ਮਹਿਤਾ, 30 ਜੂਨ (ਪੰਜਾਬ ਪੋਸਟ- ਜੋਗਿੰਦਰ ਮਾਣਾ) – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖ ਕੌਮ ਸੰਤ ਜਰਨੈਲ
ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਖ਼ਿਲਾਫ਼ ਕੋਈ ਵੀ ਕੇਸ ਦਰਜ ਨਾ ਹੋਣ ਬਾਰੇ ਸਬੂਤਾਂ ਸਹਿਤ ਖੁਲਾਸਾ ਕਰਨ ਵਾਲੇ ਜਸਟਿਸ ਫਾਊਂਡੇਸ਼ਨ ਦੇ ਆਗੂ ਨਵਦੀਪ ਗੁਪਤਾ ਨਾਲ ਚਟਾਨ ਵਾਂਗ ਖੜੀ ਹੈ। ਉਹਨਾਂ ਗੁਪਤਾ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਚਿਤਾਵਨੀ ਲਹਿਜ਼ੇ ’ਚ ਕਿਹਾ ਕਿ ਗੁਪਤਾ ਪ੍ਰਤੀ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਕਿਸਮ ਦੀ ਕੋਈ ’ਹਰਕਤ’ ਹੁੰਦੀ ਹੈ ਤਾਂ ਉਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।
ਦਮਦਮੀ ਟਕਸਾਲ ਦੇ ਮੁਖੀ ਨੇ ਕੁੱਝ ਅਖੌਤੀ ਹਿੰਦੂ ਨੇਤਾਵਾਂ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਨਵਦੀਪ ਗੁਪਤਾ ਨੂੰ ਬਿਨਾ ਵਜਾ ਤੰਗ ਪ੍ਰੇਸ਼ਾਨ ਕਰਨ, ਥਾਣੇ ਵਿੱਚ ਹੀ ਹਰਾਸ ਅਤੇ ਜ਼ਲੀਲ ਕਰਦਿਆਂ ਮੁਆਫ਼ੀ ਮੰਗਵਾਉਂਦਿਆਂ ਦੀ ਵੀਡੀਉ ਬਣਾਉਣ, ਧਮਕੀਆਂ ਦੇਣ ਅਤੇ ਉਸ ’ਤੇ ਜਾਨ ਲੇਵਾ ਹਮਲੇ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕੀਤੀ।ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਅਖੌਤੀ ਹਿੰਦੂ ਆਗੂਆਂ ਨੂੰ ਸਸਤੀ ਸ਼ੁਹਰਤ ਲਈ ਪੰਜਾਬ ਦਾ ਮਾਹੌਲ ਖਰਾਬ ਕਰਨ ਪ੍ਰਤੀ ਤਾੜਨਾ ਕਰਦਿਆਂ ਬਾਜ ਆਉਣ ਲਈ ਕਿਹਾ।ਉਹਨਾਂ ਕਿਹਾ ਕਿ ਸਸਤੀ ਸ਼ੁਹਰਤ ਅਤੇ ਸ਼ਾਂਤੀ ਭੰਗ ਕਰਨ ਦੇ ਮਕਸਦ ਨਾਲ ਕੁੱਝ ਅਖੌਤੀ ਹਿੰਦੂ ਆਗੂ ਹਰ ਸਾਲ ਜੂਨ ਦੇ ਪਹਿਲੇ ਹਫ਼ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪੋਸਟਰਾਂ ਨਾਲ ਛੇੜ ਛਾੜ ਕਰਨ ਜਾਂ ਉਹਨਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ’ਚ ਲੱਗੇ ਰਹਿੰਦੇ ਹਨ।
ਉਹਨਾਂ ਗੁਪਤਾ ਦੀ ਵਕਾਲਤ ਕਰਦਿਆਂ ਕਿਹਾ ਕਿ ਸ੍ਰੀ ਗੁਪਤਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ’ਤੇ ਕੋਈ ਵੀ ਕੇਸ ਦਰਜ ਨਾ ਹੋਣ ਦਾ ਸਬੂਤਾਂ ਸਹਿਤ ਖੁਲਾਸਾ ਕਰਕੇ ਸ਼ਲਾਘਾਯੋਗ ਮਹਾਨ ਕਾਰਜ ਕਰਦਿਆਂ ਸੱਚ ਨੂੰ ਲੋਕਾਂ ਸਾਹਮਣੇ ਲਿਆਂਦਾ ਹੈ।ਜਿਸ ਦਾ ਉਹ ਪੁਰਜ਼ੋਰ ਸਵਾਗਤ ਕਰਦੇ ਹਨ, ਪਰ ਸੱਚ ਦੇ ਵੈਰੀ ਕੁੱਝ ਅਖੌਤੀ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਇਹ ਕੁੱਝ ਹਜ਼ਮ ਨਹੀਂ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਗਹਿਰਾਈ ਨਾਲ ਜੁੜੇ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਿੱਖ ਕੌਮ ਦੇ ਰੂਹ ਏ ਰਵਾਂ ਹਨ, ਜਿਸ ਨੇ ਵੀਹਵੀਂ ਸਦੀ ਵਿੱਚ ਸੁੱਤੀ ਕੌਮ ਨੂੰ ਜਗਾਇਆ ਅਤੇ ਹੱਕ-ਸੱਚ ਅਤੇ ਗੁਰਧਾਮਾਂ ਦੀ ਅਜ਼ਮਤ ਲਈ ਕੁਰਬਾਨੀ ਦਿੱਤੀ।ਜਿਸ ਕਾਰਨ ਉਹਨਾਂ ਦਾ ਸ਼ਹੀਦੀ ਦਿਹਾੜਾ ਸਮੁੱਚੀ ਕੌਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਵੀ ਥਾਂ-ਥਾਂ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਕਿ ਉਹ ਸੰਤ ਜੀ ਬਾਰੇ ਗਲਤ ਅਤੇ ਕੂੜ ਪ੍ਰਚਾਰ ਕਰੇ। ਉਹਨਾਂ ਨਵਦੀਪ ਗੁਪਤਾ ਨੂੰ ਧਮਕੀਆਂ ਦੇਣ ਅਤੇ ਜ਼ਿਆਦਤੀਆਂ ਕਰਨ ਵਾਲੇ ਅਖੌਤੀ ਹਿੰਦੂ ਨੇਤਾਵਾਂ ਅਤੇ ਡਿਊਟੀ ਦੌਰਾਨ ਕੁਤਾਹੀ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਜਥੇਦਾਰ ਜਰਨੈਲ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਪ੍ਰਣਾਮ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਹਰ ਨੂਰ ਸਿੰਘ, ਭਾਈ ਹਰਮਨਦੀਪ ਸਿੰਘ, ਭਾਈ ਭਜਨ ਸਿੰਘ ਮਿਸਤਰੀ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਟਕਸਾਲ ਦੇ ਸਿੰਘ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media