Saturday, July 27, 2024

ਖਾਲਸਾ ਕਾਲਜ ਵੂਮੈਨ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ 

ਸ਼ੌਹਰਤ ਦੀ ਲਾਲਸਾ ਤੇ ਮਹਿੰਗਾਈ ਕਾਰਨ ਰੀਤੀ-ਰਿਵਾਜਾਂ ਤੇ ਤਿਉਹਾਰ ਖੁਸ ਰਹੇ – ਪ੍ਰਿੰ: ਮਾਹਲ 
PPN020817

ਅੰਮ੍ਰਿਤਸਰ, 2  ਅਗਸਤ (ਪ੍ਰੀਤਮ ਸਿੰਘ)- ਸਥਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ ‘ਚ ਅੱਜ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਵਿਦਿਆਰਥਣਾਂ ਨੇ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਜਿਉਂਦਿਆਂ ਰੱਖਿਆਂ ਹੋਇਆ ਆਏ ਸਰੋਤਿਆਂ ਨੂੰ ਪੁਰਾਤਨ ਵਿਰਸੇ ਦੇ ਖਿਆਲਾਂ ‘ਚ ਮਘਨ ਹੋਣ ਲਈ ਮਜ਼ਬੂਰ ਕਰ ਦਿੱਤਾ। ਕਾਲਜ ਦੀਆਂ ਵਿਦਿਆਰਥਣਾਂ ਨੇ ਸਾਉਣ ਦੇ ਮਹੀਨੇ ‘ਚ ਮਨਾਏ ਜਾਂਦੇ ਇਸ ਤਿਉਹਾਰ ‘ਤੇ ਪੀਂਘਾਂ ਝੂਟਣ, ਇਕ ਦੂਜੇ ‘ਤੇ ਹਾਸਰਸ ਵਿਅੰਗ ਕੱਸਣ, ਝਰਖਾ ਕੱਤਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।  ਪ੍ਰੋਗਰਾਮ ਦਾ ਅਗਾਜ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ‘ਪੀਂਘਾਂ ਝੂਟਦੀਆਂ ਸਾਵਨ ‘ਚ ਮੁਟਿਆਰਾਂ’ ਦੇ ਗਾਇਨ ਨਾਲ ਹੋਇਆ, ਜਿਸਦੀ ਕਾਫ਼ੀ ਸ਼ਲਾਘਾ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨਾ, ਦੇਸੀ 12 ਮਹੀਨਿਆਂ ‘ਚੋਂ ਵੱਖਰੀ ਪਛਾਣ ਰੱਖਦਾ ਹੈ। ਇਸ ਤਿਓਹਾਰ ‘ਤੇ ਮੁਟਿਆਰਾਂ ਆਪਣੇ ਦਿਲ ਦੇ ਚਾਅ ਤੇ ਉਮੰਗਾਂ ਨੂੰ ਉਜਾਗਰ ਕਰਦੀਆਂ ਹਨ ਅਤੇ ਇਕੱਠੀਆਂ ਗਿੱਧਾ ਅਤੇ ਪੀਂਘਾਂ ਝੂਟ ਕੇ ਮੌਜ਼ਾਂ ਮਾਣਦੀਆਂ ਸਨ।


ਪ੍ਰਿੰ: ਮਾਹਲ ਕਿਹਾ ਕਿ ਨਵ-ਵਿਆਹੀਆਂ ਮੁਟਿਆਰਾਂ ਸਾਵਣ ਦਾ ਮਹੀਨਾ ਗੁਜ਼ਾਰਣ ਲਈ ਸਹੁਰੇ ਘਰ ਤੋਂ ਪੇਕੇ ਘਰ ਆ ਕੇ ਆਪਣੀ ਜ਼ਿੰਦਗੀ ਦੇ ਗੁਜਾਰੇ ਉਨ੍ਹਾਂ ਸੁਨਿਹਰੀ ਪਲਾਂ ਨੂੰ ਆਪਣੀਆਂ ਸਾਥਣਾਂ ਨਾਲ ਸਾਂਝੀਆਂ ਕਰਦੀਆਂ ਹਨ ਅਤੇ ਖੂਬਸੂਰਤ ਜ਼ਿੰਦਗੀ ਦੀ ਤਮੰਨਾ ਲਈ ਵਿਚਾਰਾਂ ਦੀ ਸਾਂਝ ਬੁੰਨ੍ਹਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀਆਂ ਮੁਟਿਆਰਾਂ ਪੰਜਾਬੀ ਸੱਭਿਆਚਾਰ ਤੋਂ ਬੁਰੀ ਤਰ੍ਹਾਂ ਭਟਕ ਕੇ ਉਸ ਨਾਲੋਂ ਟੁੱਟ ਚੁੱਕੀਆਂ ਹਨ, ਜੋ ਬੜੀ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਗੱਲ ‘ਤੇ ਵੀ ਅਫ਼ਸੋਸ ਜਾਹਿਰ ਕੀਤੀ ਕਿ ਜਿੱਥੇ ਸ਼ੌਹਰਤ ਆਦਿ ਹਾਸਲ ਕਰਨ ਦੀ ਲਾਲਸਾ ਕਰਕੇ ਅੱਜ ਦੀ ਪੀੜ੍ਹੀ ਆਪਣੇ ਸੱਭਿਆਚਾਰ, ਰੀਤੀ-ਰਿਵਾਜ ਤੇ ਵਿਰਸੇ ਨੂੰ ਭੁਲਦੀ ਜਾ ਰਹੀ ਹੈ, ਉੱਥੇ ਵੱਧਦੀ ਮਹਿੰਗਾਈ ਨੇ ਵੀ ਤਿਉਹਾਰਾਂ ‘ਤੇ ਲੱਗਦੀਆਂ ਰੌਣਕਾਂ ਨੂੰ ਘਟਾਉਣ ‘ਚ ਕੋਈ ਕਸਰ ਨਹੀਂ ਛੱਡੀ। ਪਰ ਫਿਰ ਵੀ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੇ ਸਮਾਜ ਸੇਵਕ ਸੰਸਥਾਵਾਂ, ਕਾਲਜ ਅਤੇ ਸਕੂਲ ਆਦਿ ਸਮੇਂ-ਸਮੇਂ ‘ਤੇ ਇਹੋ ਜਿਹੇ ਉਪਰਾਲੇ ਕਰਦੇ ਹਨ ਕਿ ਸਾਡੇ ਰੀਤੀ-ਰਿਵਾਜਾਂ ਨਾਲ ਜੁੜੇ ਹੋਏ ਇਹ ਤਿਓਹਾਰ ਜਿਉਂਦੇ ਰਹਿ ਸਕਣ। ਇਸ ਮੌਕੇ ਡਾ. ਜਤਿੰਦਰ ਕੌਰ, ਡਾ. ਸੁਮਨ ਨਈਅਰ, ਡਾ. ਚੈਂਚਲ ਬਾਲਾ, ਡਾ. ਅਮਰਜੀਤ ਕੌਰ, ਰਵਿੰਦਰ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਨੀਲਮਜੀਤ, ਮੈਡਮ ਮਨਬੀਰ ਕੌਰ, ਰਾਕੇਸ਼ ਕੁਮਾਰ, ਮਨਜੀਤ ਸਿੰਘ, ਡਾ. ਸਤਨਾਮ ਭੱਲਾ ਆਦਿ ਤੋਂ ਇਲਾਵਾ ਕਾਲਜ ਦੀਆਂ ਵਿਦਿਆਰਥਣਾਂ ਸ਼ਾਮਿਲ ਸਨ। 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply