ਭੀਖੀ, 28 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਜ਼ਿਲ੍ਹਾ ਮੈਜਿਸਟ੍ਰੇਟ ਅਪਨੀਤ ਰਿਆਤ ਨੇ ਫੋਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਮਾਨਸਾ ਦੇ ਆਮ ਬਜ਼ਾਰਾਂ ਵਿੱਚ ਕਿਸੇ ਕਿਸਮ ਦੀ ਉਚੀ ਆਵਾਜ਼ ਵਾਲੇ ਪਟਾਖੇ, ਆਤਿਸ਼ਬਾਜੀ ਨੂੰ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ `ਤੇ ਪਾਬੰਦੀ ਹੈ। ਹੁਕਮ ਵਿੱਚ ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਆਮ ਤੌਰ `ਤੇ ਜਨਤਾ ਵੱਲੋਂ ਪਟਾਖੇ, ਆਤਿਸ਼ਬਾਜੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਟਾਖ਼ਿਆਂ ਨਾਲ ਸ਼ੋਰ ਸ਼ਰਾਬਾ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਟਾਖ਼ੇ ਚਲਾਉਣ ਸਮੇਂ ਅੱਗ ਲੱਗਣ ਦੀਆਂ ਘਟਨਾਵਾਂ ਵੀ ਹੋਈਆਂ ਸਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਪਾਬੰਦੀ ਅਤੇ ਸਾਵਧਾਨੀ ਤੋਂ ਬਿਨ੍ਹਾਂ ਹੁਣ ਵੀ ਆਮ ਜਨ-ਜੀਵਨ ਅਤੇ ਜਨ ਸੰਪਤੀ ਨੂੰ ਖ਼ਤਰਾ ਹੋ ਸਕਦਾ ਹੈ, ਇਸ ਲਈ ਇਸ ਸੰਭਾਵਿਤ ਖ਼ਤਰੇ ਤੋਂ ਬਚਣ ਲਈ ਜ਼ਿਲ੍ਹਾ ਮਾਨਸਾ ਵਿੱਚ ਅਣਅਧਿਕਾਰਤ ਸਥਾਨਾਂ `ਤੇ ਪਟਾਖ਼ਿਆਂ, ਬੰਬ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ `ਤੇ ਸਖ਼ਤ ਮਨਾਹੀ ਹੈ।
ਪਟਾਖੇ ਵੇਚਣ ਲਈ ਨਿਰਧਾਰਿਤ ਕੀਤੀਆਂ ਥਾਵਾਂ ਵਿੱਚ ਖਾਲਸਾ ਹਾਈ ਸਕੂਲ ਦਾ ਗਰਾਊਂਡ ਤੇ ਰਮਦਿੱਤੇਵਾਲਾ ਰੋਡ ਸਥਿਤ ਰੈਡ ਕਰਾਸ ਦੀ ਜਗਾ, ਫੋਕਲ ਪੁਆਇੰਟ ਜੋਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੀਖੀ, ਰਾਮਲੀਲਾ ਗਰਾਊਂਡ ਤੇ ਬੀ.ਡੀ.ਪੀ.ਓ ਦਫ਼ਤਰ ਬੁਢਲਾਡਾ, ਪਸ਼ੂ ਮੇਲਾ ਗਰਾਊਂਡ ਤੇ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਬਰੇਟਾ, ਪੰਜਾਬ ਮਹਾਂਵੀਰ ਦਲ ਗਰਾਊਂਡ ਬੋਹਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਰਦੂਲਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫੱਤਾ ਮਾਲੋਕਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਝੁਨੀਰ ਆਦਿ ਸਥਾਨ ਸ਼ਾਮਲ ਹਨ।
ਜ਼ਿਲ੍ਹਾ ਮੈਜੀਸਟ੍ਰੇਟ ਨੇ ਹੁਕਮ ਵਿੱਚ ਕਿਹਾ ਕਿ ਨਿਰਧਾਰਤ ਕੀਤੀਆਂ ਥਾਵਾਂ ਤੋਂ ਇਲਾਵਾ ਹੋਰ ਕਿਸੇ ਥਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਨਿਰਧਾਰਤ ਕੀਤੀਆਂ ਥਾਵਾਂ `ਤੇ ਛੋਟੇ ਪਟਾਖੇ ਵੇਚਣ ਲਈ ਡੀਸੀ ਦਫ਼ਤਰ ਦੀ ਅਸਲਾ ਸ਼ਾਖਾ ਵੱਲੋਂ ਨਿਯਮਾਂ ਅਨੁਸਾਰ ਫੀਸ ਜਮ੍ਹਾਂ ਕਰਵਾ ਕੇ ਦੁਕਾਨਦਾਰਾਂ ਨੂੰ ਆਰਜ਼ੀ ਲਾਈਸੰਸ ਜਾਰੀ ਕਰਨਗੇ। ਉਪਰੋਕਤ ਹੁਕਮ 7 ਨਵੰਬਰ 2018 ਤੱਕ ਲਾਗੂ ਰਹੇਗਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …