Saturday, March 21, 2026

ਖ਼ਾਲਸਾ ਕਾਲਜ ਵਿਖੇ 2 ਮਈ ਦੀ ਪ੍ਰੀਖਿਆ ਰੱਦ, 8 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਹੋਣਗੇ ਪ੍ਰਭਾਵਿਤ

PPN0105201722 ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ 2 ਮਈ ਨੂੰ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਅੱਜ ਅਗਲੇ ਹੁਕਮ ਤੱਕ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਪ੍ਰੀਖਿਆ ਦੇਣ ਵਾਲੇ 8 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਪ੍ਰਭਾਵਿਤ ਹੋਣਗੇ। ਇਸ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ  ਸੱਤਿਆਜੀਤ ਸਿੰਘ ਮਜੀਠੀਆ ਨੇ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਮੌਕੇ ਜਾਣਕਾਰੀ ਦਿੰਦਿਆ ਕਿਹਾ ਕਿ ਬੜੇ ਅਫ਼ਸੋਸ ਨਾਲ ਮੈਨੇਜ਼ਮੈਂਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਕਿਉਂਕਿ ਲਗਾਤਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸ਼ਨ ਵਿਦਿਆਰਥੀਆਂ ਵੱਲੋਂ ਜਾਰੀ ਧਰਨੇ ਅਤੇ ਪੂਰੇ ਕੈਂਪਸ ਦੀ ਨਜ਼ਰਬੰਦੀ ਨੂੰ ਹਟਾਉਣ ’ਚ ਅਸਫ਼ਲ ਰਹੀ ਹੈ।
ਉਨ੍ਹਾਂ ਨੇ ਦਫਤਰੀ ਅਹੁੱਦੇਦਾਰਾਂ ਜਿਨ੍ਹਾਂ ਕੌਂਸਲ ਦੇ ਆਨਰੇਰੀ ਸਕੱਤਰ  ਰਜਿੰਦਰ ਮੋਹਨ ਸਿੰਘ ਛੀਨਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ, ਦੀ ਮੌਜ਼ੂਦਗੀ ’ਚ  ਮਜੀਠੀਆ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸ਼ਾਜਿਸ਼ ਤਹਿਤ ਗੁੰਮਰਾਹ ਕਰਕੇ ਕਾਲਜ ਦੇ ਹੋਂਦ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਆਪਣੇ ਬੱਚੇ ਨੂੰ ਪੜ੍ਹਣ ਲਈ ਕਾਲਜ ’ਚ ਭੇਜਦੇ ਹਨ ਕਿ ਉਸਦਾ ਬੱਚਾ ਪੜ੍ਹ-ਲਿਖ ਕੇ ਕਮਾਉਣ ਜੋਗਾ ਹੋ ਜਾਵੇਗਾ ਅਤੇ ਕੁਲ ਨੂੰ ਅਗਾਂਹ ਤੋਰੇਗਾ ਪਰ ਜੇਕਰ ਉਨ੍ਹਾਂ ਦਾ ਬੱਚਾ ਖੁਦਕਸ਼ੀ ਵਰਗਾ ਕਦਮ ਉਚ ਲਵੇਗਾ ਤਾਂ ਉਸਦੇ ਮਾਪਿਆਂ ’ਤੇ ਕੀ ਬਿਤੇਗੀ ਉਹ ਸਮਝ ਸਕਦੇ ਹਨ। ਉਨ੍ਹਾਂ ਨੇ ਸਰਕਾਰ ਪਾਸੋਂ ਬੀਤੇ ਦਿਨੀਂ ਐਗਰੀਕਲਚਰ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਖੁਦਕਸ਼ੀ ਉਪਰੰਤ ਉਪਜੇ ਮਸਲੇ ਨੂੰ ਜਲਦ ਹੱਲ ਕਰਵਾਉਣ ਦੀ ਅਪੀਲ ਕੀਤੀ। PPN0105201723
ਪੱਤਰਕਾਰਾਂ ਦੁਆਰਾ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ  ਮਜੀਠੀਆਅ ਨੇ ਕਿਹਾ ਕਿ ਪ੍ਰਿੰਸੀਪਲ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਦਵਿੰਦਰ ਸਿੰਘ ਅਤੇ ਖੇਤੀਬਾੜੀ ਵਿਭਾਗ ਦੀ ਮੁੱਖੀ ਡਾ. ਰਣਦੀਪ ਕੌਰ ਬੱਲ ਨੇ ਯੂਨੀਵਰਸਿਟੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਹੀ ਉਪਰੋਕਤ ਵਿਦਿਆਰਥੀ ਦਾ ਨਾਮ ਉਨ੍ਹਾਂ ਵਿਦਿਆਰਥੀਆਂ ਦੀ ਸੂਚੀ ’ਚ ਰੱਖਿਆ ਸੀ ਜਿਨ੍ਹਾਂ ਦੇ ਲੈਕਚਰ ਘੱਟ ਸਨ। ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਦੇ ਪਿਛਲੇ ਸਮੈਸਟਰ ’ਚ ਬਹੁਤ ਸਾਰੇ ਵਿਸ਼ਿਆਂ ’ਚ ਹਾਜ਼ਰੀ ਜ਼ੀਰੋ ਫ਼ੀਸਦੀ ਸੀ ਅਤੇ ਕਾਲਜ ਵਿਖੇ ਪੜ੍ਹਣ ਰਹੇ 7300 ਵਿਦਿਆਰਥੀਆਂ ’ਚੋਂ ਕੁਲ 160 ਦੇ ਕਰੀਬ ਵਿਦਿਆਰਥੀਆਂ ਦੀ ਹਾਜ਼ਰੀ ਨਾਮਾਤਰ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਗ੍ਰੈਜ਼ੂਏਟ, ਪੋਸਟ ਗ੍ਰੈਜ਼ੂਏਟ ਅਤੇ ਐਮ. ਫ਼ਿਲ ਦੇ ਇਮਤਿਹਾਨ ਮੁਲਤਵੀਂ ਕੀਤੇ ਗਏ ਹਨ।
ਉਨ੍ਹਾਂ ਮਸਲੇ ਸਬੰਧੀ ਧਰਨੇ ਲਗਾ ਕੇ ਬੈਠੇ ਵਿਦਿਆਰਥੀਆਂ ਨੂੰ ਸਮਝਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਲਜ ਵਿਖੇ ਵਾਪਰੇ ਹਾਦਸੇ ਦਾ ਬਹੁਤ ਅਫ਼ਸੋਸ ਹੈ, ਪਰ ਹਰੇਕ ਮਸਲਾ ਦਾ ਹੱਲ ਧਰਨਾ ਨਹੀਂ ਹੁੰਦਾ, ਸਥਿਤੀ ਨੂੰ ਆਪਸ ’ਚ ਮਿਲ-ਬੈਠ ਕੇ ਵੀ ਹੱਲ ਕੀਤਾ ਜਾ ਸਕਦਾ ਹੈ।  ਮਜੀਠੀਆ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਡੀ. ਜੀ. ਪੀ., ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਤੇ ਹੋਰਨਾਂ ਉਚ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਰਿਕਾਰਡ ਕੈਂਪਸ ਅੰਦਰ ਹਨ ਅਤੇ ਪੁਲਿਸ ਅਜੇ ਤੱਕ ਕਾਲਜ ਸਟਾਫ਼ ਨੂੰ ਇਸ ਤੱਕ ਪਹੁੰਚਾਉਣ ਲਈ ਨਾਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੋਂ ਪੁਲਿਸ ਦੁਆਰਾ ਸਥਾਪਿਤ ਸਪੈਸ਼ਲ ਇੰਨਵੈਸਟੀਗੇਸ਼ਨ ਨੇ ਵੀ ਆਪਣੇ ਜਾਂਚ ਪੂਰੀ ਤਰ੍ਹਾਂ ਸ਼ੁਰੂ ਨਹੀਂ ਕੀਤੀ ਹੈ। ਪਰ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਪੁਲਿਸ ਪ੍ਰਸ਼ਾਸ਼ਨ ਅਤੇ ਕਾਲਜ ਮੈਨੇਜ਼ਮੈਂਟ ’ਚ ਨਿਰਪੱਖਤਾ ਨਾਲ ਜਾਂਚ ਕਰਕੇ ਸੱਚਾਈ ਨੂੰ ਸਾਹਮਣੇ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਕਾਲਜ ਮੈਨੇਜ਼ਮੈਂਟ ਨੇ ਵੀ ਆਪਣੀ 4 ਮੈਂਬਰੀ ਕਮੇਟੀ ਤਾਇਨਾਤ ਕੀਤੀ ਹੈ, ਜਿਸ ਨੇ ਇਨਕੁਆਰੀ ਆਰੰਭੀ ਹੋਈ ਹੈ ਅਤੇ ਘਟਨਾ ਸਬੰਧੀ ਹਰੇਕ ਪਹਿਲੂ ਦੀ ਪਰਖ ਕੀਤੀ ਜਾ ਰਹੀ ਹੈ। ਉਨ੍ਹਾਂ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ। ਕਿਉਂਕਿ ਇਹ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦਾ ਸਵਾਲ ਹੈ।

ਇਸ ਦੌਰਾਨ  ਛੀਨਾ ਨੇ ਕਿਹਾ ਕਿ ਇਮਤਿਹਾਨਾਂ ਨੂੰ ਰੱਦ ਕਰਨਾ ਬਹੁਤ ਦੁਖਦਾਈ ਫੈਸਲਾ ਹੈ ਪਰ ਮੌਜ਼ੂਦਾ ਹਾਲਾਤਾਂ ਮੁਤਾਬਕ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਚੁੱਕਨਾ ’ਚ ਆਏ ਵਿਦਿਆਰਥੀਆਂ ਨੂੰ ਜਿੱਥੇ ਆਪਣੇ ਭਵਿੱਖ ਦੀ ਪ੍ਰਵਾਹ ਨਹੀਂ ਹੈ, ਉਥੇ ਉਨ੍ਹਾਂ ਹੋਰਨਾਂ ਕਾਬਲ ਵਿਦਿਆਰਥੀਆਂ ਦੀ ਸੁਨਿਹਰੀ ਜ਼ਿੰਦਗੀ ਨੂੰ ਵੀ ਦਾਅ ’ਤੇ ਲਗਾ ਦਿੱਤਾ ਹੈ, ਜੋ ਕਿ ਅਤਿ ਨਿੰਦਨਯੋਗ ਕਾਰਾ ਹੈ।ਇਸ ਮੀਟਿੰਗ ਮੌਕੇ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਗੁਨਬੀਰ ਸਿੰਘ, ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਨ, ਰਾਜਬੀਰ ਸਿੰਘ, ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਪ੍ਰਿੰ: ਡਾ. ਅਮਰਪਾਲ ਸਿੰਘ ਆਦਿ ਮੌਜ਼ੂਦ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply