ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਏ.ਐਸ ਗਿੱਲ ਨੂੰ ਰਾਜਪੁਰਾ ਵਿਖੇ ਕਰਵਾਏ ਗਏ ‘ਇੰਡੀਅਨ ਸਕੂਲ ਐਵਾਰਡ-2018’ ’ਚ ‘ਬੈਸਟ ਪ੍ਰਿੰਸੀਪਲ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਲਈ ਕਰੀਬ 650 ਨਾਮਜ਼ਦਗੀਆਂ ਦਰਜ ਕੀਤੀਆਂ ਗਈਆਂ ਸਨ, ਜਿਸ ’ਚ ਪ੍ਰਿੰਸੀਪਲ ਗਿੱਲ ਨੂੰ ਸਭ ਤੋਂ ‘ਸਰਵੋਤਮ ਪ੍ਰਿੰਸੀਪਲ’ ਚੁਣਿਆ ਹੈ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ‘ਵਧੀਆ ਪ੍ਰਿੰਸੀਪਲ’ ਦਾ ਐਵਾਰਡ ਪ੍ਰਾਪਤ ਕਰਨ ’ਤੇ ਜਿੱਥੇ ਪ੍ਰਿੰ: ਗਿੱਲ ਨੂੰ ਮੁਬਾਰਕਬਾਦ ਦਿੱਤੀ ਉਥੇ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਤੋਂ ਉਕਤ ਸਕੂਲ ’ਚ ਪ੍ਰਿੰਸੀਪਲ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਉਹ ਇਕ ਸਹਾਇਕ ਕਮਿਸ਼ਨਰ, ਕੇਂਦਰੀ ਵਿੱਦਿਆ ਸੰਗਤਨਾਥਨ, ਜੰਮੂ ’ਚ, ਡਿਪਟੀ ਕਮਿਸ਼ਨਰ ਦੇ ਤੌਰ ’ਤੇ ਕਾਰਜਸ਼ੀਲ ਵੀ ਰਹੇ ਹਨ। ਉਨ੍ਹਾਂ ਦੀਆਂ ਅਕਾਦਮਿਕ ਅਤੇ ਪ੍ਰਸ਼ਾਸਕੀ ਕਾਰਵਾਈਆਂ ਕਾਬਿਲੇ ਤਾਰੀਫ਼ ਹਨ।
ਪ੍ਰਿੰ: ਗਿੱਲ ਵਿਦਿਆਰਥੀਆਂ ਦੀ ਐਨ.ਡੀ.ਏ ,ਪੀ.ਐਮ.ਟੀ ਅਤੇ ਆਈ.ਆਈ.ਟੀ.ਪ੍ਰੀਖਿਆ ਲਈ ਤਿਆਰੀ, ਲਾਇਬ੍ਰੇਰੀ ਵਿਕਾਸ, ਮਾਤਰੀ ਸਕੂਲ ਸੰਕਲਪ, ਸਕਾਊਟਸ ਅਤੇ ਗਾਈਡ, ਆਈ.ਏ.ਪੀ.ਟੀ ਵਰਕਸ਼ਾਪ ਦਾ ਪ੍ਰਬੰਧਨ, ਰਾਸ਼ਟਰੀ ਵਿਗਿਆਨ ਪ੍ਰਦਰਸ਼ਨੀ ਨੂੰ ਲਾਗੂ ਕਰਨ, ਡਿਜੀਟਲ ਕਵਿੱਜ਼, ਕਾਰਟੂਨ ਮੁਕਾਬਲੇ, ਵਿਗਿਆਨ ਕਹਾਣੀ ਦੱਸਣਾ, ਲੜਕੀਆਂ ਲਈ ਰਾਸ਼ਟਰੀ ਬਾਸਕੇਟ ਇਵੈਂਟ, ਖੇਤਰੀ ਅਤੇ ਜੋਨਲ ਯੂਥ ਸੰਸਦ ਅਤੇ ਹੋਰ ਕਈ ਪ੍ਰਾਪਤੀਆਂ ਦਾ ਸਿਹਰਾ ਉਨ੍ਹਾਂ ਦੇ ਸਿਰ ਹੈ।ਉਨ੍ਹਾਂ ਕਿਹਾ ਕਿ ਸਕੂਲ ਦੇ ਸਮੂਹ ਪਰਿਵਾਰ ਲਈ ਬੜੀ ਮਾਣ ਵਾਲੀ ਗੱਲ ਹੈ, ਕਿ ‘ਬੈਸਟ ਪ੍ਰਿੰਸੀਪਲ ਐਵਾਰਡ-2018’ ਉਨ੍ਹਾਂ ਦੀ ਝੋਲੀ ਪਿਆ ਹੈ।
ਉਕਤ ਸਮਾਗਮ ਤੋਂ ਬਾਅਦ ਅੱਜ ਇੱਥੇ ਪੁੱਜਣ ’ਤੇ ਪ੍ਰਿੰ: ਗਿੱਲ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਇਹ ਸਨਮਾਨ ਹਾਸਲ ਕਰਕੇ ਉਹ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਹਨ।ਉਨ੍ਹਾਂ ਕੌਂਸਲ ਦੇ ਆਨਰੇਰੀ ਸਕੱਤਰ ਛੀਨਾ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਹੱਲਾਸ਼ੇਰੀ ਨਾਲ ਉਹ ਸਕੂਲ ’ਚ ਆਪਣੀ ਜ਼ਿੰਮਵਾਰੀਆਂ ਨੂੰ ਪੂਰੀ ਲਗਨ ਤੇ ਇਮਾਨਦਾਰ ਨਾਲ ਨਿਭਾਅ ਰਹੇ ਹਨ। ਉਨ੍ਹਾਂ ਸਕੂਲ ਸਟਾਫ਼ ਵੱਲੋਂ ਦਿੱਤੇ ਜਾ ਰਹੇ ਸਾਥ ਦੀ ਵੀ ਸ਼ਲਾਂਘਾ ਕੀਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …