Wednesday, May 1, 2024

ਚੋਰਾਂ ਦੇ ਗ੍ਰੋਹ ਨੇ ਕੀਤਾ ਅਨਾਜ ਮੰਡੀ `ਚ ਕਈ ਦੁਕਾਨਾਂ `ਤੇ ਹੱਥ ਸਾਫ

ਅਸੁਰੱਖਿਅਤ ਆੜਤੀਆਂ ਨੇ ਪੁਲਿਸ ਤੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ
ਧੂਰੀ, 3 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਨਵੀਂ ਅਨਾਜ ਮੰਡੀ ਵਿਖੇ ਬੀਤੀ ਰਾਤ ਚੋਰਾਂ ਦੇ ਇੱਕ ਗਰੋਹ ਵੱਲੋਂ ਕਈ ਦੁਕਾਨਾਂ `ਤੇ ਹੱਥ ਸਾਫ ਕਰਨ PPN0302201809ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਗੈਸ ਕਟਰ ਸਮੇਤ ਹੋਰ ਕਈ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਜਿੰਨਾਂ ਨੇ ਦੁਕਾਨਾਂ ਵਿੱਚ ਦਲੇਰਾਨਾ ਚੋਰੀ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ, ਪ੍ਰੰਤੂ ਫਸਲੀ ਸੀਜ਼ਨ ਨਾ ਹੋਣ ਕਾਰਨ ਆੜ੍ਹਤੀਆਂ ਦੀਆਂ ਉਕਤ ਦੁਕਾਨਾਂ `ਚ ਜ਼ਿਆਦਾ ਕੈਸ਼ ਜਾਂ ਹੋਰ ਸਮਾਨ ਨਹੀਂ ਸੀ।
ਇਸ ਵਾਰਦਾਤ ਦੌਰਾਨ ਚੋਰਾਂ ਨੇ ਇੱਕ ਦੁਕਾਨ `ਚ ਦਾਖਲ ਹੋਣ ਲਈ ਛੱਤ `ਤੇ ਲੱਗਾ ਹੋਇਆ ਜਾਲ ਪੁੱਟ ਦਿੱਤਾ ਜਦੋਂਕਿ ਦੂਜੀ ਦੁਕਾਨ ਦੇ ਅੰਦਰ ਦਾਖਲ ਹੋਣ ਲਈ ਕੰਧ ਤੋੜ ਕੇ ਦਰਵਾਜ਼ੇ ਦੇ ਕੁੰਡੇ ਨੂੰ ਹੀ ਪੁੱਟ ਦਿੱਤਾ।ਆੜ੍ਹਤ ਦੀ ਫਰਮ ਜਗਦੀਸ਼ ਚੰਦ ਰਾਕੇਸ਼ ਕੁਮਾਰ ਦੇ ਮਾਲਕ ਵਿਪਨ ਕਾਂਝਲਾ ਪ੍ਰਧਾਨ ਧੂਰੀ ਇੰਡਸਟਰੀ ਚੈਂਬਰ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ `ਚ ਚੋਰ ਛੱਤ ਰਾਹੀਂ ਦਾਖਲ ਹੋਏ ਅਤੇ ਅੰਦਰ ਪਈ ਉਹਨਾਂ ਦੀ ਮਜ਼ਬੂਤ ਸੇਫ ਨੂੰ ਗੈਸ ਕਟਰ ਨਾਲ ਤੋੜ ਕੇ ਉਸ `ਚੋਂ ਕਰੀਬ 7 ਹਜ਼ਾਰ ਰੁਪਏ ਅਤੇ ਹੋਰ ਜਰੂਰੀ ਕਾਗਜਾਤ ਚੋਰੀ ਕਰਕੇ ਲੈ ਗਏ।ਉਹਨਾਂ ਕਿਹਾ ਕਿ ਫਸਲੀ ਸੀਜ਼ਨ ਨਾ ਹੋਣ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਇਸੇ ਤਰਾਂ੍ਹ ਇਹ ਚੋਰ ਗਿਰੋਹ ਫਰਮ ਰੌਣਕ ਰਾਮ ਹਰੀ ਚੰਦ ਸਣੇ ਹੋਰ ਦੁਕਾਨਾਂ `ਚ ਦਾਖਲ ਹੋਣ ਦੇ ਬਾਵਜੂਦ ਉਥੋਂ ਕੁੱਝ ਖਾਸ ਚੋਰੀ ਕਰਨ ਵਿੱਚ ਨਾਕਾਮ ਰਹੇ।
ਫਸਲੀ ਸੀਜ਼ਨ ਨਾ ਹੋਣ ਕਾਰਨ ਆੜ੍ਹਤੀਆਂ ਦਾ ਨੁਕਸਾਨ ਹੋਣ ਤੋਂ ਭਾਵੇਂ ਬਚਾਅ ਹੋ ਗਿਆ, ਪੰਤੂ ਜਿਸ ਤਰਾਂ੍ਹ ਚੋਰਾਂ ਵੱਲੋਂ ਗੈਸ ਕਟਰ ਅਤੇ ਹੋਰ ਹਥਿਆਰਾਂ ਸਣੇ ਇੱਥੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ, ਤੋਂ ਉਹਨਾਂ ਦੇ ਬੁਲੰਦ ਹੌਂਸਲਿਆਂ ਦਾ ਸਾਫ ਪਤਾ ਲੱਗਦਾ ਹੈ।ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਸ਼ਹਿਰ ਵਿਚਕਾਰੋਂ ਰਜਬਾਹੇ ਦੇ ਕੰਡੇ ਸਥਿਤ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਨੂੰ ਵੀ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਵਾਰਦਾਤਾਂ ਤੋਂ ਭੜਕੇ ਆੜਤੀਆਂ ਵੱਲੋਂ ਪੁਲਿਸ ਖਿਲਾਫ ਨਾਅਰੇਬਾਜ਼ੀ
ਦੁਕਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਨਾਰਾਜ ਆੜ੍ਹਤੀਆਂ ਨੇ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਦੀ ਅਗੁਵਾਈ ਹੇਠ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਇਸ ਵਾਕੇ ਨੂੰ ਦੇਖਕੇ ਜਾਪਦਾ ਹੈ ਕਿ ਚੋਰਾਂ ਨੇ ਵਾਰਦਾਤਾਂ ਨੂੰ ਬੇਖੌਫ ਹੋ ਕੇ ਕਰੀਬ 3-4 ਘੰਟਿਆਂ ਵਿੱਚ ਅੰਜਾਮ ਦਿੱਤਾ ਹੈ।ਉਨਾਂ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਨੂੰ ਨਵੀਂ ਅਨਾਜ ਮੰਡੀ `ਚ ਪੀ.ਸੀ.ਆਰ ਦੀ ਗਸ਼ਤ ਵਧਾਉਣ ਲਈ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਹੈ ਪ੍ਰੰਤੂ ਨਜ਼ਰ ਅੰਦਾਜ ਕੀਤੇ ਜਾਣ ਕਾਰਨ ਬੇਖੌਫ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਿੱਚ ਕਾਮਯਾਬ ਹੋ ਗਏ।ਉਹਨਾਂ ਦੱਸਿਆ ਕਿ ਨਵੀਂ ਅਨਾਜ ਮੰਡੀ `ਚ ਕੁੱਝ ਢਾਬਿਆਂ, ਚਾਹ ਦੀਆਂ ਦੁਕਾਨਾਂ ਅਤੇ ਅਣ-ਅਧਿਕਾਰਤ ਤਰੀਕੇ ਨਾਲ ਰਾਤ ਨੂੰ 12.00 ਵਜੇ ਤੱਕ ਸ਼ਰਾਬ ਚੱਲਦੀ ਹੈ, ਜਿਸ ਕਾਰਨ ਮੰਡੀ ਵਿੱਚ ਅਜਿਹੀਆਂ ਘਟਨਾਵਾਂ ਵਾਪਰਣ ਦਾ ਖਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ।ਮੰਡੀਕਰਨ ਬੋਰਡ ਵੱਲੋਂ ਮੰਡੀ ਦੀ ਚਾਰਦੀਵਾਰੀ ਨਾ ਕਰਵਾਏ ਜਾਣ ਕਾਰਨ ਵੀ ਅਕਸਰ ਆੜ੍ਹਤੀ, ਕਿਸਾਨ ਅਤੇ ਮਜ਼ਦੂਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ।ਉਹਨਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਆੜ੍ਹਤੀਆਂ ਦੀ ਸੁਰੱਖਿਆ ਲਈ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟਣਗੇ।ਇਸ ਮੌਕੇ ਆੜ੍ਹਤੀਆ ਵਿਪਨ ਕਾਂਝਲਾ, ਕੰਵਰਦੀਪ ਸਿੰਘ, ਬਸੰਤ ਕੁਮਾਰ, ਗੁਰਦੀਪ ਸਿੰਘ, ਨਵੀਨ ਬਾਂਸਲ, ਅਨਿਲ ਦੇਵਗਣ, ਨਰੇਸ਼ ਕੁਮਾਰ ਅਤੇ ਪ੍ਰਵੀਨ ਕੁਮਾਰ ਆਦਿ ਵੀ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ, …

Leave a Reply