ਸ਼ੁਭ ਸੰਕੇਤ ਹੈ ਕਿ ਔਰਤ ਬਰਾਬਰਤਾ ਤੋਂ ਵੀ ਪਾਰ ਜਾ ਕੇ ਹਰੇਕ ਖੇਤਰ `ਚ ਪੁਰਸ਼ ਨਾਲ ਅਗੇਰੇ ਲੰਘ ਰਹੀ ਹੈ।ਇਸ ਪਿੱਛੇ ਉਸ ਦੀ ਹਿੰਮਤ ਕਾਰਜਸ਼ੀਲ ਹੈ। ਵਿਸ਼ਵੀਕਰਨ ਦੇ ਵਰਤਾਰੇ ਤੇ ਸੱਭਿਆਚਾਰ ਦੇ ਪਸਾਰ ਦੇ ਇਸ ਦੌਰ `ਤੇ ਔਰਤ ਦੀ ਅਜੋਕੀ ਸਥਿਤੀ ਦੇ ਪ੍ਰਸੰਗ `ਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮਹੱਤਵ ਨੂੰ ਪਹਿਚਾਨਣ ਦੀ ਲੋੜ ਹੈ।ਇਹ ਦਿਵਸ ਔਰਤ ਦੀ ਸਮਾਜਿਕ, ਆਰਥਿਕ ਸਥਿਤੀ ਦਾ ਲੇਖਾ-ਜੋਖਾ ਕਰਨ ਦੀ ਯਾਦ ਨੂੰ ਤਾਜਾ ਕਰਵਾਉਂਦਾ ਹੈ।ਸਿਰਫ਼ ਦਿਨ ਮਨਾਉਣ ਨਾਲ ਹੀ ਔਰਤ ਨੂੰ ਸਮਾਨਤਾ ਦਾ ਅਧਿਕਾਰ ਨਹੀਂ ਮਿਲੇਗਾ, ਬਲਕਿ ਇਸ ਲਈ ਅਮਲੀ ਤੌਰ `ਤੇ ਯਤਨ ਕਰਨ ਦੀ ਲੋੜ ਹੈ।ਅਸਲ `ਚ ਇਹ ਦਿਨ ਇਸਤਰੀ ਵਰਗ ਨੂੰ ਕਾਨੂੰਨੀ ਰੁਤਬੇ ਅਤੇ ਅਧਿਕਾਰਾਂ ਸਬੰਧੀ ਜਾਣਕਾਰੀ ਦਿੰਦਾ ਹੋਇਆ ਬਰਾਬਰਤਾ ਦੇ ਹੱਕ, ਵਿੱਦਿਆ ਦੀ ਪ੍ਰਾਪਤੀ ਤੇ ਆਰਥਿਕ ਤੌਰ `ਤੇ ਆਪਣੇ ਪੈਰਾਂ `ਤੇ ਖੜ੍ਹੇ ਹੋਣ ਲਈ ਜੂਝਣ ਦਾ ਸੱਦਾ ਦਿੰਦਾ ਹੈ।ਸਾਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ ਧੀਆਂ ਦੀ ਪੜ੍ਹਾਈ ਨੂੰ ਵੀ ਪੁੱਤਰਾਂ ਦੀ ਪੜ੍ਹਾਈ ਜਿੰਨਾ ਮਹੱਤਵ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਪਰਿਵਾਰ `ਤੇ ਬੋਝ ਨਾ ਸਮਝਿਆ ਜਾਵੇ।

Vijay Gupta

 

 

 

 
ਵਿਜੈ ਗੁਪਤਾ

ਸ. ਸ. ਅਧਿਆਪਕ
ਸ.ਹ.ਸ. ਚੁਵਾੜਿਆਂ ਵਾਲੀ (ਫਾਜ਼ਿਲਕਾ)
ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply