ਹੱਕੀ ਮੰਗਾਂ ਲਈ ਸੋਨੀਆ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਫੂਕੇ ਪੁਤਲੇ
ਧੂਰੀ, 8 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਆਲ ਪੰਜਾਬ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਅੱਜ ਕੌਂਮਾਂਤਰੀ ਇਸਤਰੀ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ।ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਿਰਾਂ `ਤੇ ਕਾਲੀਆਂ ਚੁੰਨੀਆਂ ਲੈ ਕੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਅਤੇ ਕੁਲ ਹਿੰਦ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਬਣਾਏ ਗਏ ਪੁਤਲਿਆਂ ਨੂੰ ਸਾੜਿਆ।ਵੱਖ-ਵੱਖ ਆਗੂਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪਿਛਲੇ ਸਵਾ ਮਹੀਨੇ ਤੋਂ ਜੱਥੇਬੰਦੀ ਵੱਲੋਂ ਵਿੱਤ ਮੰਤਰੀ ਦੇ ਬਠਿੰਡਾ ਦਫਤਰ ਅੱਗੇ ਰੋਸ ਧਰਨਾ ਲਗਾਇਆ ਹੋਇਆ ਹੈ ਅਤੇ ਪੂਰੇ ਪੰਜਾਬ ਵਿੱਚ ਸੰਘਰਸ਼ ਵਿੱਢਿਆ ਹੋਇਆ ਹੈ।ਜੱਥੇਬੰਦੀ ਦੀ ਮੰਗ ਹੈ ਕਿ ਵਰਕਰਾਂ ਨੂੰ ਹਰਿਆਣਾ ਅਤੇ ਦਿੱਲੀ ਪੈਟਰਨ `ਤੇ ਮਾਣ ਭੱਤਾ ਦਿੱਤਾ ਜਾਵੇ, ਸਰਕਾਰੀ ਸਕੂਲਾਂ ਵਿੱਚ ਦਾਖਲ ਕੀਤੇ ਗਏ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਵਾਪਸ ਭੇਜਿਆ ਜਾਵੇ, ਰੋਕੇ ਹੋਏ ਬਿਲਾਂ ਨੂੰ ਪਾਸ ਕੀਤਾ ਜਾਵੇ।ਆਗੂਆਂ ਨੇ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਨੇ ਭਰੁਣ ਹੱਤਿਆਵਾਂ ਦੇ ਖਿਲਾਫ ਕੈਂਪ ਤੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਿਸ ਨਾਲ ਪੰਜਾਬ ਵਿੱਚ ਕੁੜੀਆਂ ਦੀ ਦਰ ਵਧੀ ਹੈ, ਪ੍ਰੰਤੂ ਵਰਕਰਾਂ ਹੈਲਪਰਾਂ ਨੂੰ ਆਪਣਾ ਹੱਕ ਲੈਣ ਲਈ ਸੜਕਾਂ ਤੇ ਰੁਲਣਾ ਪੈ ਰਿਹਾ ਹੈ ਅਤੇ ਸਰਕਾਰ ਉਹਨਾਂ `ਤੇ ਪੁਲਿਸ ਦੇ ਡੰਡੇ ਵਰ੍ਹਾ ਰਹੀ ਹੈ।
ਇਸ ਮੌਕੇ ਬਲਜੀਤ ਕੌਰ ਪੇਧਨੀ, ਜਸਪਾਲ ਦੇਵੀ, ਜਸਵਿੰਦਰ ਕੌਰ ਹਸਨਪੁਰ, ਬਲਵਿੰਦਰ ਕੌਰ ਰਾਜੋਮਾਜਰਾ, ਸੁਖਵਿੰਦਰ ਕੁਮਾਰੀ ਕੱਕੜਵਾਲ, ਜਸਵਿੰਦਰ ਕੌਰ ਕਾਂਝਲ਼ਾ, ਮਨਜੀਤ ਕੌਰ ਬਟੂਹਾ, ਪਰਮਜੀਤ ਕੌਰ ਰੜ ਅਤੇ ਜਸਪਾਲ ਕੌਰ ਆਦਿ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …