ਰਾਮਪੁਰਾ ਵਿਖੇ ਯੂਥ ਕਲੱਬ ਨੇ ਨਸ਼ਿਆਂ ਖਿਲਾਫ਼ ਚੁੱਕੀ ਸਹੁੰ
ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਜ਼ਿਲਾ ਬਠਿੰਡਾ ਦੀਆਂ ਵੱਖ-ਵੱਖ ਨਗਰ ਪੰਚਾਇਤਾਂ ਵਿੱਚ ਸਫ਼ਾਈ ਦਾ ਕੰਮ ਕਰਵਾਇਆ ਗਿਆ।ਪਿੰਡ ਕੋਠੇ ਗੁਰੂ ਵਿਖੇ ਨਾਲੇ ਦੀ ਸਫ਼ਾਈ ਕਰਵਾਈ ਗਈ, ਇਸੇ ਤਰਾਂ ਨਗਰ ਪੰਚਾਇਤ ਮੰਡੀ ਕਲਾਂ ਅਤੇ ਭਾਈ ਰੂਪਾ ਵਿਖੇ ਨਾਲੀਆਂ ਦੀ ਸਫ਼ਾਈ ਕਰਵਾਈ ਗਈ। ਪਿੰਡ ਮਹਿਰਾਜ ਵਿਖੇ ਪਾਰਕਾਂ ਅਤੇ ਬਜ਼ਾਰਾਂ ਦੀ ਸਫ਼ਾਈ ਕਰਵਾਈ ਗਈ।ਮਲੂਕਾ ਅਤੇ ਲਹਿਰਾ ਮੁਹੱਬਤ ਨਗਰ ਪੰਚਾਇਤਾਂ ਵਿਖੇ ਵੱਖ-ਵੱਖ ਵਾਰਡਾਂ ਦੀ ਸਫ਼ਾਈ ਕਰਵਾਈ ਗਈ। ਰਾਮਪੁਰਾ ਵਿਖੇ ਫ਼ਤਿਹ ਯੂਥ ਕਲੱਬ ਦੇ ਮੈਂਬਰਾਂ ਨੇ ਨਸ਼ਿਆਂ ਖਿਲਾਫ਼ ਹਰ ਪ੍ਰਕਾਰ ਦੇ ਉਪਰਾਲੇ ਕਰਨ ਦੀ ਸਹੁੰ ਚੁੱਕੀ। ਯੂਥ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਲੋੜ ਹੈ ਉਨਾਂ ਨੂੰ ਵੱਧ ਤੋਂ ਵੱਧ ਖੇਡਾਂ ਅਤੇ ਹੋਰ ਚੰਗੀਆਂ ਸਰਗਰਮੀਆਂ ਦਾ ਹਿੱਸਾ ਬਣਾਇਆ ਜਾਵੇ। ਪਿੰਡ ਕੋਟਲੀ ਖੁਰਦ ਵਿਖੇ ਤੰਦਰੁਸਤ ਪੰਜਾਬ ਅਧੀਨ ਸਫ਼ਾਈ ਕਰਵਾਈ ਗਈ, ਇਸੇ ਤਰਾਂ ਸਕੱਤਰ ਮਾਰਕਿਟ ਕਮੇਟੀ ਮੌੜ ਵਲੋਂ ਫਲਾਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਨਗਰ ਨਿਗਮ ਬਠਿੰਡਾ ਦੀ ਟੀਮ ਨੇ ਬੇਅੰਤ ਨਗਰ ਅਤੇ ਨਰੂਆਣਾ ਰੋਡ ਦੇ ਵਾਸੀਆਂ ਨੂੰ ਖੁੱਲੇ ਵਿੱਚ ਪਖਾਨੇ ਨਾ ਜਾਣ ਸਬੰਧੀ ਜਾਣਕਾਰੀ ਦਿੱਤੀ। ਕਮਿਸ਼ਨਰ ਨਗਰ ਨਿਗਮ ਦੇ ਆਦੇਸ਼ਾਂ ਅਨੁਸਾਰ ਜੋਨ ਨੰ: 7 ਦੀ ਸਫ਼ਾਈ ਸਬੰਧੀ ਅਚਨਚੇਤ ਚੈਕਿੰਗ ਕੀਤੀ ਗਈ। ਖੇਤੀਬਾੜੀ ਵਿਭਾਗ ਵਲੋਂ ਪਿੰਡ ਜੱਸੀ ਬਾਗਵਾਲੀ ਅਤੇ ਦੂਨੇਵਾਲਾ, ਬਲਾਕ ਸੰਗਤ ਵਿਖੇ ਨਰਮਾ ਅਤੇ ਝੋਨੇ ਦੇ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੀ ਵਰਤੋਂ ਨਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।ਪਿੰਡ ਕੋਟਗੁਰੂ ਬਲਾਕ ਸੰਗਤ ਵਿਖੇ ਵੀ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।