ਭੀਖੀ, 5 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਿਸ਼ਨ ਤੰਦਰੁਸਤ ਪੰਜਾਬ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਵਲੋਂ ਜ਼ਿਲੇ ਦੇ ਮਠਿਆਈ ਵਿਕਰੇਤਾਵਾਂ ਅਤੇ ਹਲਵਾਈਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਹਦਾਇਤ ਕੀਤੀ ਕਿ ਸਾਫ਼-ਸੁਥਰੀ ਖੁਰਾਕ ਯਕੀਨੀ ਬਣਾਉਣ ਲਈ ਸਿਰਫ ਸ਼ੁੱਧ ਮਠਿਆਈਆਂ ਹੀ ਬਣਾ ਕੇ ਵੇਚੀਆਂ ਜਾਣ।
ਸਿਵਲ ਸਰਜਨ ਦਫਤਰ ਮਾਨਸਾ ਵਿਖੇ ਹੋਈ ਮੀਟਿੰਗ ਦੌਰਾਨ ਠਕਰਾਲ ਨੇ ਕਿਹਾ ਕਿ ਬਾਹਰੋਂ ਆ ਰਹੀਆਂ ਨਕਲੀ ਮਠਿਆਈਆਂ ਜਾਂ ਖਾਦ-ਪਦਾਰਥ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਇਸ ਸਬੰਧੀ ਸਿਹਤ ਵਿਭਾਗ ਵਲੋ ਸਮੇਂ-ਸਮੇਂ `ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਨਮੂਨੇ ਲਏ ਜਾ ਰਹੇ ਹਨ। ਉਨ੍ਹਾਂ ਉਚੇਚੇ ਤੌਰ `ਤੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ `ਚ ਆਰਜ਼ੀ ਤੌਰ `ਤੇ ਮਠਿਆਈਆਂ ਵੇਚਣ ਵਾਲਿਆਂ ਵਿਰੁੱਧ ਧਾਰਾ 144 ਲਗਾਈ ਗਈ ਹੈ, ਤਾਂ ਜੋ ਲੋਕਾਂ ਨੂੰ ਸਹੀ ਅਤੇ ਸ਼ੁੱਧ ਮਠਿਆਈਆਂ ਮਿਲ ਸਕਣ।
ਇਸ ਸਬੰਧੀ ਸਹਾਇਕ ਕਮਿਸ਼ਨਰ (ਫੂਡ) ਅਮ੍ਰਿੰਤਪਾਲ ਸਿੰਘ ਨੇ ਕਿਹਾ ਕਿ ਮਠਿਆਈਆਂ ਬਣਾਉਂਦੇ ਸਮੇਂ ਸਹੀ ਮਾਤਰਾ `ਚ ਸ਼ੁੱਧ ਖਾਦ-ਪਦਾਰਥਾਂ ਦੀ ਵਰਤੋਂ ਕੀਤੀ ਜਾਵੇ।ਬਣਾਈਆਂ ਜਾਂਦੀਆਂ ਮਠਿਆਈਆਂ ਦਾ ਇੱਕ ਬੋਰਡ ਲਗਾਇਆ ਜਾਵੇ, ਜਿਸ `ਤੇ ਮਠਿਆਈ ਵਿੱਚ ਵਰਤਿਆ ਜਾਂਦਾ ਖਾਧ-ਪਦਾਰਥ ਦਾ ਨਾਮ ਅਤੇ ਮਾਤਰਾ ਬਾਰੇ ਜਾਣਕਾਰੀ ਲਿਖੀ ਜਾਵੇ।ਫੂਡ ਸੇਫਟੀ ਅਫ਼ਸਰ ਸੰਦੀਪ ਸਿੰਘ ਨੇ ਕਿਹਾ ਕਿ ਮਠਿਆਈਆਂ ਬਣਾਉਂਦੇ ਸਮੇਂ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ, ਮਠਿਆਈਆਂ ਸਟੋਰ ਕਰਨ ਦੀ ਬਜਾਏ ਤਾਜ਼ਾ ਬਣਾ ਕੇ ਵੇਚੀਆ ਜਾਣ ਅਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਮਠਿਆਈ ਬਣਾਉਣ ਸਮੇਂ ਨਿੱਜੀ ਸਫ਼ਾਈ ਦਾ ਪੂਰਾ ਧਿਆਨ ਰੱਖਣ ਲਈ ਕਿਹਾ ਜਾਵੇ। ਇਸ ਸਮੇਂ ਹਲਵਾਈ ਯੂਨੀਅਨ ਦੇ ਪ੍ਰਧਾਨ ਦੀਨਾ ਨਾਥ ਚੁੱਘ ਵੱਲੋ ਵਿਸ਼ਵਾਸ ਦਿਵਾਇਆ ਗਿਆ ਕਿ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਠਿਆਈਆਂ ਅਤੇ ਹੋਰ ਖਾਦ-ਪਦਾਰਥ ਤਿਆਰ ਕੀਤੇ ਜਾਣਗੇ ਅਤੇ ਜੇਕਰ ਕੋਈ ਨਕਲੀ ਅਤੇ ਘਟੀਆ ਖਾਦ-ਪਦਾਰਥਾਂ ਦੀ ਵਰਤੋ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦਿੱਤੀ ਜਾਵੇਗੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …