Saturday, July 27, 2024

ਸਿੱਖ ਗੁਰੂ ਸਾਹਿਬਾਨ ਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਭੱਦੇ ਸ਼ਬਦ ਬੋਲਣ ਵਾਲਿਆਂ ਖਿਲਾਫ ਕਾਨੂੰਨੀ ਰਾਏ ਲੈ ਕੇ ਕਾਰਵਾਈ ਕੀਤੀ ਜਾਵੇਗੀ – ਰੂਪ ਸਿੰਘ

PPN170716
ਅੰਮ੍ਰਿਤਸਰ, 17  ਜੁਲਾਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਨੇ ਸੋਸ਼ਲ ਸਾਈਟ ਤੇ ਆਪਣੀ ਆਈ.ਡੀ. ‘ਚ ਅੰਕਿਤ ਅੱਕੀ ਉਪਾਧਿਆਏ ਅਤੇ ਲਵੀ ਭਾਰਤਵਾਜ ਨਾਮ ਦੇ ਵਿਅਕਤੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖ ਗੁਰੂ ਸਾਹਿਬਾਨ ਖਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਨੂੰਨੀ ਰਾਏ ਲੈ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਰਿਲੀਜ਼ ‘ਚ ਸ. ਰੂਪ ਸਿੰਘ ਨੇ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਲਾਸਾਨੀ ਇਤਿਹਾਸ ਹੈ। ਇਸ ਮੁਕੱਦਸ ਅਸਥਾਨ ਦੇ ਚਾਰ ਦਰਵਾਜੇ ਇਸ ਗੱਲ ਦਾ ਪ੍ਰਤੀਕ ਹਨ ਕਿ ਇਸ ਦੇ ਦਰਸ਼ਨ ਕਰਨ ਵਾਸਤੇ ਹਰੇਕ ਧਰਮ ਦੇ ਲੋਕ ਆ ਸਕਦੇ ਹਨ ਤੇ ਇਹੀ ਕਾਰਨ ਹੈ ਕਿ ਇਥੇ ਗੈਰ ਸਿੱਖ ਵੀ ਵੱਡੀ ਗਿਣਤੀ ‘ਚ ਆਪਣੀ ਆਸਥਾ ਰੱਖਦੇ ਹਨ। ਇਸ ਅਸਥਾਨ ਦੇ ਦਰਸ਼ਨ ਕਰਕੇ ਹਰੇਕ ਵਿਅਕਤੀ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆਂ ‘ਚ ਦੰਭੀ ਤੇ ਪਾਖੰਡੀ ਲੋਕਾਂ ਖਿਲਾਫ ਪ੍ਰਚਾਰ ਕੀਤਾ ਅਤੇ ਭੁੱਲੇ ਭਟਕੇ ਲੋਕਾਂ ਨੂੰ ਸੱਚ ਦੇ ਰਸਤੇ ਪਾਇਆ। ਇਸੇ ਤਰ੍ਹਾਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਆਰਾ ਖਾਲਸਾ ਸਾਜਿਆ ਤੇ ਜ਼ੁਲਮ ਖਿਲਾਫ ਲੜਨ ਲਈ   ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ਿਸ਼ ਕਰਕੇ ਪੰਜ ਕਕਾਰ ਦਿੱਤੇ, ਪ੍ਰੰਤੂ ਅੰਕਿਤ ਅੱਕੀ ਤੇ ਲਵੀ ਭਾਰਤਵਾਜ ਵਰਗੇ ਲੋਕ ਸ਼ੋਸ਼ਲ ਸਾਈਟਾਂ ਤੇ ਇਸ ਤਰ੍ਹਾਂ ਦਾ ਕੂੜ ਤੇ ਭੱਦਾ ਪ੍ਰਚਾਰ ਕਰਕੇ ਜਿਥੇ ਸਿੱਖ ਧਰਮ ਦਾ ਅਪਮਾਨ ਕਰ ਰਹੇ ਹਨ ਉਥੇ ਆਪਸੀ ਫਿਰਕਿਆਂ ਵਿੱਚ ਵੀ ਜ਼ਹਿਰ ਘੋਲ ਰਹੇ ਹਨ, ਜੋ ਕਦਾਚਿਤ ਬਰਦਾਸ਼ਤ ਨਹੀਂ। ਇਨ੍ਹਾਂ ਵੱਲੋਂ ਵਰਤੀ ਇਸ ਭਾਸ਼ਾ ਨਾਲ ਦੁਨੀਆਂ ਦੇ ਕੋਨੇ-ਕੋਨੇ ‘ਚ ਬੈਠੇ ਹਰੇਕ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ ਪਰ ਆਪਣੇ ਧਰਮ ਅਸਥਾਨ ਤੇ ਗੁਰੂ ਸਾਹਿਬਾਨ ਪ੍ਰਤੀ ਕਿਸੇ ਪ੍ਰਕਾਰ ਦੀ ਭੱਦੀ ਸ਼ਬਦਾਵਲੀ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੀਆਂ ਫਿਰਕੂ ਕਾਰਵਾਈਆਂ ਨਾਲ ਪੰਜਾਬ ਦਾ ਸ਼ਾਤ ਮਾਹੌਲ ਖਰਾਬ ਹੋ ਸਕਦਾ ਹੈ ਤੇ ਮਜਹਬਾਂ ਦੇ ਆਪਸੀ ਪਿਆਰ ‘ਚ ਕੁੜੱਤਣ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਲੀਗਲ ਅਡਵਾਈਜ਼ਰ ਪਾਸੋਂ ਰਾਏ ਲਈ ਜਾ ਰਹੀ ਹੈ ਤੇ ਛੇਤੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply