ਅੰਮ੍ਰਿਤਸਰ, 17 ਅਗਸਤ (ਗੁਰਪ੍ਰੀਤ ਸਿੰਘ ਸੱਗੂ)- ਅੱਜ ਸਵੇਰੇ ਤੜਕਸਾਰ ਵੱਲ੍ਹਾ-ਮਹਿਤਾ ਰੋਡ ਬਾਈਪਾਸ ਤੋਂ ਇਕ ਨਿੱਜੀ ਕੰਪਨੀ ਦੀ ਸਵਾਰੀਆਂ ਨਾਲ ਭਰੀ ਬੱਸ ਪਲਟ ਜਾਣ ਨਾਲ ਇਕ ਵਿਅੱਕਤੀ ਦੀ ਮੋਤ ਤੇ ਦੋ ਦਰਜਨ ਤੋਂ ਵੱਧ ਦੇ ਜਖਮੀ ਹੋਣ ਦੀ ਖਬਰ ਹੈ।ਇਸ ਦੁਰਘਟਨਾ ਤੋਂ ਤੁਰੰਤ ਬਾਅਦ ਜਖਮੀ ਸਵਾਰੀਆਂ ਨੂੰ ਇਲਾਜ਼ ਲਈ ਨੇੜਲੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ਵਿਖੇ ਦਾਖਲ ਕਰਵਾ ਦਿੱਤਾ ਗਿਆ ।ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸਵਾਰੀਆਂ ਨਾਲ ਭਰੀ ਇਹ ਬੱਸ ਅੰਮ੍ਰਿਤਸਰ ਤੋ ਸੈਦਪੁਰ ਜਾ ਰਹੀ ਸੀ, ਪ੍ਰਾਈਵੇਟ ਬੁੱਟਰ ਬੱਸ ਸਰਵਿਸ ਪੀ ਬੀ 03 ਵਾਈ 9082 ਦਾ ਬੱਸ ਡਰਾਈਵਰ ਆਪਣੇ ਮੋਬਾਇਲ ਫੋਨ ਤੇ ਕਿਸੇ ਨਾਲ ਗੱਲ ਕਰਦਿਆਂ ਜਦ ਅੰਮ੍ਰਿਤਸਰ ਬਾਈਪਾਸ ਤੋਂ ਮੋੜ ਕੱਟਣ ਲੱਗਾ ਤਾਂ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਵੱਲ੍ਹਾ-ਮਹਿਤਾ ਬਾਈਪਾਸ ਤੋਂ ਹੇਠਾਂ ਉੱਤਰਦਿਆਂ ਪਲਟੀਆਂ ਖਾਂਦੀ ਹੋਈ ਮੂਧੀ ਹੋ ਗਈ।ਸਵਾਰੀਆਂ ਦਾ ਚੀਕ ਚਿਹਾੜਾ ਸੁਣ ਕੇ ਸੜਕ ਤੋਂ ਲੰਘਦੇ ਲੋਕਾਂ ‘ਤੇ ਆਸਪਾਸ ਦੀਆਂ ਬਹਿਕਾਂ ਤੇ ਰਹਿਣ ਵਾਲੇ ਲੋਕਾਂ ਨੇ ਮੂਧੀ ਹੋਈ ਬੱਸ ਨੂੰ ਸਿੱਧਾ ਕਰਕੇ ਗੰਭੀਰ ਜਖਮੀ ਸਵਾਰੀਆਂ ਨੂੰ ਬਾਹਰ ਕੱਢਿਆ, ਪ੍ਰੰਤੂ ਤਦ ਤੱਕ ਤੱਕ ਇਕ ਬੱਸ ਸਵਾਰ ਦੀ ਮੋਤ ਹੋ ਚੁੱਕੀ ਸੀ। ਇਸ ਵਿਅਕੱਤੀ ਦੀ ਪਛਾਣ ਪਿੰਡ ਅਕਾਲ ਗੜ੍ਹ ਢੱਪਈ ਮਹਿਤਾ ਰੋਡ ਦੇ ਵਸਨੀਕ ਸੁਖਦੇਵ ਸਿੰਘ ਦੇ ੧੮ ਸਾਲਾ ਪੁੱਤਰ ਗੁਰਜੀਤ ਸਿੰਘ ਵਜੋਂ ਹੋਈ ਹੈ, ਜੋ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਕੇ ਵਾਪਿਸ ਆਪਣੇ ਪਿੰਡ ਜਾ ਰਿਹਾ ਸੀ। ਮੌਕੇ ‘ਤੇ ਪੁੱਜੇ ਲੋਕਾਂ ਵਲੋਂ 108 ਨੰਬਰ ਗੱਡੀ ਮੰਗਵਾਉਣ ‘ਤੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੰਨਾ ਦੀ ਪਛਾਣ ਬੱਸ ਕੰਡਕਟਰ ਤੋਂ ਇਲਾਵਾ ਜੋਬਨਜੀਤ ਸਿੰਘ, ਪ੍ਰੇਮ ਲਤਾ, ਰੋਬਿਨ, ਰਣਜੀਤ ਸਿੰਘ, ਮਨਜਿੰਦਰ ਸਿੰਘ ਬਲਵੰਤ ਸਿੰਘ, ਹਜਾਰਾ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ, ਲਾਜਵੰਤੀ, ਮਦਨ ਲਾਲ, ਜਗਤਾਰ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਕੋਰ ਤੇ ਮਨਜੀਤ ਸਿੰਘ ਵਜੋਂ ਹੋਈ ਹੈ ।ਜਖਮੀਆਂ ਵਿਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।ਦੱਸਿਆ ਗਿਆ ਹੈ ਕਿ ਬੱਸ ਡਰਾਈਵਰ ਦੁਰਘਟਨਾ ਤੋਂ ਬਾਅਦ ਮੋਕੇ ਤੋਂ ਫਰਾਰ ਹੋ ਗਿਆ। ਇਸ ਸੜਕ ਦੁਰਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਸੀ.ਪੀ ਪੂਰਬੀ ਗੋਰਵ ਗਰਗ, ਮੋਹਕਮਪੁਰਾ ਦੇ ਐਸ.ਐਚ.a ਗੁਰਮੀਤ ਸਿੰਘ, ਰਜਿੰਦਰ ਸਿੰਘ ਚੋਂਕੀ ਇੰਚਾਰਜ ਵੱਲ੍ਹਾ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਜਾ ਕੇ ਜਖਮੀਆਂ ਦਾ ਹਾਲ ਚਾਲ ਪੁੱਛਿਆ। ਡੀ.ਸੀ.ਪੀ ਗਰਗ ਨੇ ਕਿਹਾ ਕਿ ਫਰਾਰ ਡਰਾਇਵਰ ਨੂੰ ਜਲਦ ਕਾਬੂ ਕਰਕੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …