ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਗਾਇਆ ਹੈ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਰਕਾਰ ਨੇ ਵੀ ਪ੍ਰਾਈਵੇਟ ਖੰਡ ਮਿੱਲ ਮਾਫ਼ੀਆ ਅੱਗੇ ਗੋਡੇ ਟੇਕ ਦਿੱਤੇ ਹਨ। ਪੰਜਾਬ ਦੀਆਂ ਨਿੱਜੀ ਖੰਡ ਮਿੱਲਾਂ ਵਲੋਂ ਸੂਬੇ ਦੇ ਗੰਨਾਂ ਕਾਸ਼ਤਕਾਰਾਂ ਨੂੰ ਗੰਨੇ ਦੀ ਸਟੇਟ ਐਡਵਾਈਜ਼ਰੀ ਪ੍ਰਾਈਸ (ਐਸ.ਏ.ਪੀ) ਵੱਲੋਂ ਤੈਅ 310 ਰੁਪਏ ਪ੍ਰਤੀ ਕਵਿੰਟਲ ਦੇਣ ਤੋਂ ਕੀਤੇ ਜਾ ਰਹੇ ਇਨਕਾਰ ਦਾ ਤਿੱਖਾ ਵਿਰੋਧ ਕੀਤਾ ਹੈ।
‘ਆਪ’ ਮੁਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਡਾ. ਰਵਜੋਤ ਅਤੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਸਿਰਫ਼ ਅੱਧੀ ਦਰਜਨ ਖੰਡ ਮਿਲ ਘਰਾਣਿਆਂ ਅੱਗੇ ਝੁਕਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਉਨ੍ਹਾਂ ਲੱਖਾਂ ਗੰਨਾਂ ਕਾਸ਼ਤਕਾਰਾਂ ਨੂੰ ਧੋਖਾ ਦੇ ਰਹੀ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਪ੍ਰਤੀ ਕਵਿੰਟਲ 275 ਰੁਪਏ ਮਿਨੀਮਮ ਸਟੇਚੁਟਰੀ ਪ੍ਰਾਈਸ (ਐਮ.ਐਸ.ਪੀ) ਅਤੇ ਪੰਜਾਬ ਸਰਕਾਰ ਦੇ ਸ਼ੂਗਰਕੇਨ ਕੰਟਰੋਲ ਬੋਰਡ ਵਲੋਂ ਨਿਰਧਾਰਿਤ ਕੀਤੀ 310 ਰੁਪਏ ਪ੍ਰਤੀ ਕਵਿੰਟਲ ਕੀਮਤ ਦਰਮਿਆਨ 35 ਰੁਪਏ ਪ੍ਰਤੀ ਕਵਿੰਟਲ ਦਾ ਵੱਡਾ ਫ਼ਰਕ ਹੈ ਅਤੇ ਨਿੱਜੀ ਖੰਡ ਮਿਲ ਮਾਲਕ ਪ੍ਰਤੀ ਕਵਿੰਟਲ 35 ਰੁਪਏ ਹੜੱਪਣ ਦੀ ਕੋਸ਼ਿਸ਼ ‘ਚ ਹਨ।
ਡਾ. ਰਵਜੋਤ ਤੇ ਸ਼ੈਰੀ ਕਲਸੀ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੀਆਂ 7 ਸਹਿਕਾਰੀ ਖੰਡ ਮਿੱਲਾਂ ਦੀ ਪਿੱਠ ਥਾਪੜਣ।ਆਗੂਆਂ ਨੇ ਅਕਾਲੀ ਦਲ ਵਲੋਂ ਗੰਨਾਂ ਕਾਸ਼ਤਕਾਰਾਂ ਲਈ ਦਿੱਤੇ ਜਾ ਰਹੇ ਧਰਨਿਆਂ ਨੂੰ ਮਹਿਜ਼ ਮਗਰਮੱਛ ਦੇ ਹੰਝੂ ਕਰਾਰ ਦਿੰਦੇ ਕਿਹਾ ਕਿ ਜੇਕਰ ਸਰਕਾਰ ਨੇ ਮਾਫੀਆ ਨੂੰ ਸ਼ਹਿ ਜਾਰੀ ਰੱਖੀ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਅਤੇ ਗੰਨਾ ਕਾਸ਼ਤਕਾਰਾਂ ਦੇ ਘਰ-ਘਰ ਜਾ ਕੇ ਦੱਸੇਗੀ ਕਿ 9 ਪ੍ਰਾਈਵੇਟ ਖੰਡ ਮਿੱਲਾਂ ‘ਚ ਕਿੰਨੀਆਂ ਦੇ ਮਾਲਕ ਅਕਾਲੀ ਅਤੇ ਕਿੰਨੀਆਂ ਦੇ ਮਾਲਕ ਕਾਂਗਰਸੀ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …