ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮਹਿੰਮ
ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਵਿਚ ਸ਼ਾਮਿਲ ਕਰਦੇ ਹੋਏ ਵਾਲੰਟੀਅਰਜ਼ ਵਜੋਂ ਆਮ ਲੋਕਾਂ ਨੂੰ ਜੋੜਨ ਲਈ `ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫੀਸਰ (ਡੀ.ਏ.ਪੀ.ਓ) ਦੇ ਬੈਨਰ ਹੇਠ ਪ੍ਰੋਗਰਾਮ ਦੇ ਮੱਦੇਨਜ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਸਾਹਮਣੇ ਇਕ ਵਿਸ਼ੇਸ਼ ਸਮਾਗਮ ਵਿਚ ਨਸ਼ਿਆਂ ਦੀ ਰੋਕਥਾਮ ਸਬੰਧੀ ਸਹੁੰ ਚੁੱਕੀ ਗਈ। ਇਸ ਮੌਕੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਸਹੁੰ ਵਿਚ ਸਾਰਿਆਂ ਨੇ ਪ੍ਰਣ ਲਿਆ ਕਿ “ਆਪਣੇ ਸਮਾਜ, ਆਪਣੇ ਸੂਬੇ ਤੇ ਦੇਸ਼ ਦੀ ਬਿਹਤਰੀ ਅਤੇ ਸੁਰੱਖਿਆ ਨੂੰ ਸਮਰਪਿਤ ਮੈਂ ਸਹੁੰ ਖਾਂਦਾ/ਖਾਂਦੀ ਹਾਂ ਕਿ ਮੈਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਬਣਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਾਂਗਾ/ਕਰਾਂਗੀ।ਮੈਂ ਇਹ ਵੀ ਸਹੁੰ ਖਾਂਦਾ/ਖਾਂਦੀ ਹਾਂ ਕਿ ਮੈਂ ਆਪਣੇ ਮੁਹੱਲੇ ਅਤੇ ਸ਼ਹਿਰ ਵਾਸੀਆਂ ਨੂੰ ਪੁਰਜੋਰ ਯਤਨ ਕਰਦੇ ਹੋਏ ਨਸ਼ੇ ਦੇ ਮਾਰੂ ਪ੍ਰਭਾਵਾਂ ਸਬੰਧੀ ਜਾਗਰੂਕ ਕਰਾਂਗਾ/ਕਰਾਂਗੀ। ਮੈਂ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਹਰ ਹੀਲੇ ਪੂਰਾ ਸਹਿਯੋਗ ਦੇਵਾਂਗਾ/ਦੇਵਾਂਗੀ ਜੈ ਹਿੰਦ।” ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਸ਼ਾਮਿਲ ਸਨ।