ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਡੀ. ਸੀ. ਨੂੰ ਮੰਗ ਪੱਤਰ ਦਿੱਤਾ

ਅੰਮ੍ਰਿਤਸਰ 9 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਨੂੰ ਵੰਡਣ ਤੇ ਕਮਜ਼ੋਰ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਵਿਰੁੱਧ ਸੰਗਤਾਂ ਨੂੰ ਜਾਗਰੂਕ ਕੀਤਾ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਮਾਗਮ ਤੋਂ ਪਹਿਲਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ. ਰਘੂਜੀਤ ਸਿੰਘ ਵਿਰਕ ਕਰਨਾਲ ਦੀ ਅਗਵਾਈ ਹੇਠ ਕਰਨਾਲ ਦੇ ਡਿਪਟੀ ਕਮਿਸ਼ਨਰ ਨੂੰ ਹੁੱਡਾ ਸਰਕਾਰ ਵਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਪ੍ਰਸਤਾਵਤ ਐਲਾਨ ਦੇ ਵਿਰੋਧ ਵਿੱਚ ਇਕ ਯਾਦ ਪੱਤਰ ਸੌਂਪਿਆ ਗਿਆ।ਇਸ ਸਮੇਂ ਉਨ੍ਹਾਂ ਨਾਲ ਹਰਿਆਣਾ ਪ੍ਰਾਂਤ ਦੇ ਪ੍ਰਮੁੱਖ ਸਿੱਖ ਆਗੂ ਅਤੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।
ਸਮਾਗਮ ਵਿੱਚ ਬੋਲਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਹਰਿਆਣਾ ਵਿਚ ਹੁੱਡਾ ਦੀ ਕਾਂਗਰਸ ਸਰਕਾਰ ਤੇ ਉਸ ਦੇ ਕਰਿੰਦਿਆਂ ਵੱਲੋਂ ਰਾਜਨੀਤਕ ਤੌਰ ਤੇ ਫਾਇਦਾ ਲੈਣ ਲਈ ਹਰਿਆਣਾ ਦੇ ਸਿੱਖਾਂ ਵਿਚ ਵੰਡੀਆਂ ਪਾਉਣ ਤੇ ਉਨ੍ਹਾਂ ਨੂੰ ਆਪਸ ਵਿੱਚ ਭਿੜਾਉਣ ਦੀਆਂ ਲੂੰਬੜ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਤੋਂ ਹੀ ਆਪਣੇ ਗੁਰਧਾਮਾਂ ਦੀ ਸਾਂਭ-ਸੰਭਾਲ ਤੇ ਸੇਵਾ ਲਈ ਇਕਜੁੱਟ ਰਹੀ ਹੈ ਅਤੇ ਉਹ ਆਪਣੇ ਗੁਰਧਾਮਾਂ ਦੀ ਰਾਖੀ ਕਰਨਾ ਬਾਖੂਬੀ ਜਾਣਦੀ ਹੈ।ਉਨ੍ਹਾਂ ਕਿਹਾ ਕਿ ਹਰਿਆਣਾ ਰਾਜ ਦੀਆਂ ਅਕਤੂਬਰ ਵਿੱਚ ਵਿਧਾਨ ਸਭਾ ਚੌਣਾਂ ਹੋਣ ਜਾ ਰਹੀਆਂ ਹਨ, ਇਸੇ ਲਈ ਹੁੱਡਾ ਸਰਕਾਰ ਵੱਲੋਂ ਪੈਂਤੜਾ ਖੇਡਿਆ ਜਾ ਰਿਹਾ ਹੈ, ਜਿਸ ਨੂੰ ਸਿੱਖ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ।ਉਨ੍ਹਾਂ ਕਿਹਾ ਕਿ ਹੁੱਡਾ ਦੇ ਮਨਸੂਬਿਆਂ ਨੂੰ ਸਿੱਖ ਸੰਗਤਾਂ ਕਾਮਯਾਬ ਨਹੀਂ ਹੋਣ ਦੇਣਗੀਆਂ।ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਗੁਰਧਾਮਾਂ ਅਤੇ ਸਿੱਖ ਕੌਮ ਨਾਲ ਸਾਜਿਸ਼ੀ ਚਾਲ ਖੇਡੀ ਜਾ ਰਹੀ ਹੈ ਜਿਸ ਨੂੰ ਹਰਿਆਣੇ ਦੀ ਸੰਗਤ ਚੰਗੀ ਤਰ੍ਹਾਂ ਸਮਝਦੀ ਹੈ।