ਪ੍ਰਿੰਸੀਪਲ ਢਿੱਲੋਂ ਨੇ ਅਨੀਤਾ ਦੇਵਗਨ ਤੇ ਹਰਦੀਪ ਗਿੱਲ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪੂਰੀ ਦੁਨੀਆ ’ਚ 27 ਮਾਰਚ ਵਿਸ਼ਵ ਥਿਏਟਰ ਦਿਵਸ ਵਜੋਂ ਮਨਾਇਆ ਗਿਆ, ਜਿਸ ਵਿੱਚ ਰੰਗਮੰਚ ਨੂੰ ਸਿਖ਼ਰਾਂ ’ਤੇ ਲਿਜਾਉਣ ਵਾਲੇ ਉਨਾਂ ਮੰਚ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿੰਨਾਂ ਨੇ ਰੰਗਮੰਚ ਤੋਂ ਅਦਾਕਾਰੀ ਆਰੰਭ ਕਰਕੇ ਵੱਖ-ਵੱਖ ਨਾਟਕਾਂ, ਟੈਲੀ ਫ਼ਿਲਮਾਂ, ਫ਼ਿਲਮਾਂ ਤੇ ਹੋਰ ਖਾਮੋਸ਼ ਫ਼ਿਲਮਾਂ ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਕੇ ਆਪਣੀ ਅਲੱਗ ਪਹਿਚਾਣ ਸਥਾਪਿਤ ਕੀਤੀ ਹੈ।
ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਭਾਈ ਰਾਮ ਸਿੰਘ ਹਾਲ ਵਿਖੇ ਵਿਸ਼ਵ ਥਿਏਟਰ ਦਿਵਸ ਮਨਾਇਆ, ਜਿਸ ’ਚ ਥਿਏਟਰ ਅਤੇ ਫ਼ਿਲਮ ਜਗਤ ਦੇ ਕਲਾਕਾਰਾਂ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਸ਼ਿਰਕਤ ਕੀਤੀ।ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਆਪਣੇ ਥੀਏਟਰ ਅਤੇ ਫ਼ਿਲਮੀ ਜਗਤ ਦੇ ਅਨੁਭਵ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਅਨੀਤਾ ਦੇਵਗਨ ਨੇ ਥਿਏਟਰ ਅਤੇ ਫ਼ਿਲਮ ਮਾਧਿਅਮ ਨੂੰ ਸੁਚੱਜੇ ਸਮਾਜ ਦੀ ਸਿਰਜਨਾ ਦਾ ਇਕ ਮਹੱਤਵਪੂਰਨ ਥੰਮ ਦੱਸਦਿਆਂ ਹੋਇਆ ਕਲਾਕਾਰਾਂ ਨੂੰ ਨਰੋਏ ਸਮਾਜ ਦੀ ਸਿਰਜਣਾ ’ਚ ਯੋਗਦਾਨ ਪਾਉਣ ਲਈ ਪ੍ਰੇਰਿਆ।
ਆਪਣੇ ਸੰਬੋਧਨ ’ਚ ਹਰਦੀਪ ਗਿੱਲ ਨੇ ਨਿੱਜੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਚੰਗਾ ਸਾਹਿਤ ਪੜਣ ਅਤੇ ਨਰੋਈਆਂ ਸਮਾਜਿਕ ਕਦਰਾਂ-ਕੀਮਤਾਂ ਨੂੰ ਅਪਣਾ ਕੇ ਪੰਜਾਬੀ ਸਭਿਆਚਾਰ ਨੂੰ ਦੁਨੀਆਂ ’ਚ ਬੁਲੰਦੀ ਤੱਕ ਪਹੁੰਚਾਉਣ ਦਾ ਹੋਕਾ ਦਿੱਤਾ।ਪ੍ਰਿੰ: ਢਿੱਲੋਂ ਵਲੋਂ ਵਿਸ਼ਵ ਥੀਏਟਰ ਦਿਵਸ ’ਤੇ ਦੋਹਾਂ ਕਲਾਕਾਰਾਂ ਨੂੰ ਸਾਂਝੇ ਰੂਪ ’ਚ ਪੰਜਾਬੀ ਥਿਏਟਰ ਦੇ ਅਲੰਬਰਦਾਰ ਕਲਾਕਾਰਾਂ ਵਜੋਂ ਸਨਮਾਨਿਤ ਕੀਤਾ ਗਿਆ।ਉਭਰਦੇ ਹੋਏ ਵਿਦਿਆਰਥੀ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਡਾ. ਹਰਪ੍ਰੀਤ ਕੌਰ, ਡਾ. ਨਿਰਮਲਜੀਤ ਕੌਰ ਸੰਧੂ, ਡਾ. ਗੁਰਜੀਤ ਕੌਰ, ਡਾ. ਬਿੰਦੂ ਸ਼ਰਮਾ, ਰਾਜਵਿੰਦਰ ਕੌਰ, ਰਜਨੀ ਗੁਪਤਾ, ਪੂਨਮਪ੍ਰੀਤ ਕੌਰ ਢਿੱਲੋਂ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।