ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ-ਦਵਿੰਦਰ ਸਿੰਘ) – ਏਕਮ ਸਾਹਿਤਕ ਮੰਚ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਅਜੋਕੀ ਪੰਜਾਬੀ ਕਹਾਣੀ ਦੇ ਬਹੁ-ਚਰਚਿਤ ਕਥਾਕਾਰ ਜਤਿੰਦਰ ਹਾਂਸ ਦੀ ਨਵ-ਪ੍ਰਕਾਸ਼ਿਤ ਕਥਾ ਪੁਸਤਕ ‘ਜਿਊਣਾ ਸੱਚ ਬਾਕੀ ਝੂਠ` ਲੋਕ ਅਰਪਿਤ ਕੀਤੀ ਗਈ।
ਸਥਾਨਕ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਪ੍ਰੋ: ਸਿਮਰਜੀਤ ਗਿੱਲ ਦੀ ਮੰਚ ਸੰਚਾਲਣਾ ਹੇਠ ਸ਼ੁਰੂ ਹੋਏ ਇਸ ਸਮਾਗਮ ਦਾ ਆਗਾਜ਼ ਏਕਮ ਦੀ ਪ੍ਰਧਾਨ ਸ਼ਾਇਰਾ ਅਰਤਿੰਦਰ ਸੰਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ ਅਤੇ ਪ੍ਰੋ: ਸਤਨਾਮ ਰੰਧਾਵਾ ਨੇ ਜਤਿੰਦਰ ਹਾਂਸ ਦੇ ਕਥਾ ਸੰਸਾਰ ਬਾਰੇ ਜਾਣਕਾਰੀ ਸਾਂਝੀ ਕੀਤੀ।ਪੁਸਤਕ ਬਾਰੇ ਗੱਲ ਕਰਦਿਆਂ ਡਾ. ਸਰਘੀ ਨੇ ਕਿਹਾ ਕਿ ਚਰਚਾ ਅਧੀਨ ਇਸ ਪੁਸਤਕ ਦੀਆਂ ਸਮੁੱਚੀਆਂ ਕਹਾਣੀਆਂ ਬਦਲ ਰਹੇ ਸਮਾਜੀ ਰਿਸ਼ਤਿਆਂ ਬਾਰੇ ਬਰੀਕ ਅਹਿਸਾਸਾਂ ਦੀਆਂ ਕਹਾਣੀਆਂ ਹਨ, ਲੇਖਕ ਨੇ ਆਪਣੀਆਂ ਕਥਾ ਜੁਗਤਾਂ ਰਾਹੀਂ ਪੇਂਡੂ ਅਤੇ ਸ਼ਹਿਰੀ ਜੀਵਨ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਰੌਚਕ ਢੰਗ ਨਾਲ ਗਲਪੀ ਬਿੰਬ ਵਿੱਚ ਢਾਲਿਆ ਹੈ।
ਜਤਿੰਦਰ ਹਾਂਸ ਨੇ ਹਾਜ਼ਰੀਨ ਦੇ ਰੂਬਰੂ ਹੁੰਦਿਆਂ ‘ਪਾਵੇ ਨਾਲ ਬੰਨਿਆ ਹੋਇਆ ਕਾਲ`, ‘ਈਸ਼ਵਰ ਦਾ ਜਨਮ` ਅਤੇ ‘ਅਜੇ ਬੱਸ ਏਨਾ ਹੀ` ਆਦਿ ਪੁਸਤਕਾਂ ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਦੀਆਂ ਕਹਾਣੀਆਂ ਵਿਚਲੇ ਪਾਤਰ ਸਹਿਜ ਅਤੇ ਸੰਜਮ ਜੀਵਨ ਸ਼ੈਲੀ ਦਾ ਰਸਤਾ ਅਖਤਿਆਰ ਕਰਦੇ ਹਨ।ਕਥਾਕਾਰ ਦੀਪ ਦਵਿੰਦਰ ਸਿੰਘ ਨੇ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਜਤਿੰਦਰ ਹਾਂਸ ਸਾਡੇ ਸਮਕਾਲ ਵਿੱਚ ਲਿਖਣ ਵਾਲਾ ਚਰਚਿਤ ਕਥਾਕਾਰ ਹੈ, ਜਿਹੜਾ ਆਪਣੀਆਂ ਕਹਾਣੀਆਂ ਜਰੀਏ ਮਨੁੱਖੀ ਮਨ ਦੇ ਧੁਰ ਅੰਦਰਲੇ ਨੂੰ ਫਰੋਲਦਾ ਹੈ।ਸ਼ੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਲੇਖਕ ਕੋਲ ਮਨੁੱਖੀ ਜਨ-ਜੀਵਨ ਅੰਦਰਲੀਆਂ ਤੰਗੀਆਂ-ਤੁਰਸ਼ੀਆਂ ਪੇਸ਼ ਕਰਨ ਦੀ ਸਾਹਿਤਕ ਭਾਸ਼ਾਈ ਸੂਝ ਹੈ। ਇਸ ਸਮੇਂ ਸ਼ਾਇਰ ਅਵਤਾਰ ਧੰਮੋਟ, ਸੁਖਦੇਵ ਸਿੰਘ ਬੈਨੀਪਾਲ, ਧਰਵਿੰਦਰ ਔਲਖ ਅਤੇ ਡਾ. ਹੀਰਾ ਸਿੰਘ ਨੇ ਵੀ ਸੰਬੋਧਨ ਕੀਤਾ। ਅੰਤ `ਤੇ ਰਾਜਖੁਸ਼ਵੰਤ ਸਿੰਘ ਸੰਧੂ ਨੇ ਧੰਨਵਾਦੀ ਸ਼ਬਦ ਕਹੇ।
ਇਸ ਮੌਕੇ ਡਾ. ਹਜ਼ਾਰਾ ਸਿੰਘ ਚੀਮਾ, ਹਰਜੀਤ ਸਿੰਘ ਸੰਧੂ, ਡਾ. ਵਿਕਰਮ, ਗੁਰਬਾਜ ਤੋਲਾਨੰਗਲ, ਗੁਰਚਰਨ ਛੀਨਾ, ਹਰਪਾਲ ਸਿੰਘ ਸੰਧਾਵਾਲੀਆ, ਹਰਭਜਨ ਖੇਮਕਰਨੀ, ਇਕਬਾਲ ਕੌਰ ਸੌਂਧ, ਵਿਪਨ ਗਿੱਲ, ਸਤਿੰਦਰ ਰੰਧਾਵਾ ਅਤੇ ਜਸਪਾਲ ਕੌਰ ਤੋਂ ਇਲਾਵਾ ਕਈ ਹੋਰ ਸਾਹਿਤਕਾਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …