ਨਵੀਂ ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ)- ਇੱਕ ਪ੍ਰਧਾਨ ਮੰਤਰੀ ਦੇ ਕਾਤਲਾਂ ਨੂੰ ‘ਕੌਮ ਦੇ ਹੀਰੇ’ ਵਜੋਂ ਪੇਸ਼ ਕੀਤੇ ਜਾਣ ਤੇ ਇਤਰਾਜ਼ ਜਤਾਉਂਦਿਆਂ ‘ਕੌਮ ਦੇ ਹੀਰੇ’ ਫਿਲਮ ਵਿਰੁਧ ਵਾ-ਵੇਲਾ ਮਚਾ, ਉਸਦੇ ਪ੍ਰਦਰਸ਼ਨ ਪੁਰ ਰੋਕ ਲਗਵਾ ਬਗਲਾਂ ਵਜਾਣ ਵਾਲੇ ਕਾਂਗ੍ਰਸੀਆਂ ਨੂੰ ਲੰਮੇਂ ਹਥੀਂ ਲੈਂਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਪੱਛਿਆ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਪੁਰ ਫੌਜਾਂ ਚਾਹੜ ਗੋਲੀਆਂ ਦੀ ਵਰਖਾ ਕਰ ਦਰਬਾਰ ਸਾਹਿਬ ਦੀਆਂ ਪਵਿਤz ਕੰਧਾਂ ਛੱਲਣੀ ਕਰ ਦਿਤੇ ਜਾਣ, ਸ੍ਰੀ ਅਕਾਲ ਤਖਤ ਢਾਹ ਢੇਰੀ ਕਰ ਦਿੱਤੇ ਜਾਣ ਅਤੇ ਹਜ਼ਾਰਾਂ ਬੇਗੁਨਾਹ ਬਚਿਆਂ, ਬੀਬੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਕਾਰਣ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਲੂਹੀਆਂ ਗਈਆਂ ਸਨ, ਤਾਂ ਉਸ ਸਮੇਂ ਉਨ੍ਹਾਂ ਵਲੋਂ ਇਸ ਗੁਨਾਹ ਲਈ ਜ਼ਿਮੇਂਦਾਰ ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਹੋਣ ਦਾ ਖਿਤਾਬ ਦੇ ਸਿੱਖਾਂ ਦੀਆਂ ਲੂਹੀਆਂ ਭਾਵਨਾਵਾਂ ਪੁਰ ਲੂਣ ਨਹੀਂ ਸੀ ਛਿੜਕਿਆ ਗਿਆ।ਉਨ੍ਹਾਂ ਕਿਹਾ ਕਿ ਉਸ ਸਮੇਂ ਤਾਂ ਕਾਂਗ੍ਰਸੀਆਂ ਨੂੰ, ਉਨ੍ਹਾਂ ਸਿੱਖਾਂ ਦੀਆਂ ਉਠ ਰਹੀਆਂ ਚੀਸਾਂ ਦਾ ਵੀ ਖਿਆਲ ਨਹੀਂ ਸੀ ਆਇਆ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਹੀ ਨਹੀਂ, ਸਗੋਂ ਆਜ਼ਾਦੀ ਤੋਂ ਬਾਅਦ ਵੀ ਦੇਸ ਤੇ ਹੋਏ ਵਿਦੇਸ਼ੀ ਹਮਲਿਆਂ ਦੌਰਾਨ ਸਰਹਦਾਂ ਦੀ ਰਖਿਆ ਕਰਦਿਆਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ?
ਰਾਣਾ ਪਰਮਜੀਤ ਸਿੰਘ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ‘ਕੌਮ ਦੇ ਹੀਰੇ’ ਫਿਲਮ ਕਿਸੇ ਕਲਪਤ ਕਹਾਣੀ ਪੁਰ ਅਧਾਰਤ ਨਹੀਂ, ਇਹ ਤਾਂ 1984 ਦੇ ਜੂਨ ਅਤੇ ਨਵੰਬਰ ਵਿੱਚ ਸਿੱਖਾਂ ਪੁਰ ਟੁੱਟੇ ਕਹਿਰ ਨੂੰ ਬਿਆਨ ਕਰਦੀ ਇੱਕ ਦਸਤਾਵੇਜ਼ੀ ਫਿਲਮ ਹੈ, ਜੋ ਇਨ੍ਹਾਂ ਘਲੂਘਾਰਿਆਂ ਨਾਲ ਸਬੰਧਤ ਸਰਕਾਰੀ ਰਿਕਾਰਡ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ। ਰਾਣਾ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਫਿਲਮ ਦੇ ਪ੍ਰਦਰਸ਼ਨ ਪੁਰ ਪਾਬੰਦੀ ਲੁਆ, ਕਾਂਗ੍ਰਸੀਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਨਾ ਤਾਂ ਸੱਚ ਵੇਖਣਾ-ਸੁਣਨਾ ਬਰਦਾਸ਼ਤ ਕਰ ਸਕਦੇ ਹਨ ਤੇ ਨਾ ਹੀ ਉਹ ਸਿੱਖ-ਵਿਰੋਧੀ ਸੋਚ ਤੋਂ ਉਭਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗਲ ਤਾਂ ਇਹ ਵੀ ਹੈ ਕਿ ਆਜ਼ਾਦ ਤੇ ਲੋਕਤਾਂਤ੍ਰਿਕ ਦੇਸ਼ ਵਿੱਚ ਸਿੱਖਾਂ ਪੁਰ ਜ਼ੁਲਮ ਵੀ ਢਾਹਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਰੋਣ ਵੀ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ‘ਆਹ!’ ਦਾ ਨਾਹਰਾ ਮਾਰਨ ਦਿੱਤਾ ਜਾਂਦਾ ਹੈ, ਅਖਿਰ ਇਹ ਕੇਹਾ ਆਜ਼ਾਦ ਤੇ ਲੋਕਤੰਤਰ ਦੇਸ਼ ਹੈ।