ਕੱਥੂਨੰਗਲ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਾਝੇ ’ਚ ਲੋਕਾਂ ਅਤੇ ਪਾਰਟੀ ਦੇ ਕਿਸੇ ਵੀ ਵਰਕਰ ਨਾਲ ਸਿਆਸੀ ਰੰਜਿਸ਼ ਨੂੰ ਲੈ ਕੇ ਧੱਕਾ ਜਾਂ ਬੇਇਨਸਾਫ਼ੀ ਹੋਈ ਤਾਂ ਪਹਿਲਾਂ ਉਸ ਸੰਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਜੇ ਫਿਰ ਵੀ ਇਨਸਾਫ਼ ਨਾ ਮਿਲਿਆ ਤਾਂ ਕਾਨੂੰਨੀ ਚਾਰਾਜੋਈ ਲਈ ਉਹਨਾਂ ਕੇਸਾਂ ਨੂੰ ਆਪ ਲੜਦਿਆਂ ਉੱਚ ਅਦਾਲਤਾਂ ਤੱਕ ਲੈ ਕੇ ਜਾਇਆ ਜਾਵੇਗਾ ਅਤੇ ਲੋਕਾਂ ਨੂੰ ਹਰ ਹਾਲ ਵਿੱਚ ਇਨਸਾਫ਼ ਦਿਵਾਇਆ ਜਾਵੇਗਾ।
ਮਜੀਠੀਆ ਹਲਕਾ ਮਜੀਠਾ ਦੇ ਪਿੰਡ ਰੂਪੋਵਾਲੀ ਕਲਾਂ ਵਿਖੇ ਦੌਰਾ ਕਰਦਿਆਂ ਲੋਕਾਂ ਦਾ ਧੰਨਵਾਦ ਕਰਨ ਆਏ ਸਨ ਨੇ ਇਹ ਵੀ ਕਿਹਾ ਕਿ ਉਕਤ ਕਿਸਮ ਦੇ ਰਿਟਾਂ ਵਿੱਚ ਉਹ ਅਧਿਕਾਰੀ ਜੋ ਗਲਤ ਕੰਮ ਜਾਂ ਵਧੀਕੀਆਂ ਲਈ ਜ਼ਿੰਮੇਵਾਰ ਹੋਣਗੇ, ਨੂੰ ਵੀ ਨਿਸ਼ਾਨੇ ’ਤੇ ਰੱਖਿਆ ਜਾਵੇਗਾ।ਉਹਨਾਂ ਕਿਹਾ ਕਿ ਸਰਕਾਰ ਧੱਕੇਸ਼ਾਹੀ ਜਾਂ ਵਿਰੋਧੀਆਂ ’ਤੇ ਸਿਆਸੀ ਰੰਜਿਸ਼ ਅਤੇ ਬਦਲਾਖੋਰੀ ਅਧੀਨ ਝੂਠੇ ਕੇਸ ਦਰਜ ਕਰਨ ਦੀ ਥਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਹਨ ਉਹਨਾਂ ਨੂੰ ਪੂਰਿਆਂ ਕਰਨ ਅਤੇ ਉੱਸਾਰੂ ਕੰਮਾਂ ਵਲ ਧਿਆਨ ਦੇਵੇ।ਮਜੀਠੀਆ ਨੇ ਕਿਸਾਨ ਖੁਦਕੁਸ਼ੀਆਂ ਦੀ ਵਧ ਰਹੀ ਸੰਖਿਆ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੇ ਬਣਨ ਦੇ ਇੱਕ ਮਹੀਨੇ ਦੌਰਾਨ ਹੀ ਦੋ ਦਰਜਨ ਤੋ ਵੱਧ ਕਿਸਾਨਾਂ ਵੱਲੋਂ ਖੁਦਕੁਸ਼ੀ ਦੇ ਰਾਹ ਪੈਣਾ ਸਮਾਜ ਅਤੇ ਰਾਜ ਲਈ ਚਿੰਤਾ ਦਾ ਵਿਸ਼ਾ ਹੈ।ਉਹਨਾਂ ਕਿਹਾ ਕਿ ਜੇ ਯੂ.ਪੀ ਵਿੱਚ ਪਹਿਲੀ ਕੈਬਨਿਟ ਮੀਟਿੰਗ ਦੌਰਾਨ ਕਰਜ਼ਾ ਮੁਆਫ਼ੀ ਦਾ ਫੈਸਲਾ ਹੋ ਸਕਦਾ ਹੈ ਤਾਂ ਪੰਜਾਬ ਵਿੱਚ ਕਿਊ ਨਹੀਂ ਕੀਤੀ ਗਿਆ।ਜਦ ਕਿ ਕਾਂਗਰਸ ਵੱਲੋਂ ਸਭ ਹਾਲਤ ਪ੍ਰਤੀ ਜਾਣਦਿਆਂ ਵੀ ਚੋਣਾਂ ਦੌਰਾਨ ਕਰਜ਼ਾ ਮੁਆਫ਼ੀ ਨੂੰ ਪੂਰੇ ਜ਼ੋਰ ਨਾਲ ਪ੍ਰਚਾਰਿਆ ਗਿਆ ਸੀ।ਕੀ ਉਹ ਸਭ ਕੁੱਝ ਸਿਰਫ਼ ਵੋਟਾਂ ਬਟੋਰਨ ਲਈ ਹੀ ਸਨ?
ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋ ਰਹੀ ਹੈ। ਉਸ ਵੱਲੋਂ ਕੀਤੇ ਜਾ ਰਹੇ ਐਲਾਨ ਮਹਿਜ਼ ਫੋਕੇ ਐਲਾਨ ਹੀ ਬਣਦੇ ਜਾ ਰਹੇ ਹਨ ਜਿਸ ਉੱਤੇ ਅਮਲੀ ਜਾਮਾ ਪਹਿਨਾਉਣਾ ਕਾਂਗਰਸ ਲਈ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਕਹਾਵਤ ਨੂੰ ਸਿੱਧ ਕਰ ਰਿਹਾ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕੋਈ ਵੀ ਉਸਾਰੂ ਕਦਮ ਉਠਾਉਣ ਦੀ ਥਾਂ ਹਰ ਮੁੱਦੇ ’ਤੇ ’’ਰਿਵਿਊ’’ ਸ਼ਬਦ ਦਾ ਫੰਦਾ ਇਸਤੇਮਾਲ ਕਰ ਰਹੀ ਹੈ, ਜੋ ਕਿ ਕਿਸੇ ਵੀ ਮੁੱਦੇ ਨੂੰ ਠੰਢੇ ਬਸਤੇ ਵਿੱਚ ਪਾ ਦੇਣ ਲਈ ਇੱਕ ਵਧੀਆ ਬਹਾਨਾ ਸਿੱਧ ਹੋ ਰਿਹਾ ਹੈ।ਉਹਨਾਂ ਕਿਹਾ ਕਿ ਹਰ ਹਾਲ ਵਿੱਚ ਲੋਕਾਂ ਨੂੰ ਬਣਦਾ ਹੱਕ ਦਿਵਾਇਆ ਜਾਵੇਗਾ।ਇਸ ਮੌਕੇ ਮੇਜਰ ਸ਼ਿਵੀ, ਤਲਬੀਰ ਗਿੱਲ,ਸਰਪੰਚ ਸਵਿੰਦਰ ਸਿੰਘ ਰੂਪੋਵਾਲੀ ਕਲਾਂ, ਸਰਪੰਚ ਹਰਜਿੰਦਰ ਸਿੰਘ ਰੂਪੋਵਾਲੀ ਖੁਰਦ, ਸ਼ਰਨਬੀਰ ਸਿੰਘ ਸਾਬਕਾ ਸਰਪੰਚ, ਸਾਬਕਾ ਸਰਪੰਚ ਬਲਬੀਰ ਸਿੰਘ, ਐਡਵੋਕੇਟ ਕਰਮਜੀਤ ਸਿੰਘ, ਸੁਖਜਿੰਦਰ ਸਿੰਘ ਹੈਪੀ, ਤੇਜਵਿੰਦਰ ਸਿੰਘ, ਸੁਚਾ ਸਿੰਘ, ਹਰਪਾਲ ਸਿੰਘ, ਅਵਤਾਰ ਸਿੰਘ, ਗੁਰਵਰਿਆਮ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ ਪਹਿਲਵਾਨ, ਮਾਸਟਰ ਕੁਲਵਿੰਦਰ ਸਿੰਘ, ਰਾਜਵਿੰਦਰ ਕੌਰ, ਮੈਡਮ ਕੋਮਲ, ਸੁਲਖਣ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media