Sunday, December 22, 2024

ਇਤਿਹਾਸਿਕ ਇਮਾਰਤਾਂ ਤੇ ਨਮੂਨਿਆਂ ਨੂੰ ਬਚਾਉਣ ਲਈ ਹੰਭਲਾ ਮਾਰਨ ਦੀ ਲੋੜ – ਪ੍ਰੋ: ਬਲਵਿੰਦਰ ਸਿੰਘ

22011410

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਵਿਰਾਸਤ ਨੂੰ ਸੰਭਾਲਣ ਦੇ ਵਿਸ਼ੇ ‘ਤੇ ਕਰਵਾਏ ਗਏ ਮਹੱਤਵਪੂਰਨ ਸੈਮੀਨਾਰ ‘ਚ ਵਿੱਦਿਅਕ ਮਾਹਿਰਾਂ ਨੇ ਵਿਰਾਸਤ ਨੂੰ ਸੰਭਾਲਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਇਤਿਹਾਸਿਕ ਇਮਾਰਤਾਂ ਤੇ ਨਮੂਨਿਆਂ ਨੂੰ ਬਚਾਉਣ ਲਈ ਸਰਕਾਰਾਂ, ਵਿੱਦਿਅਕ ਅਦਾਰਿਆਂ ਤੇ ਆਮ ਲੋਕਾਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਕਿ ਆਲੋਪ ਰਹੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਕੇ ਰੱਖਿਆ ਜਾ ਸਕੇ। ਵਿਸ਼ੇ ‘ਤੇ ਬੋਲਦਿਆਂ ਮੁੱਖ ਬੁਲਾਰੇ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਗੁਰੂ ਰਾਮਦਾਸ ਸਕੂਲ ਆਫ਼ ਪਲੇਨਿੰਗ ਦੇ ਮੁੱਖੀ ਪ੍ਰੋ: ਬਲਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀ ਆਪਣੀ ਵਿਰਾਸਤ ਨੂੰ ਜੀਵਤ ਰੱਖਣ ਲਈ ਕੋਈ ਕਸਰ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਲੋੜ ਜਾਗਰੂਕਤਾ ਦੀ ਹੈ ਅਤੇ ਇਸ ਖਾਤਿਰ ਸਕੂਲ ਪੱਧਰ ‘ਤੇ ਹੀ ਵਿਰਾਸਤ ਨੂੰ ਸੰਭਾਲਣ ਦੇ ਵਿਸ਼ੇ ਨੂੰ ਪੜਾਉਣਾ ਚਾਹੀਦਾ ਹੈ ਅਤੇ ਆਮ ਲੋਕਾਂ ਨੂੰ ਇਸ ਸਬੰਧੀ ਜਾਗ੍ਰਿਤ ਕਰਨਾ ਚਾਹੀਦਾ ਹੈ। ਵਿਰਾਸਤੀ ਇਮਾਰਤਾਂ ਦੀ ਸੰਭਾਲ ਦਾ ਜ਼ਿਕਰ ਕਰਦਿਆਂ, ਪ੍ਰੋ: ਬਲਵਿੰਦਰ ਸਿੰਘ ਨੇ ਖਾਲਸਾ ਕਾਲਜ ਦੀ ਇਤਿਹਾਸਿਕ ਤੇ ਮਨਮੋਹਕ ਇਮਾਰਤ ਦਾ ਹਵਾਲਾ ਦਿੰਦਿਆ ਕਿਹਾ ਕਿ ਇਸ ਨੂੰ ਸੰਭਾਲਣ ‘ਤੇ ਬਹੁਤ ਕੰਮ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀਆਂ ਇਮਾਰਤਾਂ ਜਿੰਨ੍ਹਾਂ ‘ਚ ਬਾਬਾ ਅਟੱਲ ਰਾਏ ਜੀ, ਬੁੰਗਾ ਰਾਮਗੜੀਆ ਤੋਂ ਇਲਾਵਾ ਗੋਬਿੰਦਗੜ੍ਹ ਦਾ ਕਿਲ੍ਹਾ, ਰਾਮਬਾਗ, ਪੁੱਲ ਕੰਜ਼ਰੀ ਆਦਿ ਦੀ ਸਾਂਭ-ਸੰਭਾਲ ‘ਤੇ ਕਾਫ਼ੀ ਕੰਮ ਹੋਇਆ ਹੈ ਜੋ ਕਿ ਕਾਬਲੇ-ਤਾਰੀਫ਼ ਹੈ। ਪਰ ਉਨ੍ਹਾਂ ਕਿਹਾ ਕਿ ਜਰੂਰਤ ਹੈ ਕਿ ਅਸੀ ਸ਼ਹਿਰ ਦੇ ਅੰਦਰੂਨੀ ਹਿੱਸੇ ਦੀਆਂ ਇਮਾਰਤਾਂ, ਪੁਰਾਣੀਆਂ ਹਵੇਲੀਆਂ ਆਦਿ ਨੂੰ ਵੀ ਸੰਭਾਲੀਏ। ਇਸ ਤੋਂ ਪਹਿਲਾ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਪ੍ਰੋ: ਬਲਵਿੰਦਰ ਸਿੰਘ ਦਾ ਇੱਥੇ ਪੁੱਜਣ ‘ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਜਿੱਥੇ ਕਈ ਅਨਮੋਲ ਵਿਰਾਸਤਾਂ  ‘ਤੋਂ ਜਾਣੂ ਕਰਵਾਉਣ ਲਈ ਉਹ ਕਾਲਜ ਪਹੁੰਚੇ ਅਤੇ ਜਾਣਕਾਰੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ‘ਚ ਵਿਰਾਸਤ ਨੂੰ ਬਚਾਉਣ ਸਬੰਧੀ ਚਰਚਾਵਾਂ ਹੁੰਦੀਆਂ ਹਨ। ਜਿਸ ਨਾਲ ਲੋਕਾਂ ‘ਚ ਆਪਣੇ ਵਿਰਸੇ ਪ੍ਰਤੀ ਜਾਗਰੂਕਤਾ ਵੱਧਦੀ ਹੈ। ਉਨ੍ਹਾਂ ਨੇ ਆਮ ਲੋਕਾਂ ਅਤੇ ਵਿੱਦਿਅਕ ਅਦਾਰਿਆਂ ਦੀ ਇਸ ਵਿਸ਼ੇ ‘ਤੇ ਸ਼ਮੂਲੀਅਤ ‘ਤੇ ਵੀ ਖਾਸ ਜ਼ੋਰ ਦਿੱਤਾ। ਪ੍ਰੋ: ਬਲਵਿੰਦਰ ਨੇ ਵਿਰਾਸਤ ਦੀ ਸਾਂਭ-ਸੰਭਾਲ ਨੂੰ ‘ਵਿਰਾਸਤੀ ਸੈਰ-ਸਪਾਟਾ’ ਨਾਲ ਜੋੜਣ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸ਼ਰਧਾਲੂਆਂ ਵਾਸਤੇ ਧਾਰਮਿਕ ਸਰਕਟ ਪੈਦਾ ਕੀਤੇ ਜਾਣ ਤਾਂ ਕਿ ਵੱਖ-ਵੱਖ ਧਰਮ ਤੇ ਵਿਰਾਸਤ ਨਾਲ ਜੁੜੇ ਸ਼ਹਿਰਾਂ ਨੂੰ ਇਕ-ਦੂਜੇ ਨਾਲ ਜੋੜਿਆ ਜਾਵੇ, ਜਿਸ ਨਾਲ ‘ਸੈਰ-ਸਪਾਟੇ’ ਨੂੰ ਉਤਸ਼ਾਹ ਮਿਲੇਗਾ ਅਤੇ ਰੋਜ਼ਗਾਰ ਤੇ ਆਮਦਨੀ ‘ਚ ਵਾਧਾ ਹੋਵੇਗਾ। ਇਸ ਮੌਕੇ ‘ਤੇ ਕਾਲਜ ਦੀ ਵਾਈਸ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਡਾ. ਨਿਰਮਲਜੀਤ ਕੌਰ ਸੰਧੂ, ਡਾ. ਗੁਰਜੀਤ ਕੌਰ, ਡਾ. ਬਿੰਦੂ ਸ਼ਰਮਾ, ਪ੍ਰੋ: ਮਨਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥਣਾਂ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply