ਊਰਜਾ ਦੀ ਸੰਭਾਲ ਇਕ ਵੱਡੀ ਚੁਣੌਤੀ- ਵਿਦਵਾਨ
ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਵਨ ਨਿਰਮਾਣ ਵਿਚ ਊਰਜਾ ਦੀ ਬਚਤ ਵਿਸ਼ੇ ‘ਤੇ ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਅਤੇ ਭਾਈ ਲਾਲੋ ਉਸਾਰੀ ਵਿਭਾਗ ਵੱਲੋਂ ਪੰਜਾਬ ਊਰਜਾ ਵਿਕਾਸ ਏਜੰਸੀ (ਪੀ.ਈ.ਡੀ.ਏ) ਅਤੇ ਡਿਜ਼ਾਇਨ 2 ਓਕੁਪੈਂਸੀ ਸਰਵਿਸਿਜ਼ ਐਲ.ਐਲ.ਪੀ (ਡੀ 2 ਓ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਆਰਕੀਟੈਕਟ, ਇੰਜਨੀਅਰ, ਯੋਜਨਾਕਾਰ, ਇਮਾਰਤ ਦੇ ਮਾਹਿਰ, ਵਿਦਿਆਰਥੀ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।
ਡੀਨ ਵਿਦਿਆਰਥੀ ਭਲਾਈ, ਪ੍ਰੋਫੈਸਰ ਐਸ.ਐਸ ਬਹਿਲ ਇਸ ਮੌਕੇ ਮੁੱਖ ਮਹਿਮਾਨ ਸਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ ਤਾਂ ਜੋ ਭਵਨ ਨਿਰਮਾਣ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਹੋ ਸਕੀਏ। ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਵਿਸ਼ਵ ਵਿਚ ਊਰਜਾ ਦਾ ਬਚਾਓ ਇਕ ਵੱਡੀ ਚੁਣੌਤੀ ਬਣੀ ਹੋਈ ਹੈ ਜਿਸ ਦਾ ਉਪਾਅ ਅਸੀਂ ਆਪਸੀ ਸਹਿਯੋਗ ਨਾਲ ਲੱਭ ਸਕਦੇ ਹਾਂ।ਪੀ.ਈ.ਡੀ.ਏ ਤੋਂ ਰਮਿੰਦਰ ਸਿੰਘ ਨੇ ਪੰਜਾਬ ਈ.ਸੀ.ਬੀ.ਸੀ ਜਾਗਰੂਕਤਾ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਜਦੋਂ ਕਿ ਈ.ਸੀ.ਬੀ.ਸੀ ਮਾਸਟਰ ਟ੍ਰੇਨਰ ਅਕਸ਼ੈ ਕੁਮਾਰ ਗੁਪਤਾ ਨੇ ਪੰਜਾਬ ਈ.ਸੀ.ਬੀ.ਸੀ ਦੀਆਂ ਸੰਭਾਵਨਾਵਾਂ ਅਤੇ ਵਿਸਥਾਰ ਬਾਰੇ ਗੱਲਬਾਤ ਕੀਤੀ।ਆਰਕੀਟੈਕਚਰ ਵਿਭਾਗ ਦੇ ਮੁਖੀ ਮੀਨਾਕਸ਼ੀ ਸਿੰਘਲ ਨੇ ਮਹਿਮਾਨਾਂ ਅਤੇ ਹੋਰਨਾਂ ਨੂੰ ਜੀ ਆਇਆਂ ਕਿਹਾ। ਇੰਜੀ. ਐਚ.ਐਸ ਤਿੰਨਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਭਵਨ ਨਿਰਮਾਣ ਦੌਰਾਨ ਕੁਦਰਤੀ ਅਤੇ ਗੈਰ ਕੁਦਰਤੀ ਊਰਜਾ ਦੇ ਸੋਮਿਆਂ ਦੀ ਸਹੀ ਵਰਤੋਂ ਕਰਨ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਭਵਨ ਨਿਰਮਾਣ ਦੀਆਂ ਇਸ ਖੇਤਰ ਨਾਲ ਸਬੰਧਤ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਮੁਹਈਆ ਕਰਨਾ ਸੀ।ਇਸ ਤੋਂ ਇਲਾਵਾ ਰਾਜ ਵਿਚ ਪੰਜਾਬ ਈ.ਸੀ.ਬੀ.ਸੀ ਦੀ ਸੁਚੱਜੀ ਸਹੂਲਤ ਲਾਗੂ ਕਰਨ ਲਈ ਮਾਹਿਰਾਂ ਦੇ ਸੁਝਾਅ ‘ਤੇ ਗੌਰ ਕਰਨਾ ਵੀ ਸ਼ਾਮਲ ਸੀ।
ਮਿਸ ਮੀਨਾਕਸ਼ੀ ਸਿੰਘਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਸਮੇਂ ਸੰਸਾਰ ਦਾ ਸਾਹਮਣਾ ਕਰਨ ਲਈ ਊਰਜਾ ਦੀ ਸੰਭਾਲ ਇਕ ਵੱਡੀ ਚੁਣੌਤੀ ਹੈ।ਬਹੁਤ ਵਧੀ ਹੋਈ ਮਕਾਨ ਉਸਾਰੀ ਦੇ ਨਤੀਜੇ ਵਜੋਂ ਮੌਜੂਦਾ ਸਮੇਂ ਵਿਚ ਊਰਜਾ ਦੀ ਮੰਗ `ਤੇ ਦਬਾਅ ਕਈ ਗੁਣਾ ਵਧ ਗਿਆ ਹੈ।ਇਸ ਲਈ, ਵਧ ਰਹੀ ਊਰਜਾ ਸੰਕਟ ਦੇ ਖ਼ਤਰੇ ਦਾ ਜਵਾਬ ਦੇਣ ਲਈ ਬਿਲਡਿੰਗ ਪੇਸ਼ਾਵਰਾਂ ਨੂੰ ਇਸ ਚੁਣੌਤੀ ਲਈ ਤਿਆਰ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ “ਹਰ ਵਿਅਕਤੀ ਦੀ ਰਾਇ ਇਸ ਵਿਸ਼ੇ ਵਿਚ ਅਹਿਮ ਤਬਦੀਲੀਆਂ ਲਿਆ ਸਕਦੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਸ਼੍ਰੀਮਤੀ ਪ੍ਰਿਯੰਕਾ ਸ਼ਰਮਾ ਕਾਉਂਸਲਰ; ਕਰਮਜੀਤ ਸਿੰਘ ਖਹਿਰਾ ਇੰਜੀ. ਇਨ ਚੀਫ਼, ਪੀ.ਐਸ.ਪੀ.ਸੀ.ਐਲ; ਗੁਰਨਾਮ ਸਿੰਘ ਲਹਿਰੀ, ਪੀ.ਏ ਟੂ ਮੇਅਰ; ਜਸਬੀਰ ਸਿੰਘ ਸੰਧੂ; ਪ੍ਰਦੁਮਣ ਸਿੰਘ; ਰਾਮਿੰਦਰ ਸਿੰਘ, ਮਨੀ ਖੰਨਾ, ਸ਼ਿਵਮ ਗੌੜ, ਆਰਕੀਟੈਕਟ ਕੇ.ਐਸ ਚਹਿਲ ਅਤੇ ਰਿਤੇਸ਼ ਸ਼ਰਮਾ ਇਸ ਮੌਕੇ `ਤੇ ਵੀ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …