ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਥਾਣਾ ਮਜੀਠਾ ਵਿੱਚ ਜਿਸ ਤਰੀਕੇ ਨਾਲ ਫੜੇ ਹੋਏ ਗੈਗਰਸਟਰਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਗੈਗਸਟਰਾਂ ਅੱਗੇ ਕਾਂਗਰਸ ਦੇ ਦਬਾਅ ਹੇਠ ਪੁਲੀਸ ਢਿੱਲੀ ਪੈ ਗਈ ਹੈ। ਪੁਲੀਸ ਦੀ ਕਾਰਗੁਜ਼ਾਰੀ ਪੂਰੀ ਤਰਾਂ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ ਕਿ ਮਿਲੀ ਭੁਗਤ ਨਾਲ ਮਾਹੌਲ ਵਿਗਾੜਨ ਦੇ ਹਾਲਾਤ ਬਣ ਰਹੇ ਹਨ। ਮਾਹੌਲ ਵਿਗਾੜਨ ਵਾਲੇ ਕੋਈ ਹੋਰ ਨਹੀਂ ਸਗੋਂ ਲੋਕਾਂ ਦੀ ਕਚਹਿਰੀ ’ਚ ਕਈ ਵਾਰ ਵੋਟਾਂ ਰਾਹੀ ਨਕਾਰੇ ਗਏ ਕਾਂਗਰਸ ਆਗੂ ਹਨ, ਜਿਨ੍ਹਾਂ ਦੇ ਇਸ਼ਾਰਿਆਂ ’ਤੇ ਇਹ ਸਭ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ ਜੋ ਵੀ ਘਟਨਾ ਕਰਮ ਮਜੀਠਾ ਥਾਣੇ ਵਿੱਚ ਵਾਪਰਿਆ ਹੈ ਅਤੇ ਮੀਡੀਆ ਨੂੰ ਉਸ ਤੋਂ ਦੂਰ ਰਖਣ ਨਾਲ ਕਈ ਸਵਾਲ ਪੈਦਾ ਹੋ ਗਏ ਹਨ। ਉਹਨਾਂ ਕਿਹਾ ਕਿ ਪੁਲਿਸ ਸਪੱਸ਼ਟ ਕਰੇ ਕਿ ਗ੍ਰਿਫ਼ਤਾਰ ਕੀਤੇ ਗਏ ਬੰਦੇ ਅਤੇ ਅਸਲਾ ਕਿੱਥੇ ਗਿਆ। ਪ੍ਰੈਸ ਨੂੰ ਕਿਊ ਨਹੀਂ ਥਾਣੇ ਅੰਦਰ ਜਾਣ ਦਿੱਤਾ ਗਿਆ। ਥਾਣਾ ਮਜੀਠਾ ਵਿੱਚ ਤਾਇਨਾਤ ਏ.ਐਸ.ਆਈ ਸੁਬੇਗ ਸਿੰਘ ਵੱਲੋਂ ਪ੍ਰੈੱਸ ਨੂੰ ਦਿੱਤੇ ਗਏ ਬਿਆਨ ਜਿਸ ਵਿੱਚ ਕਲ ਪੁਲਿਸ ਵੱਲੋਂ ਪਹਿਲਾਂ ਚਾਰ ਗੱਡੀਆਂ ਵਿੱਚ ਅਸਲੇ ਸਮੇਤ ਆਏ ਗੈਗਰਸਟਰਾਂ ਨੂੰ ਗ੍ਰਿਫ਼ਤਾਰ ਕਰ ਕੇ ਗੈਂਗਵਾਰ ਹੋਣ ਤੋਂ ਬਚਾਉਣ ਦਾ ਦਾਅਵਾ ਕੀਤਾ ਗਿਆ ਸੀ, ਪਰ ਬਾਅਦ ਵਿੱਚ ਜੋ ਇਹਨਾਂ ਗੈਗਸਟਰਾਂ ਨੂੰ ਛੱਡਣ ਲਈ ਜੋ ਡੀਲਿੰਗ ਹੋਈ ਹੈ ਉਹ ਸਮਾਜ ਲਈ ਕੋਈ ਸ਼ੁੱਭ ਸੰਕੇਤ ਨਹੀਂ ਹਨ। ਉਹਨਾਂ ਕਿਹਾ ਕਿ ਉਹ ਉਕਤ ਸਥਿਤੀ ਸੰਬੰਧੀ ਡੀ.ਜੀ.ਪੀ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਾ ਆਏ ਹਨ। ਉਨ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਜੇ ਸਿਆਸੀ ਬਦਲਾਖੋਰੀ ਤਹਿਤ ਉਹਨਾਂ ਦੇ ਕਿਸੇ ਵੀ ਸਮਰਥਕ ’ਤੇ ਜਾਨ ਲੇਵਾ ਹਮਲਾ ਹੋਇਆ ਜਾਂ ਰਾਜ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਪਾਰਟੀ ਵੱਲੋਂ ਪੂਰਾ ਪੰਜਾਬ ਜਾਮ ਕਰ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਮੁਕਾਬਲੇ ਰਾਣਾ ਗੁਰਜੀਤ ਦੇ ਮਾਮਲੇ ’ਤੇ ਦੇਰੀ ਨਾਲ ਲਏ ਜਾ ਰਹੇ ਫੈਸਲੇ ਬਾਰੇ ਪੁੱਛੇ ਜਾਣ ’ਤੇ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ, ਰਾਣਾ ਗੁਰਜੀਤ ਮਾਮਲੇ ’ਤੇ ਭਾਵੇਂ ਰਾਜਪਾਲ ਨੂੰ ਨਹੀਂ ਮਿਲੇ।ਪਰ ਇਸ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰੜਾ ਰੁਖ ਅਖਤਿਆਰ ਕੀਤਾ ਜਾ ਰਿਹਾ ਹੈ ਅਤੇ 9 ਜੂਨ ਨੂੰ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਧਰਨੇ ਅਤੇ ਸੈਸ਼ਨ ਵਿੱਚ ਵੀ ਇਸ ਨੂੰ ਜ਼ੋਰ ਨਾਲ ਉਠਾਇਆ ਜਾਵੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media