ਉਨ੍ਹਾਂ ਨੇ ਜਦੋਂ ਸਿੱਖ ਸੰਗਤਾਂ ਨੂੰ ਇਤਿਹਾਸਕ ਹਵਾਲਿਆਂ ਦੇ ਨਾਲ ਭਾਵਪੂਰਕ ਸ਼ਬਦਾਂ ਵਿੱਚ ਸੰਬੋਧਨ ਕੀਤਾ ਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹਰਿਆਣੇ ਦੀਆਂ ਸੰਗਤਾਂ ਨੇ ਹਰਿਆਣਾ ਸਰਕਾਰ ਤੇ ਉਸ ਦੇ ਹੱਥਠੋਕਿਆਂ ਖਿਲਾਫ਼ ਜੰਗ ਵਿੱਡਣ ਲਈ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਅਤੇ ਹੱਥ ਖੜੇ ਕਰਕੇ ਸਹਿਮਤੀ ਦਾ ਪ੍ਰਗਟਾਵਾ ਕੀਤਾ।ਜਥੇਦਾਰ ਅਵਤਾਰ ਸਿੰਘ ਨੇ ਸਮਾਗਮ ਵਿੱਚ ਹਾਜ਼ਰ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੁਣ ਹੁੱਡਾ ਸਰਕਾਰ ਦੀਆਂ ਜੜ੍ਹਾਂ ਉਖੇੜਣ ਦਾ ਸਮਾਂ ਆ ਗਿਆਂ ਹੈ,ਰਲ ਕੇ ਹੰਭਲਾ ਮਾਰੋ ਤੇ ਕਾਂਗਰਸ ਦਾ ਇਥੋਂ ਬੋਰੀ ਬਿਸਤਰਾ ਗੋਲ ਕਰ ਦਿਓ।ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ੧੦ ਜੁਲਾਈ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਪਾਤਸ਼ਾਹੀ ਪਹਿਲੀ ਤੇ ਦਸਵੀਂ ਕਪਾਲ ਮੋਚਨ ਜਗਾਧਰੀ ਵਿਖੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ।
ਇਸ ਮੌਕੇ ਸ੍ਰ: ਹਰਭਜਨ ਸਿੰਘ ਮਸਾਨਾ, ਸ੍ਰ: ਸ਼ਰਨਜੀਤ ਸਿੰਘ ਸੋਥਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ ਅਕਾਲੀ ਦਲ ਹਰਿਆਣਾ, ਸ੍ਰ: ਬਲਦੇਵ ਸਿੰਘ ਖਾਲਸਾ, ਬੀਬੀ ਰਵਿੰਦਰ ਕੌਰ ਅਜਰਾਨਾ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਬਾਬਾ ਗੁਰਵਿੰਦਰ ਸਿੰਘ, ਸ੍ਰ: ਗੁਰਜੋਤ ਸਿੰਘ ਨਿਡਰ, ਸ਼੍ਰ: ਹਰਕੇਸ਼ ਸਿੰਘ ਰੋੜੀ, ਸ੍ਰ: ਅਮਰੀਕ ਸਿੰਘ ਬਰਨਾਲਾ, ਸ੍ਰ: ਗੁਰਚਰਨ ਸਿੰਘ ਬੀ.ਏ, ਸ੍ਰ: ਭੂਪਿੰਦਰ ਸਿੰਘ ਲਾਡੀ, ਬਾਬਾ ਸਾਧੂ ਸਿੰਘ ਨੀਸਿੰਘ, ਸ੍ਰ: ਅਜੀਤ ਸਿੰਘ ਮਸਾਨਾ, ਸ੍ਰ: ਹਰਤੇਜ ਸਿੰਘ ਖਾਲਸਾ ਕਰਨਾਲ, ਸ੍ਰ: ਸੁਰਜੀਤ ਸਿੰਘ ਸਕੱਤਰ ਗੱਤਕਾ ਫੈਡਰੇਸ਼ਨ, ਸ੍ਰ: ਸੁਰਿੰਦਰਪਾਲ ਸਿੰਘ ਰਾਮਗੜ੍ਹੀਆ, ਸ੍ਰ: ਮਨਜੀਤ ਸਿੰਘ ਖਾਲਸਾ, ਸ੍ਰ: ਜਤਿੰਦਰ ਸਿੰਘ ਮੁਖੀ ਗੱਤਕਾ ਅਖਾੜਾ, ਸ੍ਰ: ਸੁਖਦੇਵ ਸਿੰਘ ਗੋਬਿੰਦਗੜ੍ਹ, ਸ੍ਰ: ਹਰਪਾਲ ਸਿੰਘ ਭਾਨੋਖੇੜੀ, ਸ੍ਰ: ਚਰਨਜੀਤ ਸਿੰਘ ਟੱਕਰ, ਸ੍ਰ: ਸੁਖਵੰਤ ਸਿੰਘ ਲੱਖੀ ਮਡੋਲਾ, ਸ੍ਰ: ਰਜਿੰਦਰ ਸਿੰਘ, ਸ੍ਰ: ਕੰਵਲਜੀਤ ਸਿੰਘ ਅਜਰਾਨਾ, ਸ੍ਰ:ਸੁਖਬੀਰ ਸਿੰਘ, ਸ੍ਰ: ਜੋਗਿੰਦਰ ਸਿੰਘ ਅਹਿਰਵਾਂ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ੍ਰ: ਪ੍ਰਤਾਪ ਸਿੰਘ ਤਰਵੜੀ, ਸ੍ਰ: ਤੇਜਿੰਦਰਪਾਲ ਸਿੰਘ, ਬਾਬਾ ਅਮਰੀਕ ਸਿੰਘ, ਬੀਬੀ ਜਸਵਿੰਦਰ ਕੌਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Punjab Post Daily Online Newspaper & Print Media