Thursday, September 19, 2024

ਸਿੱਖ ਕਤਲੇਆਮ ਸ਼ਹੀਦ ਪ੍ਰੀਵਾਰ ਕਲੋਨੀ ਤੇ ਨਜ਼ਾਇਜ ਕਬਜਿਆਂ ਵਿਰੁੱਧ ਬਾਬਾ ਦਰਸ਼ਨ ਸਿੰਘ ਵਲੋਂ ਭੁੱਖ ਹੜਤਾਲ ਸ਼ੁਰੂ

PPN230201
ਅੰਮ੍ਰਿਤਸਰ, 23  ਫਰਵਰੀ (ਨਰਿੰਦਰ ਪਾਲ ਸਿੰਘ)- ਸਥਾਨਕ ਤਰਨ ਤਾਰਨ ਰੋਡ ਸਥਿਤ ਸਿੱਖ ਸ਼ਹੀਦ ਪ੍ਰੀਵਾਰ ਕਲੋਨੀ ‘ਤੇ ਕੁੱਝ ਪੰਥਕ ਆਗੂਆਂ ਵਲੋਂ ਕੀਤੇ ਜਾ ਰਹੇ ਨਜ਼ਾਇਜ ਕਬਜੇ ਹਟਾ ਕੇ ਇਸ ਕਲੋਨੀ ਨੂੰ ਪੂਰੀ ਤਰ੍ਹਾਂ ਵਿਕਸਤ ਕਰਕੇ ਅਜੇ ਵੀ ਬੇਘਰ ਨਵੰਬਰ 84 ਸਿੱਖ ਕਤਲੇਆਮ ਦੀਆਂ ਵਿਧਵਾਵਾਂ ਨੂੰ ਸੌਪੇ ਜਾਣ ਦੀ ਮੰਗ ਨੂੰ ਲੈ ਕੇ ਬਾਬਾ ਦਰਸ਼ਨ ਸਿੰਘ ਨੇ ਭੁੱਖ ਹੜਤਾਲ ਆਰੰਭ ਕਰ ਦਿੱਤੀ।ਭੁੱਖ ਹੜਤਾਲ ਤੋਂ ਪਹਿਲਾਂ ਦਿੱਲੀ ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਖਿਲਾਫ ਪ੍ਰਮੁੱਖ ਗਵਾਹ ਬੀਬੀ ਜਗਦੀਸ਼ ਕੌਰ ਦੀ ਅਗਵਾਈ ਵਿੱਚ ਕੋਈ 50 ਦੇ ਕਰੀਬ ਕਤਲੇਆਮ ਪੀੜਤ ਪ੍ਰੀਵਾਰਾਂ ਦੀਆਂ ਔਰਤਾਂ ਤੇ ਮਰਦਾਂ ਨੇ ਕਲੋਨੀ ਦੇ ਹੀ ਛੋਟੇ ਜਿਹੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ।ਹੁਕਮਨਾਮੇ ਬਾਅਦ ਬੀਬੀ ਜਗਦੀਸ਼ ਕੌਰ ਅਤੇ ਬਾਬਾ ਦਰਸ਼ਨ ਸਿੰਘ ਸਮੂੰਹ ਪ੍ਰੀਵਾਰਾਂ ਸਮੇਤ ਮੁੱਖ ਮਾਰਗ ਤੇ ਲਗਾਏ ਗਏ ਪੰਡਾਲ ਵਿੱਚ ਪੁੱਜੇ ਤੇ ਜੈਕਾਰਿਆਂ ਦੀ ਗੂੰਜ ਦਰਮਿਆਨ ਭੁੱਖ ਹੜਤਾਲ ਤੇ ਬੈਠ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਨਵੰਬਰ 1984 ਵਿਚ ਤਤਕਾਲੀਨ ਕਾਂਗਰਸ ਸਰਕਾਰ ਵਲੋਂ ਕਰਵਾਏ ਸਿੱਖਾਂ ਦੇ ਕਤਲੇਆਮ ਦੀਆਂ ਪੀੜਤ ਵਿਧਵਾਵਾਂ, ਪੰਥਕ ਸਹਾਇਤਾ ਦੀ ਆਸ ਵਿੱਚ ਅੰਮ੍ਰਿਤਸਰ ਪੁੱਜੇ ਸਨ, ਜਿਥੇ ਪੰਥ ਪ੍ਰਸਿੱਧ ਕਥਾਵਾਚਕ ਗੁਰਪੁਰ ਵਾਸੀ ਗਿਆਨੀ ਸੰਤ ਸਿੰਘ ਮਸਕੀਨ ਵਲੋਂ ਕੀਤੇ ਉਪਰਾਲਿਆਂ ਅਤੇ ਸੰਤ ਮੱਖਣ ਸਿੰਘ ਗਲੀ ਸੱਤੋਵਾਲੀ ਅਤੇ ਬਾਬਾ ਬਲਬੀਰ ਸਿੰਘ ਦੀ ਹਿੰਮਤ ਸਦਕਾ 4 ਕਿਲੇ  2 ਮਰਲੇ ਜਮੀਨ ਖ੍ਰੀਦ ਕੇ ਕੁੱਝ ਕੁਆਟਰ ਬਣਾਏ ਗਏ ਸਨ। ਇਨ੍ਹਾਂ ਵਿੱਚੋਂ ਕੁੱਝ ਤੇ ਬਾਅਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਧੱਕੇ ਨਾਲ ਕਬਜ਼ਾ ਕਰ ਲਿਆ ਅਤੇ ਕੁੱਝ ਹਿੱਸੇ ਤੇ ਸ਼੍ਰੋਮਣੀ ਕਮੇਟੀ ਫਸਲ ਬੀਜ ਛੱਡਦੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪ੍ਰੀਵਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ।ਲੇਕਿਨ ਇਹ ਨਜਾਇਜ ਕਬਜੇ ਖਤਮ ਹੋਣ ਦਾ ਨਾਮ ਨਹੀ ਲੈਂਦੇ ਇਸ ਲਈ ਕਤਲੇਆਮ ਪੀੜ੍ਹਤ ਪ੍ਰੀਵਾਰਾਂ ਨੇ ਭੱਖ ਹੜਤਾਲ ਦਾ ਰਾਹ ਚੁਣਿਆ ਹੈ।ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਅਕਾਲੀ ਦਲ ਦੀ ਪੰਥਕ ਸਰਕਾਰ ਤਾਂ ਦਿੱਲੀ ਕਤਲੇਆਮ ਪੀੜਤਾਂ ਦਾ ਹਮਾਇਤੀ ਹੋਣ ਦਾ ਦਮਖਮ ਭਰਦੀ ਹੈ, ਲੇਕਿਨ ਉਸਦੇ ਆਪਣੇ ਲੋਕ ਹੀ ਸਾਡੇ ਹੱਕਾਂ ਤੇ ਛਾਪੇ ਮਾਰ ਰਹੇ ਹਨ ਜੋ ਕਿ ਸ਼ਰਮਨਾਕ ਹੈ।ਉਨ੍ਹਾਂ ਕਿਹਾ ਕਿ ਇਹ ਭੁੱਖ ਹੜਤਾਲ ਮੰਗਾਂ ਦੀ ਪੂਰਤੀ ਤੀਕ ਜਾਰੀ ਰਹੇਗੀ ਅਤੇ ਕਤਲੇਆਮ ਪੀੜਤ ਪ੍ਰੀਵਾਰ ਕਿਸੇ ਵੀ ਸਰਕਾਰੀ ਦਬਾਅ ਅੱਗੇ ਨਹੀ ਝੁੱਕਣਗੇ ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply