ਨਗਰ ਨਿਗਮ ਦਫਤਰ `ਚ ਆਉਣ ਵਾਲੇ ਪਹਿਲੇ ਮੁੱਖ ਮੰਤਰੀ ਵਜੋਂ ਸਿਰਜਿਆ ਇਤਿਹਾਸ
ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ ਫੇਰੀ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਗਰ ਨਿਗਮ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਰਣਜੀਤ ਐਵੀਨਿਊ ਪਹੁੰਚੇ। ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਨਗਰ ਨਿਗਮ ਦਫਤਰ ਵਿੱਚ ਆਉਣ ਵਾਲੇ ਪਹਿਲੇ ਮੁੱਖ ਮੰਤਰੀ ਵਜੋਂ ਇਤਿਹਾਸ ਸਿਰਜਿਆ ਹੈ।ਇਸ ਅਵਸਰ `ਤੇ ਨਵਜੋਤ ਸਿੰਘ ਸਿੱਧੂ ਮੰਤਰੀ ਸਥਾਨਕ ਸਰਕਾਰਾਂ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਓਮ ਪ੍ਰਕਾਸ਼ ਸੋਨੀ, ਵਿਧਾਇਕ ਡਾ: ਰਾਜ ਕੁਮਾਰ ਵੇਰਕਾ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਰਮਿੰਦਰ ਸਿੰਘ ਬੁਲਾਰੀਆ, ਤਰਨਤਾਰਨ ਦੇ ਵਿਧਾਇਕ ਡਾ: ਧਰਮਵੀਰ ਅਗਨੀਹੋਤਰੀ, ਕਮਿਸ਼ਨਰ ਨਗਰ ਨਿਗਮ ਸ੍ਰ਼ੀਮਤੀ ਸੋਨਾਲੀ ਗਿਰੀ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕਾਂਗਰਸ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ ਅਤੇ ਸਮੂਹ ਕੌਸਲਰ ਹਾਜਰ ਸਨ।ਮੇਅਰ ਕਰਮਜੀਤ ਸਿੰਘ ਵੱਲੋਂ ਨਗਰ ਨਿਗਮ ਕੰਪਲੈਕਸ ਵਿਚ ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਜੀ ਨੂੰ ਪਧਾਰਨ `ਤੇ ਜੀ ਆਇਆ ਆਖਿਆ ਅਤੇ ਉਹਨਾਂ ਦਾ ਨਿਘਾ ਸਵਾਗਤ ਕੀਤਾ ਗਿਆ।
ਇਸ ਉਪਰੰਤ ਮੇਅਰ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਨਗਰ ਨਿਗਮ ਦੀ ਮੌਜੂਦਾ ਮਾੜੀ ਵਿੱਤੀ ਹਾਲਤ ਬਾਰੇ ਜਾਣਕਾਰੀ ਦਿੱਤੀ ਅਤੇ ਸੰਬੋਧਨ ਕੀਤਾ ਕਿ ਇਸ ਸ਼ਹਿਰ ਵਿਚ ਰੋਜਾਨਾ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਸ੍ਰ਼ੀ ਹਰਿਮੰਦਰ ਸਾਹਿਬ, ਸ੍ਰ਼ੀ ਦੁਰਗਿਆਣਾ ਮੰਦਰ, ਸ੍ਰ਼ੀ ਰਾਮਤੀਰਥ ਆਦਿ ਧਾਰਮਿਕ ਅਸਥਾਨਾਂ ਦੇ ਦਰਸ਼ਨਾ ਲਈ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਇਤਿਹਾਸਕ ਸਥਾਨ ਜਲਿਆਂਵਾਲਾ ਬਾਗ ਦੇ ਦਰਸ਼ਨਾ ਲਈ ਵੀ ਆਉਦੇ ਹਨ। ਨਗਰ ਨਿਗਮ, ਅੰਮ੍ਰਿਤਸਰ ਦਾ ਮੁੱਖ ਮਕਸਦ ਸ਼ਹਿਰ ਦੇ ਨਿਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਕਿਉਂ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਦਾ ਵਿਕਾਸ ਨਹੀ ਹੋਇਆ।ਇਸ ਲਈ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਪ੍ਰਮੁੱਖ ਸੜਕਾਂ ਅਤੇ ਗਲੀਆਂ ਆਧੁਨਿਕ ਤਕਨੀਕ ਦੇ ਆਧਾਰ `ਤੇ ਪੱਕੀਆਂ ਬਨਾਉਣ, ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਿਆਂ ਵਿਚ 5 ਸੁਪਰ ਸੱਕਰ ਮਸ਼ੀਨਾਂ, ਸੀਵਰਾਂ ਦੀ ਮੁਕੰਮਲ ਸਾਫ-ਸਫਾਈ ਲਈ 5 ਜੈਟਿੰਗ ਮਸ਼ੀਨਾਂ, ਸ਼ਹਿਰ ਵਿਚੋਂ ਮਲਬਾ ਆਦਿ ਉਠਾਉਣ ਲਈ 10 ਟਾਟਾ-407, ਸਟਰੀਟ ਲਾਈਟ ਨੂੰ ਜਗਮਗਾਉਣ ਵਾਸਤੇੇ ਬਿਜਲੀ ਦਾ ਸਾਮਾਨ ਖਰੀਦਣ, ਇੰਨਕਰੋਚਮੈਂਟ ਨੂੰ ਹਟਾਉਣ ਲਈ 2 ਵੱਡੇ ਟਰੱਕ, 5 ਮਕੈਨੀਕਲ ਸਵੀਪਿੰਗ ਮਸ਼ੀਨਾਂ, ਕੂੜਾ-ਕਰਕਟ ਉਠਾਉਣ ਲਈ 50 ਸਮਾਰਟ ਬਿੰਨਜ਼, ਕੂੜਾ ਡੰਪਿੰਗ ਗ੍ਰਾਂਉਡ ਤੱਕ ਪਹੁੰਚਾਉਣ ਲਈ ਬਾਇਓ-ਕੰਮਪੈਕਟਰ ਖਰੀਦਣ, ਅੰਦਰੂਨੀ ਸ਼ਹਿਰ ਦੀਆਂ ਭੀੜੀਆਂ ਗਲੀਆਂ ਵਿਚੋਂ ਕੂੜਾ-ਕਰਕਟ ਚੁੱਕਣ ਲਈ 160 ਈ-ਰਿਕਸ਼ੇ ਅਤੇ ਕੰਟੇਨਰ ਖਰੀਦਣੇ ਅਤਿ ਲੋੜੀਂਦੇ ਹਨ।ਉਹਨਾਂ ਨੇ ਸ਼ਹਿਰ ਦੇ ਸਮੁੱਚੇ ਵਿਕਾਸ ਲਈ 210.00 ਕਰੋੜ ਰੁਪਏ ਦੀ ਮੰਗ ਕੀਤੀ। ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਮਾਨਯੋਗ ਮੁੱਖ ਮੰਤਰੀ ਪਾਸ ਨਗਰ ਨਿਗਮ ਅੰਮ੍ਰਿਤਸਰ ਨੂੰ ਖੂਬਸੂਰਤ, ਹਰਾ-ਭਰਾ ਅਤੇ ਵਿਕਸਤ ਬਨਾਉਣ ਲਈ 100 ਕਰੋੜ ਰੁਪਏ ਦੀ ਮੰਗ ਰੱਖੀ, ਜਿਸ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਉਹਨਾਂ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਲਈ ਹੋਰ ਵੀ ਰਾਸ਼ੀ ਲੈ ਕੇ ਆਉਣ ਦਾ ਭਰੋਸਾ ਦਿੱਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …