ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) -ਜੀਵਨ ’ਚ ਨੈਤਿਕਤਾ ਦੇ ਮਹੱਤਵ ਨੂੰ ਪਛਾਣਦਿਆਂ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ‘ਨੈਤਿਕ ਸਿੱਖਿਆ ਇਮਤਿਹਾਨ’ ਕਰਵਾਇਆ ਜਾਂਦਾ ਹੈ। ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਉਕਤ ਪ੍ਰੀਖਿਆ ’ਚ ਵਿਸ਼ੇਸ਼ ਸਥਾਨ ਹਾਸਲ ਕੀਤੇ। ਜਿਨ੍ਹਾਂ ’ਚ ਕਾਲਜ ਦੀ ਬੀ. ਕਾਮ. ਸਮੈਸਟਰ ਚੌਥਾ ਦੀ ਵਿਦਿਆਰਥਣ ਸੰਦੀਪ ਕੌਰ ਨੇ ਅੰਮ੍ਰਿਤਸਰ-ਤਰਨ ਤਾਰਨ ਜ਼ੋਨ ’ਚੋਂ ਦੂਜਾ ਸਥਾਨ ਅਤੇ ਗੁਰਪਿੰਦਰ ਕੌਰ (ਬੀ.ਏ ਸਮੈਸਟਰ ਛੇਵਾਂ) ਨੇ ਚੌਥਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਇਨ੍ਹਾਂ ਵਿਦਿਆਰਥੀਆਂ ਨੂੰ ਸਟੱਡੀ ਸਰਕਲ ਵੱਲੋਂ ਆਏ ਮੈਂਬਰਾਂ ਦੁਆਰਾ ਨਕਦ ਇਨਾਮ, ਸ਼ੀਲਡਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਟੱਡੀ ਸਰਕਲ ਵਲੋਂ ਕੀਤੇ ਗਏ ਉਪਰਾਲੇ ਅੱਜ ਦੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਬਹੁਤ ਜਰੂਰੀ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਇਕ ਚੰਗਾ ਮਨੁੱਖ ਬਣਨ ਦੀ ਪ੍ਰੇਰਣਾ ਦਿੱਤੀ ਜੋ ਕਿ ਧਰਮ ਨਾਲ ਜੁੜ ਕੇ ਹੀ ਸੰਭਵ ਹੋ ਸਕਦਾ ਹੈ। ਨਾਲ ਹੀ ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਉਨ੍ਹਾਂ ਕੋਲੋਂ ਪ੍ਰੇਰਣਾ ਲੈਣ ਲਈ ਕਿਹਾ।
ਇਸ ਮੌਕੇ ਸਟੱਡੀ ਸਰਕਲ ਵਲੋਂ ਮੁੱਖ ਮਹਿਮਾਨ ਵਜੋਂ ਪੁੱਜੇ ਸ: ਰਵਿੰਦਰ ਸਿੰਘ ਧਰਮ ਪ੍ਰਚਾਰਕ ਸ਼੍ਰੋਮਣੀ ਕਮੇਟੀ ਨੇ ਵਿਦਿਆਰਥੀਆਂ ਨਾਲ ਸ਼ਾਬਦਿਕ ਸਾਂਝ ਪਾਂਉਦੇ ਕਿਹਾ ਕਿ ਧਰਮ ਸਾਨੂੰ ਆਪਣੇ ਜੀਵਨ ਵਿਚਲੇ ਕਰਤੱਵਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਜਾਚ ਸਿਖਾਉਂਦਾ ਹੈ। ਧਾਰਮਿਕ ਅਤੇ ਨੈਤਿਕ ਕਦਰਾਂ ਕੀਮਤਾਂ ਤੋਂ ਹੀ ਮਨੁੱਖ ਨੂੰ ਸੱਚਾ ਮਨੁੱਖ ਬਣਨ ਅਤੇ ਸਮਾਜ ’ਚ ਫੈਲਣ ਵਾਲੀਆ ਕੁਰੀਤੀਆਂ ਨਾਲ ਲੜਨ ਦੀ ਪ੍ਰੇਰਣਾ ਮਿਲਦੀ ਹੈ।
ਉਕਤ ਵਿਦਿਆਰਥੀਆਂ ਤੋਂ ਇਲਾਵਾ ਨਵਦੀਪ ਕੌਰ (ਬੀ.ਕਾਮ), ਹਰਮਨਜੀਤ ਕੌਰ ( ਬੀ.ਸੀ.ਏ), ਦਲਜੀਤ ਕੌਰ (+2 ਕਾਮਰਸ), ਮਨਪ੍ਰੀਤ ਕੌਰ (+1 ਸਾਇੰਸ), ਹਰਪ੍ਰੀਤ ਕੌਰ (+1 ਸਾਇੰਸ) ਨੂੰ ਸ਼ੀਲਡਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ’ਚ 2+ ਗ੍ਰੇਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮੈਡਲ ਅਤੇ ਸਰਟੀਫਿਕੇਟ ਵੰਡੇ ਗਏ। ਸਟੱਡੀ ਸਰਕਲ ’ਚ ਜਿਤੇ ਇਨਾਮਾਂ ਤੋਂ ਇਲਾਵਾ ਕਾਲਜ ’ਚ ਵੱਖ-ਵੱਖ ਸਮੇਂ ਕਰਵਾਏ ਧਾਰਮਿਕ ਮੁਕਾਬਲਿਆਂ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਕਾਲਜ ਵਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੱਡੀ ਸਰਕਲ ਤੋਂ ਜੋਗਿੰਦਰ ਸਿੰਘ, ਪ੍ਰੋ. ਜਗਦੀਪ ਕੌਰ ਅਤੇ ਪ੍ਰੋ. ਰਣਜੀਤ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …