Friday, September 20, 2024

ਜੋਸ਼ੀ ਵਲੋਂ ਟਰੱਕ ਸਟੈਂਡ ਸਕੀਮ ਨੇੜੇ 5 ਕਰੋੜ 47 ਲੱਖ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਸ਼ੁੱਭ ਆਰੰਭ

PPN220201

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਅੱਜ ਟਰੱਕ ਸਟੈਂਡ ਸਕੀਮ ਤਹਿਤ ਜਹਾਜ਼ਗੜ੍ਹ ਨੇੜੇ 5 ਕਰੋੜ 47 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦਾ ਸ਼ੁੱਭ ਆਰੰਭ ਕੀਤਾ। ਵਿਕਾਸ ਕਾਰਜਾਂ ਦਾ ਸ਼ੁੱਭ ਆਰੰਭ ਕਰਦਿਆਂ ਕੈਬਨਿਟ ਵਜ਼ੀਰ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਕਰ ਰਹੇ ਹਨ। ਉਨਾਂ ਕਿਹਾ ਕਿ ਅੱਜ ਅੰਮ੍ਰਿਤਸਰ ਸ਼ਹਿਰ ਦਾ ਬੁਨਿਆਦੀ ਢਾਂਚਾ ਕਿਸੇ ਵੀ ਵਿਕਸਿਤ ਸ਼ਹਿਰ ਨਾਲੋਂ ਘੱਟ ਨਹੀ ਹੈ ਅਤੇ ਇਥੋਂ ਦੇ ਬਾਗ ਅਤੇ ਹੋਰ ਇਤਿਹਾਸਕ ਯਾਦਗਾਰਾਂ ਸ਼ਹਿਰ ਨੂੰ ਹੋਰ ਖੂਬਸੂਰਤ ਬਣਾ ਰਹੀਆਂ ਹਨ। ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦਾ ਸਰਬਪੱਖੀ ਵਿਕਾਸ ਸਰਕਾਰ ਦੀ ਪਹਿਲ ਹੈ ਅਤੇ ਸ਼ਹਿਰ ਦੇ ਹਰ ਗਲੀ ਮੁਹੱਲੇ ਤਕ ਵਿਕਾਸ ਦੀ ਮੁਹਿੰਮ ਨੂੰ ਪਹੁੰਚਾਇਆ ਜਾਵੇਗਾ। ਇਸ ਮੌਕੇ ਸ੍ਰੀ ਜੌਸ਼ੀ ਨੇ ਕਿਹਾ ਕਿ ਲੋਕ ਸੂਬੇ ਦੀ ਬਿਹਤਰੀ ਅਤੇ ਵਿਕਾਸ ਕਰਨ ਵਾਲੀਆਂ ਅਕਾਲੀ ਦਲ-ਭਾਜਪਾ ਦਾ ਡੱਟ ਕੇ ਸਾਥ ਦੇਣ ਤਾਂ ਜੋ ਵਿਕਾਸ ਦੀ ਇਹ ਲਹਿਰ ਇਸੇ ਤਰਾਂ ਜਾਰੀ ਰਹਿ ਸਕੇ। ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਜਿਕਰ ਕਰਦਿਆਂ ਕਿਹਾ ਕਿ ਸਮੁੱਚੇ ਦੇਸ਼ ਅੰਦਰ ਸ੍ਰੀ ਨਰਿੰਦਰ ਮੋਦੀ ਦੇ ਹੱਕ ਵਿਚ ਲਹਿਰ ਬਣੀ ਹੋਈ ਹੈ ਅਤੇ ਇਨਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਕੇਂਦਰ ਵਿਚ ਆਪਣੀ ਸਰਕਾਰ ਬਣਾਏਗੀ ਅਤੇ ਸ੍ਰੀ ਨਰਿੰਦਰ ਮੋਦੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਨਾਂ ਕਿਹਾ ਕਿ 23 ਫਰਵਰੀ ਨੂੰ ਜਗਰਾਓ ਵਿਖੇ ਹੋ ਰਹੀ ਫਤਿਹ ਰੈਲੀ ਦੌਰਾਨ ਬੇਮਿਸਾਲ ਇਕੱਠ ਕੀਤਾ ਜਾਵੇਗਾ ਅਤੇ ਇਹ ਰੈਲੀ ਸ੍ਰੀ ਮੋਦੀ ਦੀ ਜਿੱਤ ਦਾ ਨਗਾਰਾ ਵਜਾਏਗੀ। ਉਨਾਂ ਕਿਹਾ ਕਿ ਸਮੁੱਚੇ ਪੰਜਾਬ ਵਿਚੋਂ ਲੋਕ ਸ੍ਰੀ ਮੋਦੀ ਨੂੰ ਸੁਣਨ ਲਈ ਪਹੁੰਚ ਰਹੇ ਹਨ ਜੋ ਕਿ ਉਨਾਂ ਦੀ ਹਰਮਨ ਪਿਆਰਤਾ ਦਾ ਸਬੂਤ ਹੈ। ਇਸ ਮੌਕੇ ਉਨਾਂ ਨਾਲ ਸ੍ਰੀਮਤੀ ਨਵਜੋਤ ਕੌਰ ਸਿੱਧੂ ਮੁੱਖ ਸੰਸਦੀ ਸਕੱਤਰ ਪੰਜਾਬ, ਮੇਅਰ ਬਖਸੀ ਰਾਮ ਅਰੋੜਾ ਅਤੇ ਸਥਾਨਕ ਭਾਜਪਾ ਆਗੂ ਵੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply