ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਟੈਕਨਾਲੌਜੀ ਅਤੇ ਆਰਕੀਟੈਕਚਰ ਵਿਭਾਗ ਵੱਲੋਂ ਆਪਣੀਆਂ ਭਵਿੱਖਮੁਖੀ ਯੋਜਨਾਵਾਂ ਅਤੇ ਕਾਰਜਪ੍ਰਣਾਲੀ ਸਬੰਧੀ ਜਾਣਕਾਰੀ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਵਿਚ ਦਿੱਤੀ ਗਈ।ਦੋਵਾਂ ਵਿਭਾਗਾਂ ਦੇ ਮੁਖੀਆਂ ਵੱਲੋਂ ਪੇਸ਼ਕਾਰੀ ਜ਼ਰੀਏ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ।
ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਪ੍ਰਤਾਪ ਕੁਮਾਰ ਪਤੀ ਨੇ ਸਿੰਡੀਕੇਟ ਮੈਂਬਰਾਂ ਨੂੰ ਵਿਭਾਗ ਦੁਆਰਾ ਕੀਤੇ ਕਾਰਜਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਸਲਾਈਡ ਸ਼ੋਅ ਰਾਹੀਂ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਬਾਇਓਟੈਕਨਾਲੌਜੀ ਵਿਭਾਗ ਭਾਰਤ ਸਰਕਾਰ ਦੇ ਡੀ.ਬੀ.ਟੀ. ਵਿਭਾਗ ਵੱਲੋਂ ਵਿਤੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਪੂਰੇ ਪੰਜਾਬ ਵਿਚ ਇਕ ਮਾਤਰ ਵਿਭਾਗ ਹੈ।ਇਸ ਵਿਭਾਗ ਦੇ ਵਿਦਿਆਰਥੀਆਂ ਦੀ ਚੋਣ ਆਲ ਇੰਡੀਆ ਕੰਬਾਈਨਡ ਐਂਟਰੈਂਸ ਟੈਸਟ ਰਾਹੀਂ ਕੀਤੀ ਜਾਂਦੀ ਹੈ ਅਤੇ ਉਹਨਾਂ ਦੀ ਐਮ.ਐਸ.ਸੀ ਦੀ ਪੜ੍ਹਾਈ ਦੌਰਾਨ ਹਰ ਮਹੀਨੇ 5000 ਰੁਪਏ ਦੀ ਫੈਲੋਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਵਿਭਾਗ ਵਿਚ ਮੈਡੀਕਲ ਬਾਇਓਟੈਕਨਾਲੋਜੀ, ਪਲਾਂਟ ਬਾਇਓਟੈਕਨਾਲੌਜੀ, ਮਾਈਕਰੋਬਾਇਲ ਬਾਇਓਟੈਕਨਾਲੌਜੀ ਅਤੇ ਸਟ੍ਰਕਚਰਲ ਜੀਵ ਵਿਗਿਆਨ ਅਤੇ ਬਾਇਓਨੋਫੋਰਮੈਟਿਕਸ ਦੇ ਖੇਤਰ ਵਿੱਚ ਖੋਜ ਲਈ ਪੀਐਚ.ਡੀ. ਪ੍ਰੋਗਰਾਮ ਕਰਵਾਏ ਜਾਂਦੇ ਹਨ।ਇਸ ਵਿਭਾਗ ਦੇ ਖੋਜਾਰਥੀਆਂ ਨੇ ਦੇਸ਼ ਵਿਦੇਸ਼ ਵਿਚ ਯੂਨੀਵਰਸਿਟੀ ਦਾ ਨਾਂ ਰੌਸ਼ਨਾਇਆ ਹੈ ਅਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਫੈਲੋਸ਼ਿਪ ਜਿਵੇਂ ਨਹਿਰੂ-ਫੁਲਬ੍ਰਾਈਟ ਡਾਕਟਰੇਲ ਸਕਾਲਰਸ਼ਿਪ, ਡੀ.ਏ.ਏ.ਡੀ ਫੈਲੋਸ਼ਿਪ, ਆਈ.ਬੀ.ਰੋ.ਓ-ਏ.ਪੀ.ਆਰ.ਸੀ ਫੈਲੋਸ਼ਿਪ ਅਤੇ ਬੀ.ਈ.ਐਲ.ਐਸ.ਪੀ.ਓ. ਫੈਲੋਸ਼ਿਪ ਆਦਿ ਪ੍ਰਾਪਤ ਕੀਤੀਆਂ ਹਨ।
ਇਸੇ ਤਰ੍ਹਾਂ ਆਪਣੀ ਪੇਸ਼ਕਾਰੀ ਵਿਚ ਆਰਕੀਟੈਕਚਰ ਵਿਭਾਗ ਦੇ ਮੁਖੀ ਮੀਨਾਕਸ਼ੀ ਸਿੰਘਲ ਨੇ ਸਿੰਡੀਕੇਟ ਮੈਂਬਰਾਂ ਨੂੰ ਵਿਭਾਗ ਦੀਆਂ ਭਵਿੱਖਤ ਯੋਜਨਾ ਬਾਰੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਵਿਭਾਗ ਦੇ ਵਿਦਿਆਰਥੀਆਂ ਦੀ ਗਿਆਨ ਵਿਚ ਵਾਧੇ ਅਤੇ ਆਪਸੀ ਤਾਲਮੇਲ ਵਧਾਉਣ ਲਈ ਵਿਸ਼ਾ ਮਾਹਿਰਾਂ ਵੱਲੋਂ ਵੱਧ ਤੋਂ ਵੱਧ ਲੈਕਚਰ, ਵਰਕਸ਼ਾਪ, ਕਾਨਫਰੰਸ ਆਦਿ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿਚ ਹੋਰ ਵੀ ਕਰਵਾਏ ਜਾਣਗੇ।ਉਨ੍ਹਾਂ ਦੱਸਿਆ ਕਿ ਐਮ.ਆਰਕ (ਸਸਟੇਨਏਬਲ ਬਿਲਟ ਇਨਵਾਇਰਨਮੈਂਟ) ਅਤੇ ਐਮ.ਆਰਕ (ਕੰਸਟ੍ਰਕਸ਼ਨ ਮੈਨੇਜਮੈਂਟ ਵਿਸ਼ੇ ‘ਤੇ ਦੋ ਨਵੇਂ ਕੋਰਸ ਵਿਭਾਗ ਵੱਲੋਂ ਸ਼ੁਰੂ ਕੀਤੇ ਜਾ ਰਹੇ ਹਨ ਆਸ ਹੈ ਕਿ ਇਸ ਨਾਲ ਖੇਤਰ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਹਾ ਪ੍ਰਾਪਤ ਹੋਵੇਗਾ।
ਇਸ ਤੋਂ ਇਲਾਵਾ ਵਿਭਾਗ ਵੱਲੋਂ ਵਾਈਸ ਚਾਂਸਲਰ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ ਵੱਖ ਪ੍ਰਸਤਾਵਾਂ ਜਿਵੇਂ ਸਾਈਕਲ / ਪੈਦਲ ਯਾਤਰੀ, ਪਾਰਕਿੰਗ ਪ੍ਰਾਜੈਕਟ, ਰੇਨ ਵਾਟਰ ਹਾਰਵੈਸਟਿੰਗ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਹੋਸਟਲ ਟਾਇਲੈਟਸ ਅਪਗ੍ਰੇਡੇਸ਼ਨ, ਸੌਰ ਪੈਨਲ, ਆਦਿ ਜਿਹੇ ਪ੍ਰੋਜੈਕਟਾਂ ਨੂੰ ਸਾਂਝੇ ਤੌਰ ਤੇ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਹ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਵਨ ਨਿਰਮਾਣ ਵਿਚ ਪੰਜਾਬ ਦੀਆਂ ਪਰੰਪਰਾਵਾਂ ਤੇ ਰਿਵਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਨੌਜੁਆਨ ਪੀੜ੍ਹੀ ਨੂੰ ਸਮਕਾਲੀ ਨਵੀਨਤਾਵਾਂ ਅਤੇ ਤਕਨਾਲੋਜੀ ਅਧਾਰਿਤ ਅਭਿਆਸਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਪ੍ਰਦਾਨ ਕੀਤੀ ਜਾਵੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …