ਗੁਰਦੁਆਰਾ ਖਾਲਸਾ ਦੀਵਾਨ ਸਿੰਘ ਸਭਾ `ਤੇ ਅੱਜ ਵੀ ਚੁਣੇ ਹੋਏ ਨੁਮਾਇੰਦੇ ਕਾਬਜ਼ – ਸਰੂਪ ਸਿੰਗਲਾ
ਬਠਿੰਡਾ, 22 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਖਰਕਾਰ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਖਾਲਸਾ ਦੀਵਾਨ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਭਾਈ ਰਜਿੰਦਰ ਸਿੰਘ ਸਿੱਧੂ ਨਾਲੋਂ ਨਾਤਾ ਤੋੜ ਲਿਆ ਹੈ।ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਭਾਈ ਸਿੱਧੂ ਦੀ ਜੋ ਆਡੀਓ ਵਾਇਰਲ ਹੋਈ ਹੈ।ਉਸ `ਤੇ ਹੋਏ ਪਰਚੇ ਦਰਜ ਅਧੀਨ ਉਹ ਜੇਲ੍ਹ ਵਿੱਚ ਹਨ ਅਤੇ ਸਾਰਾ ਕੇਸ ਅਦਾਲਤ ਅਧੀਨ ਹੈ।ਜੇਕਰ ਸਿੱਧੂ ਨਿਰਦੋਸ਼ ਹੋ ਕੇ ਬਾਹਰ ਨਿਕਲਿਆ ਤਾਂ ਉਸ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਸੋਚਿਆ ਜਾ ਸਕਦਾ ਹੈ, ਪਰ ਅੱਜ ਸ਼੍ਰੋਮਣੀ ਅਕਾਲੀ ਦਲ ਉਸ ਦੇ ਨਾਲ ਨਹੀਂ।
ਉਨਾਂ ਕਿਹਾ ਕਿ ਗੁਰਦੁਆਰਾ ਖਾਲਸਾ ਦੀਵਾਨ ਸਿੰਘ ਸਭਾ ਦਾ ਮੁੱਦਾ ਵੱਖਰਾ ਹੈ, ਜਿਸ `ਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਰਿਸ਼ਤੇਦਾਰ ਜੋਜੋ ਜੌਹਲ ਦੀਆਂ ਧੱਕੇਸ਼ਾਹੀਆਂ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ।ਪਰ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਧੱਕੇਸ਼ਾਹੀ ਤੋਂ ਨਹੀਂ ਡਰਦਾ ਅਤੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ `ਤੇ ਅੱਜ ਵੀ ਚੁਣੇ ਹੋਏ ਨੁਮਾਇੰਦੇ ਕਾਬਜ਼ ਹਨ ਤੇ ਭਾਈ ਸਿੱਧੂ ਵਲੋਂ ਉਸ ਉਪਰ ਦਰਜ ਕੇਸ ਤੋਂ 10 ਦਿਨ ਪਹਿਲਾਂ ਹੀ 15 ਮੈਂਬਰਾਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਸੁਖਦੇਵ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਸੀ ਤੇ ਉਹੀ ਬਤੌਰ ਪ੍ਰਧਾਨ ਕੰਮ ਕਾਜ ਦੇਖ ਰਹੇ ਹਨ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਕਾਂਗਰਸੀਆਂ ਦਾ ਵੱਡਾ ਇਕੱਠ ਕਰਕੇ ਚਾਰ ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਕੀਤੇ ਗੁਰਮੀਤ ਸਿੰਘ ਗੀਤਾ ਨੂੰ ਸੰਵਿਧਾਨ ਦੇ ਉਲਟ ਪ੍ਰਧਾਨ ਐਲਾਨਿਆ ਗਿਆ ਹੈ ਅਤੇ ਐਲਾਨੀ ਗਈ ਕਾਰਜਕਾਰਨੀ ਵਿੱਚ ਵੀ ਸਾਰੇ ਕਾਂਗਰਸੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਮਨਪ੍ਰੀਤ ਬਾਦਲ ਧੱਕੇ ਨਾਲ ਧਾਰਮਿਕ ਸੰਸਥਾਵਾਂ `ਤੇ ਕਬਜ਼ਾ ਕਰਨਾ ਚਾਹੁੰਦੇ ਹਨ।ਪਰ ਉਨ੍ਹਾਂ ਦੇ ਇਹ ਮਨਸੂਬੇ ਕਦੇ ਕਾਮਯਾਬ ਨਹੀਂ ਹੋਣ ਦਿਆਂਗੇ।
ਇਸ ਮੌਕੇ ਉਨਾਂ ਦੇ ਨਾਲ ਮੇਅਰ ਬਲਵੰਤ ਰਾਏ ਨਾਥ ਨਿਰਮਲ ਸਿੰਘ ਸੰਧੂ, ਰਾਜਵਿੰਦਰ ਸਿੰਘ, ਮਾਸਟਰ ਹਰਮੰਦਰ ਸਿੰਘ, ਹਰਜਿੰਦਰ ਸਿੰਘ ਟੋਨੀ, ਹਰਜਿੰਦਰ ਸਿੰਘ ਛਿੰਦਾ, ਹਰਪਾਲ ਸਿੰਘ, ਆਤਮਾ ਸਿੰਘ (ਸਾਰੇ ਕੌਂਸਲਰ) ਬਲਵਿੰਦਰ ਸਿੰਘ ਬਾਹੀਆ, ਸੁਖਦੇਵ ਸਿੰਘ ਪ੍ਰਧਾਨ ਖਾਲਸਾ ਸਿੰਘ ਸਭਾ, ਸਾਬਕਾ ਕੌਂਸਲਰ ਬੰਤਾ ਸਿੰਘ, ਹਰਜੀਤ ਸਿੰਘ, ਮੋਹਨਜੀਤ ਸਿੰਘ ਪੁਰੀ, ਦਲਜੀਤ ਸਿੰਘ ਬਰਾੜ, ਸੁਧੀਰ ਬਾਂਸਲ, ਬੀਬੀ ਜੋਗਿੰਦਰ ਕੌਰ ਐਸ.ਜੀ.ਪੀ.ਸੀ ਕਾਰਜਕਾਰਣੀ ਮੈਂਬਰ, ਬੀਬੀ ਬਲਵਿੰਦਰ ਕੌਰ ਸ਼ਹਿਰੀ ਪ੍ਰਧਾਨ ਅਕਾਲੀ ਦਲ, ਐਮ.ਸੀ ਬੀਬੀ ਪ੍ਰੀਤਮ ਕੌਰ ਵਾਰਡ ਨੰਬਰ 31 ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …