ਫਾਜ਼ਿਲਕਾ, 16 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) ਕੁੱਝ ਦਿਨ ਪਹਿਲਾਂ ਫਾਜ਼ਿਲਕਾ ਦੀ ਓਡਾਂਵਾਲੀ ਬਸਤੀ ’ਚ ਹੋਏ ਅੰਨ੍ਹੇ ਕਤਲ ਦੇ ਮਾਮਲੇ ’ਚ ਥਾਣਾ ਸਿਟੀ ਪੁਲਸ ਨੇ ਮ੍ਰਿਤਕ ਦੇ ਗੁਆਂਢੀ ਨੂੰ ਗ੍ਰਿਫਤਾਰ ਕਰ ਲਿਆ ਹੈ।ਅੱਜ ਸਥਾਨਕ ਥਾਨਾ ਸਿਟੀ ’ਚ ਹੋਈ ਪ੍ਰੈਸ ਕਾਨਫਰੈਂਸ ਵਿਚ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਜ਼ਿਲਾ ਦੇ ਐਸ.ਪੀ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਮਹੀਨੇ ਦੀ 6 ਮਾਰਚ ਨੂੰ ਉਡਾਂਵਾਲੀ ਬਸਤੀ ਫਾਜ਼ਿਲਕਾ ਵਿਚ ਸੂਰਜ ਕੁਮਾਰ ਦੇ ਭਰਾ ਹੈਪੀ ਕੁਮਾਰ ਨੇ ਥਾਨਾ ਸਿਟੀ ਪੁਲਸ ਵਿਚ ਰਿਪੋਰਟ ਦਰਜ਼ ਕਰਵਾਈ ਸੀ ਕਿ ਉਹ ਆਪਣੀ ਮਾਤਾ ਅਤੇ ਭੈਣ ਦੇ ਨਾਲ 4 ਮਾਰਚ ਨੂੰ ਮੋਗਾ ਵਿਚ ਆਪਣੀ ਭੈਣ ਨੂੰ ਮਿਲਣ ਲਈ ਗਏ ਸਨ। ਪਿੱਛੇ ਉਸ ਦਾ ਭਰਾ ਸੂਰਜ ਕੁਮਾਰ ਘਰ ’ਚ ਇੱਕਲਾ ਸੀ। ਜਦੋਂ ਉਹ 6 ਮਾਰਚ ਨੂੰ ਵਾਪਸ ਘਰ ਆਏ ਤਾਂ ਵੇਖਿਆ ਕਿ ਕਮਰੇ ਵਿਚ ਸੂਰਜ ਕੁਮਾਰ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਸੀ ਜਿਸਦੇ ਸ਼ਰੀਰ ਤੇ ਸੱਟਾਂ ਦੇ ਨਿਸ਼ਾਨ ਵਿਖਾਈ ਦੇ ਰਹੇ ਸਨ।ਜਿਸ `ਤੇ ਪੁਲਿਸ ਨੇ ਹੈਪੀ ਕੁਮਾਰ ਦੇ ਬਿਆਨ `ਤੇ ਅਣਪਛਾਤੇ ਆਦਮੀਆਂ ਖਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਅੰਨ੍ਹੇ ਕਤਲ ਦੇ ਮਾਮਲੇ ਨੂੰ ਹੱਲ ਕਰਨ ਦੇ ਲਈ ਫਾਜ਼ਿਲਕਾ ਦੇ ਐਸ.ਐਸ.ਪੀ ਕੇਤਨ ਬਲੀਰਾਮ ਪਾਟਿਲ ਨੇ ਫਾਜ਼ਿਲਕਾ ਦੇ ਡੀਐਸਪੀ ਸੁਬੇਗ ਸਿੰਘ, ਸੀ.ਆਈ.ਏ ਸਟਾਫ ਦੇ ਇੰਚਾਰਜ ਵਜੀਰ ਚੰਦ ਅਤੇ ਥਾਨਾ ਇੰਚਾਰਜ ਸੁਰੇਸ਼ ਕੁਮਾਰ ਦੀ ਟੀਮ ਬਣਾਈ। ਜਾਂਚ ਪੜਤਾਲ ਦੋਰਾਨ ਟੀਮ ਨੇ ਇਸ ਮਾਮਲੇ ਵਿਚ ਮ੍ਰਿਤਕ ਸੂਰਜ ਕੁਮਾਰ ਦੇ ਗੁਆਂਢੀ ਨੋਜਵਾਨ ਹਰਜਿੰਦਰ ਸਿੰਘ ਨੂੰ ਸ਼ੱਕੀ ਪਾਇਆ ਜੋਕਿ ਵਾਰਦਾਤ ਵਾਲੇ ਦਿਨ ਮਗਰੋਂ ਘਰੋਂ ਗਾਇਬ ਸੀ। ਪੁਲਿਸ ਨੇ ਬੀਤੇ ਦਿਨ ਹਰਜਿੰਦਰ ਸਿੰਘ ਸੰਜੀਵ ਸਿਨੇਮਾ ਫਾਜ਼ਿਲਕਾ ਦੇ ਨੇੜਿੳ ਫੜ ਲਿਆ।ਮੁਢਲੀ ਜਾਂਚ ਪੜਤਾਲ ਦੋਰਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ 4 ਮਾਰਚ ਨੂੰ ਉਸ ਨੇ ਸੂਰਜ ਕੁਮਾਰ ਨੂੰ ਆਪਣੇ ਘਰ ਦੇ ਬਾਹਰ ਕਿਸੇ ਵਿਅਕਤੀ ਦੇ ਸਾਹਮਣੇ ਆਪਣੇ ਪਿਤਾ ਦੇ ਚਰਿਤਰ ਬਾਰੇ ਮਾੜਾ ਹੋਣ ਦੀ ਗੱਲ ਕਹਿੰਦੇ ਸੁਣ ਲਿਆ ਸੀ।ਜਿਸ ਨੂੰ ਉਹ ਸਹਿਣ ਨਹੀਂ ਕਰ ਸਕਿਆ ਅਤੇ ਅਪਣੇ ਘਰ ਵਿਚ ਪਈ ਲੋਹੇ ਦੀ ਕਿਰਚ ਅਤੇ ਸੂਏ ਨਾਲ ਸੂਰਜ ਕੁਮਾਰ ਦੇ ਘਰ ਜਾ ਕੇ ਉਸ ਦਾ ਕਤਲ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਨੋਜਵਾਨ ਵਲੋਂ ਵਰਤੀ ਕਿਰਚ, ਸੂੁਆ ਅਤੇ ਖੁੂਨ ਨਾਲ ਭਰੇ ਕਪੜੇ ਬਰਾਮਦ ਕਰ ਲਏ ਹਨ।ਇਸ ਮੌਕੇ ਫਾਜ਼ਿਲਕਾ ਦੇ ਡੀ.ਐਸ.ਪੀ ਸੁਬੇਗ ਸਿੰਘ ਅਤੇ ਥਾਣਾ ਸਿਟੀ ਦੇ ਕਾਰਜਕਾਰੀ ਇੰਚਾਰਜ਼ ਸੁਰੇਸ਼ ਕੁਮਾਰ ਮਨਚੰਦਾ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media