ਛੀਨਾ ਵੱਲੋਂ ‘ਸਿਫ਼ਤਾਂ ਖ਼ਾਲਸਾ ਰਾਜ ਦੀਆਂ’ ਪੁਸਤਕ ਲੋਕ ਅਰਪਿਤ
ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਸਿੱਖ ਇਤਿਹਾਸ ਅਤੇ ਖੋਜ ਵਿਭਾਗ ਵਲੋਂ ‘ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪੈਦਾ ਹੋਈ ਸਿੱਖ ਜਾਗ੍ਰਿਤੀ ਦੇ ਵਿੰਭਿਨ ਪਰਿਪੇਖ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੈਕਟਰੀ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਧਾਨਗੀ ਕੀਤੀ, ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ. ਸੁਖਦਿਆਲ ਸਿੰਘ ਕੁੰਜੀਵਤ ਭਾਸ਼ਣ ਦੇਣ ਲਈ ਕਾਲਜ ਕੈਂਪਸ ’ਚ ਉਚੇਚੇ ਤੌਰ ’ਤੇ ਪੁੱਜੇ।
ਪ੍ਰਧਾਨਗੀ ਮੰਡਲ ਜਿਨ੍ਹਾਂ ’ਚ ਰਜਿੰਦਰ ਮੋਹਨ ਸਿੰਘ ਛੀਨਾ ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਬਾਰੇ ਵੱਖ-ਵੱਖ ਸਫ਼ਰਨਾਮਿਆਂ ’ਚੋਂ ਮਿਲਦੀ ਜਾਣਕਾਰੀ ’ਤੇ ਅਧਾਰਿਤ ਹਰਭਜਨ ਸਿੰਘ ਚੀਮਾ ਦੁਆਰਾ ਲਿਖੀ ਪੁਸਤਕ ‘ਸਿਫਤਾਂ ਖ਼ਾਲਸਾ ਰਾਜ ਦੀਆਂ’ ਲੋਕ ਅਰਪਣ ਕੀਤੀ ਗਈ।ਛੀਨਾ ਨੇ ਕਿਹਾ ਕਿ ਹਰਭਜਨ ਸਿੰਘ ਚੀਮਾ ਇਕ ਖਾਸ ਵਿਸ਼ੇ ਨੂੰ ਸਮਰਪਿਤ ਸੰਜ਼ੀਦਾ ਖੋਜੀ ਹੈ, ਜਿਸ ਤੋਂ ਹੋਰ ਸੰਭਾਵਨਾਵਾਂ ਭਰਪੂਰ ਪੁਸਤਕਾਂ ਦੀ ਆਸ ਕੀਤੀ ਜਾਂਦੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁੱਖੀ ਡਾ. ਧਰਮ ਸਿੰਘ ਨੇ ਇਸ ਪੁੱਸਤਕ ਸਬੰਧੀ ਪ੍ਰਮੁੱਖ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ।
ਸੈਮੀਨਾਰ ’ਚ ਸ਼ਿਰਕਤ ਕਰਨ ਲਈ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਹਾਨ ਇਤਿਹਾਸਕਾਰ ਡਾ. ਗੰਡਾ ਸਿੰਘ ਨੇ ਖ਼ਾਲਸਾ ਕਾਲਜ ’ਚ ਇਹ ਵਿਭਾਗ ਸ਼ੁਰੂ ਕੀਤਾ ਸੀ, ਜੋ ਬੇਸ਼ਕੀਮਤੀ ਪੁਰਾਤਨ ਖਰੜਿਆਂ ਨਾਲ ਭਰਪੂਰ ਹੈ।ਇਤਿਹਾਸ ਦੇ ਖੋਜਕਾਰ ਹਰ ਸਮੇਂ ਏਥੋਂ ਮਦਦ ਲੈਂਦੇ ਰਹੇ ਹਨ। ਸੈਮੀਨਾਰ ਦੇ ਦੋ ਅਕਾਦਮਿਕ ਸੈਸ਼ਨਾਂ ’ਚ ਡਾ. ਹਰਿਭਜਨ ਸਿੰਘ ਭਾਟੀਆ, ਡਾ. ਜੋਗਿੰਦਰ ਸਿੰਘ, ਡਾ. ਐੱਸ. ਐੱਸ. ਸੋਹਲ ਅਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਇਤਿਹਾਸ ਦੇ ਉਪਰੋਕਤ ਸਮੇਂ ਬਾਰੇ ਭਾਵਪੂਰਤ ਪਰਚੇ ਪੜ੍ਹੇ।
ਇਸ ਮੌਕੇ ਡਾ. ਸੁਖਦਿਆਲ ਸਿੰਘ ਨੇ ਕਿਹਾ ਕਿ 1849 ਤੋਂ ਲੈ ਕੇ 1947 ਤੱਕ ਲਿਖਿਆ ਗਿਆ ਇਤਿਹਾਸ ਅੰਗਰੇਜਾਂ ਦੀ ਆਪਣੀ ਪਾੜੋ ਤੇ ਰਾਜ ਕਰੋ ਦੀ ਨੀਤੀ ਤੋਂ ਪ੍ਰਭਾਵਿਤ ਰਿਹਾ ਹੈ ਤੇ ਇਸ ’ਚ ਮਹਾਰਾਜਾ ਰਣਜੀਤ ਸਿੰਘ, ਰਾਣੀ ਜਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਬਾਰੇ ਸਹੀ ਤੱਥ ਨਹੀਂ ਮਿਲਦੇ, ਇਨ੍ਹਾਂ ਨੂੰ ਮੁੜ ਘੋਖਣ ਦੀ ਜਰੂਰਤ ਹੈ।ਡਾ. ਜੋਗਿੰਦਰ ਸਿੰਘ ਨੇ ਆਪਣੇ ਪਰਚੇ ਰਾਹੀਂ 1850 ਤੋਂ 1920 ਤੱਕ ਸਿੱਖ ਪੁਨਰ-ਜਾਗਰਣ ਲਹਿਰ ’ਚ ਸਿੰਘ ਸਭਾ ਲਹਿਰ ਦੇ ਨਾਲ-ਨਾਲ ਦੂਸਰੀਆਂ ਸਿੱਖ ਸੰਪ੍ਰਦਾਵਾਂ ਜਿਵੇਂ ਕੂਕਾ ਲਹਿਰ, ਚੀਫ ਖਾਲਸਾ ਦੀਵਾਨ, ਨਿਰਮਲੇ, ਸੇਵਾ ਪੰਥੀਏ, ਉਦਾਸੀਏ ਅਤੇ ਅੱਡਣਸ਼ਾਹੀਏ ਆਦਿ ਦੇ ਯੋਗਦਾਨ ਨੂੰ ਵੀ ਵਿਚਾਰਨ ’ਤੇ ਜ਼ੋਰ ਦਿੱਤਾ। ਡਾ. ਹਰਿਭਜਨ ਸਿੰਘ ਭਾਟੀਆ ਨੇ ਆਪਣੇ ਪਰਚੇ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੀ ਸੈਕੁਲਰ ਸੋਚ ਕਾਰਨ ਉਸ ਦੁਆਰਾ ਸਭ ਧਰਮਾਂ ਦਾ ਬਰਾਬਰ ਸਤਿਕਾਰ ਅਤੇ ਦੂਸਰੇ ਫਿਰਕਿਆਂ ਦੁਆਰਾ ਉਸਨੂੰ ਦਿੱਤੀ ਮਾਨਤਾ ਦੀ ਗੱਲ ਕੀਤੀ ਜਦਕਿ ਡਾ. ਐੱਸ. ਐੱਸ. ਸੋਹਲ ਨੇ ਆਪਣੇ ਪਰਚੇ ’ਚ ਪੁਨਰ ਜਾਗਰਣ ਦੀ ਵਿਸ਼ਵਵਿਆਪੀ ਲਹਿਰ ਦੇ ਬਰਾਬਰ ਪੰਜਾਬ ’ਚ ਸਿੱਖ ਪੁਨਰ ਜਾਗਰਣ ਲਈ ਹੋਏ ਵੱਖ-ਵੱਖ ਯਤਨਾਂ ਦਾ ਜ਼ਿਕਰ ਕੀਤਾ।
ਇਸ ਸੈਮੀਨਾਰ ਦਾ ਸੰਚਾਲਨ ਸਿੱਖ ਇਤਿਹਾਸ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਢਿਲੋਂ ਦੁਆਰਾ ਬਾਖੂਬੀ ਕੀਤਾ ਗਿਆ ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਮੈਡਮ ਸੁਖਮੀਨ ਬੇਦੀ ਨੇ ਕੀਤੀ ਜਦਕਿ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਧਰਮ ਸਿੰਘ ਨੇ ਕੀਤੀ।ਸੈਮੀਨਾਰ ਦੇ ਅਖੀਰ ਤੇ ਪੰਜਾਬੀ ਵਿਭਾਗ ਦੀ ਮੁਖੀ ਅਤੇ ਸੈਮੀਨਾਰ ਦੀ ਚੀਫ ਕੁਆਡੀਨੇਟਰ ਡਾ. ਦਵਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋ. ਦਵਿੰਦਰਪਾਲ ਕੌਰ, ਡਾ. ਆਤਮ ਰੰਧਾਵਾ, ਡਾ. ਭੁਪਿੰਦਰ ਸਿੰਘ ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਪੁਨੀਤ ਢਿੱਲੋਂ, ਡਾ. ਸਤਿੰਦਰ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਵੀ ਹਾਜ਼ਰ ਸਨ।