ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੀ.ਬੀ.ਐਸ.ਈ ਦੇ ਚੇਅਰਮੈਨ ਸ੍ਰੀ ਰਕੇਸ਼ ਕੁਮਾਰ ਚਤੁਰਵੇਦੀ ਨੂੰ ਇੱਕ ਪੱਤਰ ਲਿਖ ਕੇ ਐਨ.ਈ.ਈ.ਟੀ (ਨੀਟ) ਪ੍ਰੀਖਿਆ ਵਿਚ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀਆਂ ਨੂੰ ਕਿਰਪਾਨ ਤੇ ਕੜੇ ਸਮੇਤ ਬੈਠਣ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।ਇਸ ਸਬੰਧੀ ਲਿਖੇ ਗਏ ਪੱਤਰ ਵਿਚ ਉਨ੍ਹਾਂ ਇਤਰਾਜ ਜਿਤਾਉਂਦਿਆਂ ਲਿਖਿਆ ਹੈ ਕਿ ਪਿਛਲੀ ਵਾਰ ਸੀ.ਬੀ.ਐਸ.ਈ. ਵੱਲੋਂ ਲਈ ਗਈ ਨੀਟ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜਾ ਤੇ ਕਿਰਪਾਨ ਪਹਿਨ ਕੇ ਬੈਠਣ ਤੋਂ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਇਸ ਵਾਰ ਵੀ ਨੀਟ ਪ੍ਰੀਖਿਆ 7 ਮਈ ਨੂੰ ਦੇਸ਼ ਭਰ ਵਿਚ ਹੋ ਰਹੀ ਹੈ।ਇਸ ਲਈ ਇਸ ਨਾਜੁਕ ਧਾਰਮਿਕ ਮਸਲੇ ਵੱਲ ਧਿਆਨ ਦਿੰਦਿਆਂ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੇ ਕੱਕਾਰਾਂ ਸਮੇਤ ਪ੍ਰੀਖਿਆ ਵਿਚ ਬੈਠਣ ਨੂੰ ਯਕੀਨੀ ਬਣਾਉਣ ਸਬੰਧੀ ਪ੍ਰੀਖਿਆ ਕੇਂਦਰਾਂ ਨੂੰ ਤੁਰੰਤ ਆਦੇਸ਼ ਜਾਰੀ ਕੀਤੇ ਜਾਣ।
ਉਨ੍ਹਾਂ ਲਿਖਿਆ ਹੈ ਕਿ ਸਿੱਖ ਕੱਕਾਰਾਂ ਦਾ ਹਿੱਸਾ ਕਿਰਪਾਨ ਤੇ ਕੜਾ ਸਿੱਖਾਂ ਦੀ ਧਾਰਮਿਕ ਪਛਾਣ ਵਜੋਂ ਮਾਨਤਾ ਰੱਖਦੇ ਹਨ।ਪ੍ਰੋ. ਬਡੂੰਗਰ ਨੇ ਸਿੱਖ ਮਰਯਾਦਾ ਦਾ ਹਵਾਲਾ ਦਿੰਦੇ ਸ੍ਰੀ ਰਕੇਸ਼ ਕੁਮਾਰ ਚਤੁਰਵੇਦੀ ਨੂੰ ਕਿਹਾ ਕਿ ਹਰ ਅੰਮ੍ਰਿਤਧਾਰੀ ਸਿੱਖ ਲਈ ਕੱਕਾਰ ਪਹਿਨਣੇ ਲਾਜ਼ਮੀ ਹਨ ਕਿਉਂਕਿ ਇਹ ਸਿੱਖਾਂ ਦੇ ਧਾਰਮਿਕ ਚਿੰਨ੍ਹ ਹਨ। ਇਸੇ ਲਈ ਸਿੱਖ ਆਪਣੇ ਕੱਕਾਰਾਂ ਨੂੰ ਸਦਾ ਅੰਗ-ਸੰਗ ਰੱਖਦੇ ਹਨ।ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤੇ ਸਿੱਖਾਂ ਨੂੰ ਇਨ੍ਹਾਂ ਧਾਰਮਿਕ ਚਿਨ੍ਹਾਂ ਨੂੰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜਦੀ ਹੈ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media