ਨਵੀਂ ਦਿੱਲੀ, 27 ਜੂਨ (ਅੰਮ੍ਰਿਤ ਲਾਲ ਮੰਨਣ)- ਤਿਹਾੜ ਜੇਲ ‘ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਭੈਣ ਮਨਪ੍ਰੀਤ ਕੌਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਦਿੱਲੀ ਕਮੇਟੀ ਵੱਲੋਂ ਭਾਈ ਹਵਾਰਾ ਦੇ ਇਲਾਜ ਅਤੇ ਜੇਲ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਕਦਮ ਚੁੱਕੇ ਗਏ ਹਨ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ, ਦਿੱਲੀ ਦੇ ਉਪਰਾਜਪਾਲ, ਤਿਹਾੜ ਜੇਲ ਦੇ ਡਾਇਰੈਕਟਰ ਜਨਰਲ ਅਤੇ ਕੌਮੀ ਮਨੁੱਖੀ ਅਧਿਕਾਰ ਕਮੀਸ਼ਨ ਨੂੰ ਲਿੱਖੇ ਆਪਣੇ ਪੱਤਰ ‘ਚ ਭਾਈ ਹਵਾਰਾ ਨੂੰ ਜਰੂਰੀ ਇਲਾਜ ਦੀਆਂ ਸੁਵਿਧਾਵਾਂ ਉਪਲਬੱਧ ਕਰਵਾਉਣ ਦੇ ਨਾਲ ਹੀ ਦੋਸ਼ੀ ਜੇਲ ਅਧਿਕਾਰੀਆਂ ਖਿਲਾਫ ਕਰੜੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।
ਬੀਬੀ ਮਨਪ੍ਰੀਤ ਕੌਰ ਵੱਲੋਂ 16 ਜੂਨ ਨੂੰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਦਿੱਲੀ ਕਮੇਟੀ ਵੱਲੋਂ 19 ਮਈ ਨੂੰ ਉਪਰਾਜਪਾਲ ਅਤੇ 25 ਮਈ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਸ ਮਸਲੇ ਤੇ ਤੁਰੰਤ ਕਾਰਵਾਈ ਕਰਨ ਲਈ ਬੇਨਤੀ ਕੀਤੀ ਗਈ ਹੈ। ਭਾਈ ਹਵਾਰਾ ਦੀ ਕਮਰ ‘ਚ ਦਰਦ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੇ ਆਧਾਰ ਤੇ ਚੰਗੇ ਇਲਾਜ ਦੀ ਸੁਵਿਧਾਵਾਂ ਦੇਣ ਦੀ ਅਪੀਲ ਕੀਤੀ ਹੈ। ਏਮਸ ਦੇ ਓਰਥੋ ਵਿਭਾਗ ‘ਚ ਭਾਈ ਹਵਾਰਾ ਦੇ ਇਲਾਜ ਦੀ ਸਲਾਹ ਦਿੰਦੇ ਹੋਏ ਜੀ.ਕੇ. ਨੇ ਉਨ੍ਹਾਂ ਦੀ ਸੇਹਤ ਨਾ ਠੀਕ ਹੋਣ ਤਕ ਪੂਰੀ ਡਾਕਟਰੀ ਸੁਵਿਧਾਵਾਂ ਦੇਣ ਦੀ ਮੰਗ ਵੀ ਕੀਤੀ ਹੈ। ਤਿਹਾੜ ਜੇਲ ਦੇ ਅਧਿਕਾਰੀਆਂ ਵੱਲੋਂ ਬਾਰ-ਬਾਰ ਅਪੀਲ ਦੇ ਬਾਵਜੂਦ ਭਾਈ ਹਵਾਰਾ ਨੂੰ ਇਲਾਜ ਦੀ ਸੁਵਿਧਾਵਾਂ ਨਾ ਦੇਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਗ੍ਰਹਿ ਮੰਤਰੀ ਨੂੰ ਤਿਹਾੜ ਜੇਲ ਦੇ ਅਧਿਕਾਰੀਆਂ ਦੇ ਖਿਲਾਫ ਆਪਣੀ ਡਿਉਟੀ ‘ਚ ਕੋਤਾਹੀ ਵਰਤਨ ਦੇ ਦੋਸ਼ਾਂ ਤਹਿਤ ਬਣਦੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਦੀ ਲੀਗਲ ਐਕਸ਼ਨ ਕਮੇਟੀ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਕਮੇਟੀ ਦੀ ਸਟੈਂਡਿੰਗ ਕਾਉਂਸਿਲ ਦੇ ਵਕੀਲ ਜਸਮੀਤ ਸਿੰਘ ਵੱਲੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਾਸਤੇ ਦਿੱਲੀ ਹਾਈ ਕੋਰਟ ‘ਚ ਕਾਨੂੰਨੀ ਕਾਰਵਾਈ ਦੀ ਵੀ ਤਿਆਰੀ ਸ਼ੁਰੂ ਕਰ ਲਈ ਗਈ ਹੈ, ਤਾਂਕਿ ਭਵਿੱਖ ‘ਚ ਕਿਸੇ ਕੈਦੀ ਨੂੰ ਜੇਲ ਪ੍ਰਸ਼ਾਸਨ ਵੱਲੋਂ ਪਰੇਸ਼ਾਨੀ ਨਾ ਝਲਨੀ ਪਵੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …