ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਿੱਖ ਕੌਮ ਦੇ ਸਰਵਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸੇਵਾ ਸੰਭਾਲ ਲਈ।ਸੇਵਾ ਸੰਭਾਲ ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵੱਲੋਂ ਭਾਈ ਰਾਮ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਨਿਹੰਗ ਜਥੇਬੰਦੀਆਂ ਵੱਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਕਰੋੜੀ, ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀਵਾਲੇ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਵੱਖ-ਵੱਖ ਤਖ਼ਤਾਂ ਦੇ ਸਾਬਕਾ ਜਥੇਦਾਰ ਸਾਹਿਬਾਨ, ਨਿਹੰਗ ਸਿੰਘ ਦਲਾਂ, ਸਿੱਖ ਟਕਸਾਲਾਂ, ਸਿੱਖ ਸੰਪ੍ਰਦਾਵਾਂ, ਕਾਰਸੇਵਾ ਵਾਲੇ ਮਹਾਂਪੁਰਸ਼ਾਂ, ਸਭਾ-ਸੁਸਾਇਟੀਆਂ, ਪੰਥਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਧਾਰਮਿਕ, ਸਮਾਜਕ ਤੇ ਪੰਥਕ ਸ਼ਖਸੀਅਤਾਂ ਨੇ ਦਸਤਾਰਾਂ ਤੇ ਸਿਰੋਪਾਓ ਭੇਟ ਕੀਤੇ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਏ ਭਰਵੇਂ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁੱਕਤੀ ਸਬੰਧੀ ਅੰਤ੍ਰਿੰਗ ਕਮੇਟੀ ਵੱਲੋਂ ਕੀਤਾ ਗਿਆ ਮਤਾ ਪੜ੍ਹਿਆ, ਜਿਸ ਦਾ ਹਾਜ਼ਰ ਖ਼ਾਲਸਾ ਪੰਥ ਨੇ ਜੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ।ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਨਿਯੁੱਕਤ ਕਰਨ ਦਾ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ 22 ਅਕਤੂਬਰ ਨੂੰ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ ਇਕੱਤਰਤਾ ਵਿਚ ਲਿਆ ਗਿਆ ਸੀ।
ਸੇਵਾ ਸੰਭਾਲ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਸੁਪਰੀਮ ਅਸਥਾਨ ਹੈ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਪਾਵਨ ਅਸਥਾਨ ਦੀ ਸਥਾਪਨਾ ਸਿੱਖ ਸਿਧਾਂਤਾਂ ਦੀ ਰੱਖਿਆ ਲਈ ਕੀਤੀ ਸੀ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਸਹਿਯੋਗ ਨਾਲ ਇਸ ਪਾਵਨ ਤਖ਼ਤ ਦੀ ਮਾਣ-ਮਰਯਾਦਾ ਅਤੇ ਸਰਵਉਚਤਾ ਨੂੰ ਕਾਇਮ ਰੱਖਣ ਲਈ ਸੇਵਾ ਨਿਭਾਉਣਗੇ।ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਲਈ ਅਹਿਮ ਯੋਗਦਾਨ ਰਿਹਾ ਹੈ ਅਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਦੂਰ-ਅੰਦੇਸ਼ੀ ਅਤੇ ਸਭ ਦੇ ਸਹਿਯੋਗ ਨਾਲ ਪੰਥ ਨੂੰ ਇਕ ਲੜੀ ਵਿਚ ਪਰੋਣ ਲਈ ਕਾਰਜ ਕਰਨਗੇ।ਲੌਂਗੋਵਾਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੇਵਾ ਸੰਭਾਲ ਸਮਾਗਮ ਮੌਕੇ ਪੁੱਜੀਆਂ ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਦਲਾਂ, ਗੁਰਮਤਿ ਟਕਸਾਲਾਂ, ਪੰਥਕ ਆਗੂਆਂ, ਸਿੱਖ ਸੰਪਰਦਾਵਾਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁੱਕਤੀ ’ਤੇ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਗੁਰੂ ਸਾਹਿਬ ਵੱਲੋਂ ਦਰਸਾਈ ਜੁਗਤ ਅਨੁਸਾਰ ਧਰਮ ਪ੍ਰਚਾਰ ਲਹਿਰ ਹੋਰ ਪ੍ਰਚੰਡ ਕਰਨਗੇ ਅਤੇ ਪੰਥਕ ਮਸਲਿਆਂ ਦੇ ਹੱਲ ਤੇ ਕੌਮ ਦੀ ਇਕਜੁੱਟਤਾ ਲਈ ਸੁਹਿਰਦ ਯਤਨ ਕਰਨਗੇ। ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੇਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਉਨ੍ਹਾਂ ਨੂੰ ਮਿਲੀ ਹੈ ਅਤੇ ਉਹ ਇਸ ਮਹਾਨ ਅਸਥਾਨ ਦੀਆਂ ਪ੍ਰੰਪਰਾਵਾਂ ਅਤੇ ਰਵਾਇਤਾਂ ਅਨੁਸਾਰ ਪੰਥਕ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕੌਮ ਦੀ ਸੇਵਾ ਨਿਭਾਉਣ ਦਾ ਯਤਨ ਕਰਨਗੇ। ਇਸੇ ਦੌਰਾਨ ਸੇਵਾ ਸੰਭਾਲਣ ਮਗਰੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਬਾਅਦ ਵਿਚ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਡੀਆ ਦੇ ਰੂ-ਬ-ਰੂ ਹੋਏ।
ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ।ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਲਿਆ।ਸਮਾਗਮ ਦੌਰਾਨ ਸਟੇਜ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਨਿਭਾਈ।
ਸਮਾਗਮ ਸਮੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਦਸਤਾਰਾਂ ਦੇਣ ਵਾਲੀਆਂ ਅਤੇ ਹਾਜ਼ਰ ਸ਼ਖ਼ਸੀਅਤਾਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਮਾਨ ਸਿੰਘ, ਗਿਆਨੀ ਮਲਕੀਤ ਸਿੰਘ, ਸ੍ਰੀ ਫ਼ਤਹਿਗੜ੍ਹ ਸਾਹਿਬ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਪੂਰਨ ਸਿੰਘ ਤੇ ਪ੍ਰੋਫ਼ੈਸਰ ਮਨਜੀਤ ਸਿੰਘ, ਗਿਆਨੀ ਰਣਜੀਤ ਸਿੰਘ ਦਿੱਲੀ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਯੂ.ਕੇ, ਧਨਰਾਜ ਸਿੰਘ ਪ੍ਰਧਾਨ ਚੀਫ ਖਾਲਸਾ ਦੀਵਾਨ, ਸਿੱਖ ਧਰਮ ਇੰਟਰਨੈਸ਼ਨਲ ਅਮਰੀਕਾ ਮੁਖੀ ਡਾ. ਬੀਬੀ ਇੰਦਰਜੀਤ ਕੌਰ ਵੱਲੋਂ ਭਾਈ ਕੁਲਬੀਰ ਸਿੰਘ ਯੋਗੀ, ਅੰਤ੍ਰਿੰਗ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ, ਗੁਰਤੇਜ ਸਿੰਘ ਢੱਡੇ, ਬੀਬੀ ਗੁਰਪ੍ਰੀਤ ਕੌਰ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਭਗਵੰਤ ਸਿੰਘ ਸਿਆਲਕਾ, ਸੱਜਣ ਸਿੰਘ ਬੱਜੂਮਾਨ, ਹਰਦੇਵ ਸਿੰਘ ਰੋਗਲਾ, ਮੈਂਬਰ ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਮ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਸ਼ਿੰਗਾਰਾ ਸਿੰਘ ਲੋਹੀਆ, ਬਾਬਾ ਨਿਰਮਲ ਸਿੰਘ ਨੌਸ਼ਹਿਰਾਢਾਲਾ, ਰਵਿੰਦਰ ਸਿੰਘ ਖ਼ਾਲਸਾ, ਅਵਤਾਰ ਸਿੰਘ ਰਿਆ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਗੁਰਨਾਮ ਸਿੰਘ ਜੱਸਲ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਗੁਰਿੰਦਰਪਾਲ ਸਿੰਘ ਗੋਰਾ, ਮਨਜੀਤ ਸਿੰਘ ਬੱਪੀਆਣਾ, ਰਾਮਪਾਲ ਸਿੰਘ ਬਹਿਣੀਵਾਲ, ਸਤਪਾਲ ਸਿੰਘ ਤਲਵੰਡੀ ਭਾਈ, ਪ੍ਰਿਤਪਾਲ ਸਿੰਘ, ਸੁਖਵਰਸ਼ ਸਿੰਘ ਪੰਨੂੰ, ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਅਜੈਬ ਕੌਰ ਭੋਤਨਾ, ਜਥੇਦਾਰ ਗੁਰਲਾਲ ਸਿੰਘ, ਜਗਸੀਰ ਸਿੰਘ ਮਾਂਗੇਆਣਾ, ਬੀਬੀ ਰਣਜੀਤ ਕੌਰ ਮਾਹਿਲਪੁਰ, ਸ਼ਿੰਗਾਰਾ ਸਿੰਘ ਲੋਹੀਆ, ਹਰਿੰਦਰ ਸਿੰਘ ਰਣੀਆ, ਜਥੇਦਾਰ ਜਰਨੈਲ ਸਿੰਘ ਭੋਤਨਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਗੁਰਪ੍ਰਤਾਪ ਸਿੰਘ ਟਿੱਕਾ ਜ਼ਿਲ੍ਹਾ ਪ੍ਰਧਾਨ, ਅਵਤਾਰ ਸਿੰਘ ਹਿੱਤ ਪ੍ਰਧਾਨ ਪ੍ਰਬੰਧਕ ਕਮੇਟੀ ਪਟਨਾ ਸਾਹਿਬ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਵੱਲੋਂ ਸੁਖਵਿੰਦਰ ਸਿੰਘ ਅਗਵਾਨ, ਭਾਈ ਸ਼ਮਸ਼ੇਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਾਊਥਹਾਲ, ਬਾਬਾ ਕੁਲਵਿੰਦਰ ਸਿੰਘ ਚਮਕੌਰ, ਬਾਬਾ ਅਵਤਾਰ ਸਿੰਘ ਟਿੱਬਾ, ਹਰਭਜਨ ਸਿੰਘ ਤੇ ਜਗੀਰ ਸਿੰਘ ਪਾਉਂਟਾ ਸਾਹਿਬ, ਇਕਬਾਲ ਸਿੰਘ ਮੁੰਬਈ, ਬਾਬਾ ਗੁਰਨਾਮ ਸਿੰਘ ਡਰੌਲੀ ਵਾਲੇ, ਬਾਬਾ ਦਿਲਬਾਗ ਸਿੰਘ ਤੇ ਬਾਬਾ ਅਮਰੀਕ ਸਿੰਘ ਅਨੰਦਪੁਰ ਸਾਹਿਬ, ਬਾਬਾ ਘਾਲਾ ਸਿੰਘ ਮੁਖੀ ਨਾਨਕਸਰ ਕਲੇਰਾਂ, ਬਾਬਾ ਗੁਰਮੇਲ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਬਾਬਾ ਜੋਗਾ ਸਿੰਘ, ਬਾਬਾ ਅਰਜਨ ਸਿੰਘ ਆਲਮਪੁਰ, ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆਂ, ਭਾਈ ਸਰਦਾਰ ਸਿੰਘ, ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਬਾਬਾ ਗੁਰਜੀਤ ਸਿੰਘ ਛੋਟੀ ਜਵੱਦੀ, ਜਥੇਦਾਰ ਦਲਜੀਤ ਸਿੰਘ ਸੋਢੀ ਮਾਹਿਲਪੁਰੀ, ਬਾਬਾ ਅਜਵਿੰਦਰ ਸਿੰਘ ਹੈੱਡ ਗ੍ਰੰਥੀ ਰਾੜਾ ਸਾਹਿਬ, ਬਾਬਾ ਤਰਸੇਮ ਸਿੰਘ ਮਹਿਤਾ, ਭਾਈ ਕਿਸ਼ਨ ਸਿੰਘ ਸੰਤਨ ਕੀ ਕੁਟੀਆ, ਬਾਬਾ ਸਰਦਾਰਾ ਸਿੰਘ ਨਾਨਕਸਰ ਕਲੇਰਾ, ਅਨੂਪ ਸਿੰਘ ਵਿਰਦੀ ਪ੍ਰਧਾਨ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਜਨਰਲ ਸਕੱਤਰ, ਬੀਬੀ ਸਰਬਜੀਤ ਕੌਰ ਛਾਪੜੀ ਸਾਹਿਬ, ਬਾਬਾ ਆਗਿਆਪਾਲ ਸਿੰਘ, ਬਾਬਾ ਗੁਰਵਿੰਦਰ ਸਿੰਘ ਮੁਖੀ ਉਦਾਸੀਨ ਸੰਪਰਦਾ, ਬਾਬਾ ਸਤਨਾਮ ਸਿੰਘ ਦਮਦਮੀ ਮਸਤੂਆਣਾ ਸਾਹਿਬ, ਗੁਰਦੀਪ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਹਰਭਜਨ ਸਿੰਘ ਬਰਾੜ, ਬਾਬਾ ਮਹਿੰਦਰ ਸਿੰਘ ਮੋਗਾ, ਬਾਬਾ ਸਮਸ਼ੇਰ ਸਿੰਘ ਜਗੇੜਾ, ਕੰਵਲਜੀਤ ਸਿੰਘ ਕੰਵਲ ਕੈਨੇਡਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਮਹਿੰਦਰ ਸਿੰਘ ਆਹਲੀ ਆਦਿ ਮੌਜੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …