Thursday, September 19, 2024

‘ਪੁਲਿਸ ਲਾਠੀਚਾਰਜ’ ਨਾਲ ਮਰੇ ਕਿਸਾਨ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ

ਸਿਰ ਵਿਚੋਂ ਵੱਗ ਰਹੇ ਖੂਨ ਨੇ ਖੜਾ ਕੀਤਾ ਨਵਾਂ ਸਵਾਲ
PPN230202
ਅੰਮ੍ਰਿਤਸਰ, 23 ਫਰਵਰੀ (ਨਰਿੰਦਰ ਪਾਲ ਸਿੰਘ)- ਪੰਜਾਬ ਪਾਵਰ ਕਾਰਪੋਰੇਸ਼ਨ ਬਾਰਡਰ ਜੋਨ ਦਫਤਰ ਦਾ ਘਿਰਾਉ ਕਰਨ ਗਏ ਕਿਸਾਨਾਂ ਉਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਨਾਲ 21 ਫਰਵਰੀ ਦੀ ਦੇਰ ਸ਼ਾਮ ‘ਮਾਰੇ ਗਏ’ਕਿਸਾਨ ਬਹਾਦਰ ਸਿੰਘ ਦਾ ਅੱਜ ਉਸਦੇ ਪਿੰਡ ਬੰਡਾਲਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।ਸਸਕਾਰ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਗਿੱਲ, ਸ਼ਹਿਰੀ ਕਾਂਗਰਸ ਦੇ ਉਮੇਦ ਰਸੀਮ, ਕਾਂਗਰਸ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ, ਆਮ ਆਦਮੀ ਪਾਰਟੀ ਦੇ ਤਰਨਤਾਰਨ ਕਨਵੀਨਰ ਐਡਵੋਕੇਟ ਬੂਟਾ ਸਿੰਘ, ਪੀਪਲਜ ਪਾਰਟੀ ਆਫ ਪੰਜਾਬ ਦੇ ਮਨਿੰਦਰ ਪਾਲ ਸਿੰਘ ਪਲਾਸੌਰ, ਪਰਮਵੀਰ ਸਿੰਘ ਤਰਨਤਾਰਨ, ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸ਼ਮਸ਼ੇਰ ਸਿੰਘ ਕੋਟਲੀ ਭਾਈ ਅਤੇ ਵੱਖ-ਵੱਖ ਕਿਰਤੀ ਕਿਸਾਨ ਤੇ ਮਜਦੂਰ ਯੂਨੀਅਨਾਂ ਦੇ ਆਗੂ ਪਿੰਡ ਬੰਡਾਲਾ ਪੁਜੇ ਹੋਏ ਸਨ, ਜਦਕਿ ਇਸੇ ਵਿਧਾਨ ਸਭਾ ਹਲਕੇ ਤੋਂ ਸ਼ਰੋਮਣੀ ਕਮੇਟੀ ਮੈਂਬਰ ਤੇ ਬਾਦਲ ਦਲ ਦੇ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਗੈਰ ਹਾਜਰ ਸਨ। ਇਸਤੋਂ ਪਹਿਲਾਂ ਅੱਜ ਸਵੇਰੇ ਸਖਤ ਪੁਲਿਸ ਪਹਿਰੇ ਹੇਠ ਬਹਾਦਰ ਸਿੰਘ ਦਾ ਮ੍ਰਿਤਕ ਸਰੀਰ ਇਕ ਟਰਾਲੀ ਵਿਚ ਰੱਖ ਕੇ ਸਥਾਨਕ ਪੋਸਟ ਮਾਰਟਮ ਹਾਊਸ ਤੋਂ ਰਵਾਨਾ ਹੋਇਆ ਜੋ ਕਰੀਬ 30 ਕਿਲੋਮੀਟਰ ਦਾ ਰਸਤਾ ੪ ਘੰਟੇ ਵਿੱਚ ਤੈਅ ਕਰਕੇ ਤਿੰਨ ਵਜੇ ਪਿੰਡ ਬੰਡਾਲਾ ਪੁੱਜਾ । ਬਹਾਦਰ ਸਿੰਘ ਦੀ ਆਪਣੀ ਬਹਿਕ ਤੇ ਪ੍ਰੀਵਾਰਕ ਜੀਆਂ ਵਿੱਚ ਉਸਦਾ ਛੋਟਾ ਭਰਾ ਉਜਾਗਰ, ਪੁੱਤਰ ਅੰਗਰੇਜ ਸਿੰਘ, ਸੁਰਜੀਤ ਸਿੰਘ, ਧੀਆਂ, ਨੂੰਹਾਂ ਤੇ ਪੋਤਰੇ-ਪੋਤਰੀਆਂ ਹੰਝੂ ਭਰੀਆਂ ਅੱਖਾਂ ਨਾਲ ਘਰ ਵਾਪਸੀ ਆਖ ਰਹੇ ਸਨ ।
ਜਿਉਂ ਹੀ ਬਹਾਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪ੍ਰੀਵਾਰ ਨੇ ਇਸ਼ਨਾਨ ਦੀ ਮਨਸ਼ਾ ਨਾਲ ਪਾਣੀ ਵਾਲੇ ਕੱਪੜੇ ਨਾਲ ਸਾਫ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੀਆਂ ਅੱਖਾਂ ਖੁਲੀਆਂ ਹੀ ਰਹਿ ਗਈਆਂ, ਜਦ ਬਹਾਦਰ ਸਿੰਘ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਵਿੱਚ ਖੋਪੜੀ ਚੋਂ ਖੂਨ ਰਿਸ ਰਿਹਾ ਸੀ । ਦੋ ਤਿੰਨ ਵਾਰ ਖੂਨ ਸਾਫ ਕਰਨ ਤੇ ਵੀ ਜਦ ਖੂਨ ਨਾ ਰੁਕਿਆ ਤਾਂ ਇਸ ਜਖਮ ਨੂੰ ਨੇੜਿਉਂ ਵੇਖਿਆ ਗਿਆ ਤਾਂ ਇਹ ਗੋਲ ਅਕਾਰ ਦਾ ਨਿਸ਼ਾਨ ਖੋਪੜੀ ਦੀ ਹੱਡੀ ਦੇ ਵਿੱਚ ਸੀ ।ਮੌਕੇ ਤੇ ਖੜੇ ਸ਼ਹਿਰੀ ਕਾਂਗਰਸ ਦੇ ਉਮੇਦ ਰਸੀਮ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਬਲਦੇਵ ਸਿੰਘ ਸਿਰਸਾ ਨੇ ਮੌਕੇ ਤੇ ਮੌਜੂਦ ਮੀਡੀਆ ਕੈਮਰਾ ਮੈਨ ਅਤੇ ਪੱਤਰਕਾਰਾਂ ਨੂੰ ਇਹ ਦ੍ਰਿਸ਼ ਵਿਖਾਇਆ। ਇਸ ਉਪਰੰਤ ਬਹਾਦਰ ਸਿੰਘ ਦੀ ਦੇਹ ਨੂੰ ਨੇੜਲੇ ਗੁਰਦੁਆਰਾ ਸਾਹਿਬ ਲਿਜਾਇਆ ਗਿਆ, ਜਿਥੇ ਵੱਖ ਵੱਖ ਧਾਰਮਿਕ ਸਮਾਜਿਕ ਤੇ ਰਾਜਸੀ ਜਥੇਬੰਦੀਆਂ ਦੇ ਆਗੂਆਂ ਨੇ ਲੋਈਆਂ, ਦੁਸ਼ਾਲੇ ਤੇ ਸਿਰੋਪਾਉ ਭੇਟ ਕਰ ਬਹਾਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਕ ਪਾਸੇ ਤਾਂ ਅੱਜ ਦੇ ਦਿਨ ਪੰਜਾਬ ਦੀ ਪੰਥਕ ਕਹਾਉਣ ਵਾਲੀ ਸਰਕਾਰ, ਗੁਜਰਾਤ ਵਿੱਚ ਕਿਸਾਨਾਂ ਦਾ ਉਜਾੜਾ ਕਰਨ ਵਾਲੇ ਮੋਦੀ ਦੀ ਆਮਦ ਤੇ ਫਤਿਹ ਦਿਵਸ ਮਨਾ ਰਹੀ ਹੈ ਦੂਸਰੇ ਪਾਸੇ ਉਸੇ ਸਰਕਾਰ ਨੂੰ ਪਾਲਣ ਵਾਲੇ ਕਿਸਾਨ ਪੁਲਿਸ ਦੀਆਂ ਗੋਲੀਆਂ ਨਾਲ ਮਰਨ ਲਈ ਮਜਬੂਰ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬਹਾਦਰ ਸਿੰਘ ਦੀ ਚਿੱਟੇ ਦਿਨ ਪੁਲਿਸ ਹਥੌਂ ਹੋਈ ਮੌਤ ਨੇ ਬਾਦਲ ਸਰਕਾਰ ਦੇ ਕਿਸਾਨ ਹਿਤੈਸ਼ੀ ਹੋਣ ਦਾ ਪਰਦਾ ਫਾਸ਼ ਕਰ ਦਿੱਤਾ ਹੈ ।ਜਿਉਂ ਹੀ ਬਹਾਦਰ ਸਿੰਘ ਦਾ ਮ੍ਰਿਤਕ ਸਰੀਰ ਉਸਦੇ ਆਪਣੇ ਹੀ ਖੇਤ ਦੇ ਇੱਕ ਕੌਨੇ ਵਿਚ ਤਿਆਰ ਕੀਤੀ ਚਿਖਾ ਤੇ ਰੱਖਿਆ ਗਿਆ ਤਾਂ ਹਰ ਪਾਸੇ ‘ਬਹਾਦਰ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ‘ਪੰਜਾਬ ਦੀ ਅਕਾਲੀ ਭਾਜਪਾ ਬੁੱਚੜ ਸਰਕਾਰ ਮੁਰਦਾਬਾਦ’ ‘ਬੰਡਾਲੇ ਦੀ ਧਰਤੀਏ ਤੈਨੂੰ ਲਾਲ ਸਲਾਮ’ ਦੇ ਅਕਾਸ਼ ਗੂੰਜਾਊ ਨਾਅਰਿਆਂ ਨਾਲ ਮਾਹੌਲ ਗਰਮਾ ਗਿਆ ।ਅੱਜ ਬੰਡਾਲਾ ਪਿੰਡ ਦੀ ਜੂਹ ਦੇ ਨੇੜੈ ਵੀ ਪੰਜਾਬ ਪੁਲਿਸ ਦਾ ਕੋਈ ਜਵਾਨ ਨਜਰ ਨਹੀ ਸੀ ਆ ਰਿਹਾ ਤੇ ਜਿਹੜੀ ਸੁਰੱਖਿਆ ਫੋਰਸ ਉਸਨੂੰ ਅੰਮ੍ਰਿਤਸਰੋਂ ਲੈ ਕੇ ਤੁਰੀ ਸੀ ਉਹ ਪਿੰਡ ਤੋਂ ਦੂਰ, ਰਾਹ ਵਿਚ ਹੀ ਖਿੰਡ ਗਈ ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply