ਸੁਖਮੀਤ ਸਿੰਘ ਗਿੰਨੀ ਨੇ ਸਰਨਾ ਦਲ ਨੂੰ ਕੀਤਾ ਅਲਵਿਦਾ
ਨਵੀਂ ਦਿੱਲੀ, 24 ਫਰਵਰੀ (ਪੰਜਾਬ ਪੋਸਟ ਬਿਊਰੋ) – ਉਘੇ ਫ਼ੈਸ਼ਨ ਬ੍ਰਾਂਡ ਗੁੱਚੀ ਵੱਲੋਂ ਦਸਤਾਰ ਦੀ ਵਰਤੋ ਫ਼ੈਸ਼ਨ ਸ਼ੋਅ ਦੌਰਾਨ ਕਰਨ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਅਕਾਲੀ ਦਲ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਨੌਜਵਾਨਾਂ ਨੂੰ ਦਸਤਾਰ ਦੀ ਜਰੂਰਤ ਸਮਝਣ ਦਾ ਸੱਦਾ ਦਿੱਤਾ।ਸਰਨਾ ਦਲ ਦੇ ਨੌਜਵਾਨ ਆਗੂ ਸੁਖਮੀਤ ਸਿੰਘ ਗਿੰਨੀ ਨੂੰ ਇਸ ਮੌਕੇ ਸ਼ਾਲ ਭੇਟ ਕਰਕੇ ਪਾਰਟੀ ’ਚ ‘ਜੀ ਆਇਆ’ ਕਹਿੰਦੇ ਹੋਏ ਜੀ.ਕੇ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਨਾਂ ’ਤੇ ਮੈਟਰੋ ਸਟੇਸ਼ਨ ਦਾ ਨਾਂ ਰੱਖੇ ਜਾਣ ਲਈ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਵੀ ਜਾਣਕਾਰੀ ਦਿੱਤੀ।ਜੀ.ਕੇ ਨੇ ਟਾਈਟਲਰ ਮਾਮਲੇ ’ਚ ਅੱਜ ਹੋਈ ਕੋਰਟ ਦੀ ਸੁਣਵਾਈ ਬਾਰੇ ਪ੍ਰਤੀਕਰਮ ਦਿੰਦੇ ਹੋਏ ਸੀ.ਬੀ.ਆਈ ਅਤੇ ਦਿੱਲੀ ਸਰਕਾਰ ਦੀ ਢਿੱਲੀ ਕਾਰਗੁਜਾਰੀ ’ਤੇ ਵੀ ਸਵਾਲ ਚੁੱਕੇ।
ਜੀ.ਕੇ ਨੇ ਕਿਹਾ ਕਿ ਗੁੱਚੀ ਨੇ ਦਸਤਾਰ ਨੂੰ ਆਪਣੇ ਬ੍ਰਾਂਡ ਦੇ ਉਤਪਾਦ ਵੱਜੋਂ ਵਰਤ ਕੇ ਦਸਤਾਰ ਦਾ ਮੁੱਲ ਲਗਾਉਣ ਦੀ ਕੋਝੀ ਹਰਕਤ ਕੀਤੀ ਹੈ।ਸਿੱਖ ਦੀ ਦਸਤਾਰ ਦਾ ਕੋਈ ਮੁੱਲ ਨਹੀਂ ਲਗਾ ਸਕਦਾ।ਸਿੱਖ ਦੇ ਸਿਰ ’ਤੇ ਸੱਜੀ ਹੋਈ ਦਸਤਾਰ ਲੋਕਾਂ ਲਈ ਇਨਸਾਫ਼ ਅਤੇ ਇਨਸਾਨੀਅਤ ਦੀ ਗਾਰੰਟੀ ਹੈ ਅਤੇ ਦੁਸ਼ਮਣਾਂ ਲਈ ਸਿਰ ’ਤੇ ਬੰਨੇ ਕਫ਼ਨ ਵਰਗੀ ਹੈ।ਜੀ.ਕੇ ਨੇ ਫ਼ੈਸ਼ਨ ਕਰਕੇ ਸਿਰ ’ਤੇ ਗੁੱਚੀ ਦੀਆਂ ਟੋਪੀਆਂ ਪਾਉਣ ਵਾਲੇ ਨੌਜਵਾਨਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਅੱਜ ਵੱਡੇ ਫ਼ੈਸ਼ਨ ਬ੍ਰਾਂਡ ਨੇ ਵੀ ਮੰਨ ਲਿਆ ਹੈ ਕਿ ਦਸਤਾਰ ਫ਼ੈਸ਼ਨ ਦਾ ਹਿੱਸਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਰਦਾਰੀ ਵੱਜੋਂ ਦਸਤਾਰ ਬੰਨਣ ਦਾ ਹੁਕਮ ਦਿੱਤਾ ਸੀ।ਜਿਸ ਦੀ ਪ੍ਰੋੜਤਾ ਹੁਣ ਗੁੱਚੀ ਵੀ ਕਰ ਰਿਹਾ ਹੈ।ਇਸ ਸਬੰਧੀ ਗੁੱਚੀ ਨੂੰ ਦਸਤਾਰ ਦੇ ਫ਼ੈਸ਼ਨ ਉਤਪਾਦ ਵੱਜੋਂ ਨਾ ਵਰਤੇ ਜਾਣ ਲਈ ਚੇਤਾਵਨੀ ਪੱਤਰ ਭੇਜਣ ਦਾ ਵੀ ਜੀ.ਕੇ ਨੇ ਐਲਾਨ ਕੀਤਾ।
ਜੀ.ਕੇ ਨੇ ਦੱਸਿਆ ਕਿ ਰਿੰਗ ਰੋਡ ਮੈਟਰੋ ਦੀ ਉਸਾਰੀ ਦੌਰਾਨ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਨਜ਼ਦੀਕ ਸਥਾਪਿਤ ਹੋਏ ਮੈਟਰੋ ਸਟੇਸ਼ਨ ਦਾ ਨਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਨਾਂ ’ਤੇ ਰੱਖਣ ਲਈ ਕਮੇਟੀ ਵੱਲੋਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੂੰ 25 ਜੁਲਾਈ 2017 ਅਤੇ 9 ਸਤੰਬਰ 2017 ਨੂੰ ਬੇਨਤੀ ਪੱਤਰ ਭੇਜੇ ਗਏ ਸੀ। ਪਰ ਸਾਡੀ ਜਾਣਕਾਰੀ ’ਚ ਆਇਆ ਹੈ ਕਿ ਮੈਟਰੋ ਨੇ ਆਜ਼ਾਦੀ ਦੀ ਲੜਾਈ ’ਚ ਹਿੱਸਾ ਪਾਉਣ ਵਾਲੀ ਦੁਰਗਾ ਬਾਈ ਦੇਸ਼ਮੁੱਖ ਦੇ ਨਾਂ ’ਤੇ ਮੈਟਰੋ ਸਟੇਸ਼ਨ ਦਾ ਨਾਂ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜੀ.ਕੇ ਨੇ ਕਿਹਾ ਕਿ ਗੁਰਦੁਆਰਾ ਮੋਤੀ ਬਾਗ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਬੀਰਤਾ ਦਾ ਪ੍ਰਤੀਕ ਹੈ। ਗੁਰੂ ਸਾਹਿਬ ਨੇ ਇਸ ਅਸਥਾਨ ਤੋਂ ਲਾਲ ਕਿਲੇ ਬੈਠੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਦੇ ਤਖ਼ਤ ਦੇ ਪਾਵੇ ’ਤੇ 2 ਤੀਰ ਮਾਰੇ ਸਨ।ਜਿਸ ’ਚ ਪਹਿਲੇ ਤੀਰ ਨਾਲ ਆਪਣੇ ਆਉਣ ਦੀ ਸੂਚਨਾ ਤੇ ਦੂਜੇ ਤੀਰ ਦੇ ਨਾਲ ਇੱਕ ਪੱਤਰ ਵੀ ਸੀ।ਜਿਸ ’ਚ ਲਿਖਿਆ ਸੀ ਕਿ ਇਹ ਕਰਾਮਾਤ ਨਹੀਂ ਸਗੋਂ ਸੂਰਬੀਰਤਾ ਹੈ।
ਜੀ.ਕੇ. ਨੇ ਕਿਹਾ ਕਿ ਗੁਰੂ ਸਾਹਿਬ ਚਾਹੁੰਦੇ ਤਾਂ ਇਹ ਤੀਰ ਬਾਦਸ਼ਾਹ ਦੀ ਛਾਤੀ ’ਚ ਵੀ ਮਾਰ ਸਕਦੇ ਸਨ। ਪਰ ਗੁਰੂ ਸਾਹਿਬ ਉਸਨੂੰ ਦੱਸਣਾ ਚਾਹੁੰਦੇ ਸਨ ਕਿ ਉਹ ਕਿਤਨੇ ਸਮਰਥ ਹਨ।ਇਸ ਕਰਕੇ ਗੁਰੂ ਸਾਹਿਬ ਦੇ ਇਸ ਸੂਰਬੀਰਤਾ ਵਾਲੇ ਕਾਰਨਾਮੇ ਦੀ ਯਾਦ ਨੂੰ ਸਮਰਪਿਤ ਸਟੇਸ਼ਨ ਦਾ ਨਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਹੋਵੇ ਇਸ ਲਈ ਦਿੱਲੀ ਕਮੇਟੀ ਇੱਕ ਵਾਰ ਫਿਰ ਸਰਕਾਰੀ ਪੱਧਰ ’ਤੇ ਕੋਸ਼ਿਸ਼ ਕਰੇਗੀ।ਜੀ.ਕੇ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਅਭਿਸ਼ੇਕ ਵਰਮਾ ਦੇ ਲਾਈ ਡਿਟੈਕਟਰ ਟੇਸ਼ਟ ਤੋਂ ਇੱਕ ਵਾਰ ਫਿਰ ਕਿਨਾਰਾ ਕਰਕੇ ਕਾਤਲਾਂ ਨਾਲ ਆਪਣੀ ਸਾਂਝ ਨੂੰ ਮੁੜ ਸਾਬਤ ਕਰ ਦਿੱਤਾ ਹੈ।ਸੀ.ਬੀ.ਆਈ ਵੱਲੋਂ ਇਸ ਮਾਮਲੇ ’ਚ ਦਿਖਾਈ ਜਾ ਰਹੀ ਢਿਲਾਈ ਨੂੰ ਜੀ.ਕੇ ਨੇ ਕੌਮ ਨੂੰ ਇਨਸਾਫ਼ ਦਿਵਾਉਣ ਦੀ ਦਿਸ਼ਾ ’ਚ ਗਲਤ ਕਰਾਰ ਦਿੱਤਾ।
ਜੀ.ਕੇ ਨੇ ਸਰਨਾ ਦਲ ਛੱਡ ਕੇ ਵਾਪਸ ਆਪਣੇ ਸਾਥਿਆਂ ਸਣੇ ਪਾਰਟੀ ’ਚ ਆਏ ਗਿੰਨੀ ਨੂੰ ਬਣਦਾ ਸਤਿਕਾਰ ਦੇਣ ਦਾ ਐਲਾਨ ਕੀਤਾ।ਜੀ.ਕੇ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਭੂਪਿੰਦਰ ਪਾਲ ਸਿੰਘ ਦੀ ਪ੍ਰੇਰਣਾ ਸੱਦਕਾ ਗਿੰਨੀ ਨੇ ਅੱਜ ਘਰ ਵਾਪਸੀ ਕੀਤੀ ਹੈ।ਪੱਤਰਕਾਰਾਂ ਵੱਲੋਂ ਸਵਾਲ ਪੁੱਛਣ ’ਤੇ ਗਿੰਨੀ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਸਿੱਖੀ ਦੀ ਚੜ੍ਹਦੀਕਲਾ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਹ ਆਪਣੀ ਮੂਲ ਪਾਰਟੀ ’ਚ ਵਾਪਸ ਆਏ ਹਨ।ਗਿੰਨੀ ਨੇ ਸਰਨਾ ਦਲ ਦੇ ਆਗੂਆਂ ’ਤੇ ਵਰਕਰਾਂ ਨੂੰ ਮਾਨ-ਸਨਮਾਨ ਨਾ ਦੇਣ ਦਾ ਵੀ ਦੋਸ਼ ਲਗਾਇਆ।ਇਸ ਮੌਕੇ ਪਾਰਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …