ਲੋਕ ਸਭਾ ਚੋਣਾਂ ਲਈ ਕਮਰਕੱਸੇ ਕਰਨ ਸਬੰਧੀ ਭਾਜਪਾ ਵਰਕਰਾਂ ਨੂੰ ਕੀਤਾ ਲਾਮਬੱਧ
ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਕਜੁੱਟ ਆਵਾਜ਼ ਬੁਲੰਦ ਕਰਕੇ ਸਥਾਨਕ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ’ਚ ਨਾਕਾਮ ਰਹੀ ਹੈ।
ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਅੱਜ ਜ਼ਿਲ੍ਹਾ ਮੁੱਖੀ ਰਾਜੇਸ਼ ਹਨੀ ਦੀ ਪ੍ਰਧਾਨਗੀ ਹੇਠ ਪੰਜਾਬ ਭਾਜਪਾ ਦੇ ਸੂਬਾਈ ਐਗਜੈਕਟਿਵ ਮੈਂਬਰ ਰਾਜਿੰਦਰ ਮੋਹਨ ਸਿੰਘ ਛੀਨਾ ਦੇ ਗ੍ਰਹਿ ਵਿਖੇ ਹੰਗਾਮੀ ਮੀਟਿੰਗ ਕੀਤੀ। ਭਾਜਪਾ ਨੇਤਾਵਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਗਰੀਬ ਪੱਖੀ ਫ਼ੈਸਲੇ ਕੀਤੇ ਹਨ ਅਤੇ ਦੇਸ਼ ਦੀ ਆਰਥਿਕਤਾ ਨੂੰ ਪ੍ਰਗਤੀਸ਼ੀਲ ਲੀਹਾਂ ’ਤੇ ਲਿਆਉਂਦਾ ਹੈ। ਉਨ੍ਹਾਂ ਨੇ ਸਮਾਜ ਦੇ ਪੱਛੜੇ ਵਰਗ ਵਾਸਤੇ ਜਨ ਧਨ ਯੋਜਨਾ, ਸਵੱਛ ਭਾਰਤ, ਯੂਨੀਵਰਸਲ ਇੰਸ਼ੋਰੈਂਸ ਕਵਰ ‘ਮੈਡੀਕੇਅਰ’, ਗਰੀਬਾਂ ਲਈ ਰਿਹਾਇਸ਼ ਦੀਆਂ ਸਹੂਲਤਾਂ ਅਤੇ ਮੋਦੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਲੜਕੀਆਂ ਦੀ ਸਿੱਖਿਆ ਦੀਆਂ ਨੀਤੀਆਂ ਦਾ ਜ਼ਿਕਰ ਕੀਤਾ ਹੈ।ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਗਲੇ ਸਾਲ ਆਮ ਲੋਕ ਸਭਾ ਚੋਣਾਂ ਲਈ ਤਿਆਰ ਬਰ ਤਿਆਰ ਰਹਿਣ ਅਤੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਉਣ ਲਈ ਕਿਹਾ।
ਛੱਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਭਾਰਤ ਦਾ ਨਾਮ ਦੁਨੀਆਂ ਭਰ ’ਚ ਪ੍ਰਤੱਖ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਭਾਵਸ਼ਾਲੀ ਵਿਦੇਸ਼ ਨੀਤੀ ਦੀ ਸ਼ੁਰੂਆਤ ਕੀਤੀ ਹੈ, ਜਿਸ ਨੇ ਭਾਰਤ ਨੂੰ ਵਿਸ਼ਵ ਦੀ ਰਾਜਨੀਤੀ ’ਚ ਮੋਹਰੀ ਬਣਾਇਆ ਹੈ।ਮਲਿਕ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਭਾਰਤ ਆਉਣ ਵਾਲੇ ਸਮੇਂ ’ਚ ਇਕ ਸ਼ਕਤੀਸ਼ਾਲੀ ਦੇਸ਼ ਵਜੋਂ ਉਭਰ ਕੇ ਆਵੇਗਾ।ਛੀਨਾ ਨੇ ਕੈਪਟਨ ਸਰਕਾਰ ’ਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਕੇਂਦਰੀ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਆਰਥਿਕ ਸਥਿਤੀ ਖਤਰੇ ’ਚ ਹੈ ਅਤੇ ਜੋ ਵੀ ਪ੍ਰੋਜੈਕਟ ਚਲਾਏ ਜਾ ਰਹੇ ਹਨ ਉਹ ਕੇਂਦਰ ਸਰਕਾਰ ਦੇ ਫ਼ੰਡਾਂ ਨਾਲ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੇ ਧੰਨਵਾਦੀ ਹੋਣ ਦੀ ਬਜਾਏ, ਕੈਪਟਨ ਅਤੇ ਉਨ੍ਹਾਂ ਦੇ ਪਾਰਟੀ ਨੇਤਾ ਨੇ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਐਨ.ਡੀ.ਏ ਸਰਕਾਰ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਹਨੀ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਤੀ ਸੰਕਟ ’ਚ ਹੈ, ਪਰ ਫ਼ਿਰ ਵੀ ਕੇਂਦਰ ਸਰਕਾਰ ਸਰਹੱਦੀ ਰਾਜ ਲਈ ਫ਼ੰਡ ਜਾਰੀ ਕਰ ਰਹੀ ਹੈ ਤਾਂ ਕਿ ਸੜਕੀ ਪ੍ਰੋਜੈਕਟਾਂ ਅਤੇ ਹੋਰ ਕੇਂਦਰੀ ਸਕੀਮਾਂ ਨੂੰ ਪੂਰਾ ਕੀਤਾ ਜਾ ਸਕੇ।ਇਸ ਮੌਕੇ ਮੰਡਲ ਪ੍ਰਧਾਨਾਂ, ਐਸ.ਪੀ.ਕੇਵਲ ਕੁਮਾਰ ਅਤੇ ਅੰਮਿ੍ਰਤਸਰ ਵਿਧਾਨ ਸਭਾ ਉਤਰੀ ਹਲਕੇ ਦੇ ਸਥਾਨਕ ਨੇਤਾਵਾਂ ਨੇ ਵੱਡੀ ਗਿਣਤੀ ’ਚ ਮੀਟਿੰਗ ਵਿੱਚ ਭਾਗ ਲਿਆ ਕਿਉਂਕਿ ਉਨ੍ਹਾਂ ਇਸ ਮੌਕੇ ਮੰਗ ਕੀਤੀ ਕਿ ਕਾਂਗਰਸ ਦੇ ਨੇਤਾ ਜਗਦੀਸ਼ ਟਾਈਟਲਰ ਨੂੰ ਤੁਰੰਤ ਗਿ੍ਰਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਨਵੀਂ ਵੀਡੀਓ ਕਲਿੱਪ ਦੇ ਮੱਦੇਨਜ਼ਰ ਉਨ੍ਹਾਂ ਵਿਰੁੱਧ ਇੱਕ ਵੱਖਰੀ ਐਫ.ਆਈ.ਆਰ ਦਰਜ ਕੀਤੀ ਜਾਵੇ।ਉਸ ਨੇ ਸੰਨ 1984 ’ਚ ਸਿੱਖ ਵਿਰੋਧੀ ਦੰਗਿਆਂ ਵੇਲੇ ਦਿੱਲੀ ’ਚ 100 ਦੇ ਕਰੀਬ ਸਿੱਖਾਂ ਨੂੰ ਮਾਰਨ ਦੀ ਸ਼ੇਖੀ ਮਾਰੀ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …