ਸਮਰਾਲਾ, 20 ਦਸੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਵਲੋਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮੇਨ ਚੌਂਕ ਵਿਖੇ ਪੈਨਸ਼ਨਰਜ਼ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ।ਹਰ ਸਾਲ ਦੇਸ਼ ਵਿੱਚ ਸੂਬਾ, ਜ਼ਿਲ੍ਹਾ, ਸਬ ਡਵੀਜਨ ਪੱਧਰੀ ਪੈਨਸ਼ਰਜ਼ ਡੇਅ ਮਨਾਇਆ ਜਾਂਦਾ ਹੈ।ਸਮਰਾਲਾ ਵਿੱਚ ਪੈਨਸ਼ਨਰਜ਼ ਦਿਵਸ ਦੀ ਪ੍ਰਧਾਨਗੀ ਕਰਦਿਆਂ ਪ੍ਰੇਮ ਸਾਗਰ ਸ਼ਰਮਾ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਦੱਬੀ ਬੈਠੀ ਹੈ ਅਤੇ 22 ਮਹੀਨਿਆਂ ਦਾ ਬਣਦਾ ਬਕਾਇਆ ਵੀ ਅਜੇ ਤੱਕ ਨਹੀਂ ਦਿੱਤਾ, 6ਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਲੈ ਕੇ ਕਮਿਸ਼ਨ ਵੱਲੋਂ ਕੀਤੀਆਂ ਜਾਣ ਵਾਲੀਆਂ ਸਿਫਾਰਸ਼ਾਂ ਲਾਗੂ ਨਹੀਂ ਕਰਵਾ ਰਹੀ, ਜਦੋਂ ਕਿ ਗੁਆਂਢੀ ਰਾਜਾਂ ਅਤੇ ਪੂਰੇ ਭਾਰਤ ਵਿੱਚ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਵੱਲੋਂ ਕੀਤੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾ ਚੁੱਕੀਆਂ ਹਨ। ਹੋਰ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਪੰਜਾਬ ਦੇ ਵਿਧਾਇਕਾਂ, ਮੰਤਰੀਆਂ ਦੀਆਂ ਤਨਖਾਹਾਂ ਅਤੇ ਭੱਤੇ ਆਪ ਹੀ ਵਿਧਾਨ ਸਭਾ ਵਿੱਚ ਹੱਥ ਖੜ੍ਹੇ ਕਰਕੇ ਲਾਗੂ ਹੋ ਚੁੱਕੇ ਹਨ ਅਤੇ ਆਪਣੀਆਂ ਤਨਖਾਹਾਂ ਅਤੇ ਪੈਨਸ਼ਨਾਂ ਢਾਈ ਗੁਣਾ ਤੱਕ ਵਧਾ ਲਈਆਂ ਹਨ।ਪਰ ਪੰਜਾਬ ਦੀ ਬੇਰਹਿਮ ਸਰਕਾਰ ਬਿਮਾਰ ਪੈਨਸ਼ਨਰਾਂ ਦੇ ਬੀਮਾਰੀ ਦੇ ਬਿਲਾਂ ਦੀ ਅਦਾਇਗੀ ਨਹੀਂ ਕਰ ਰਹੀ ਤੇ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕਰ ਰਹੀ।ਉਨ੍ਹਾਂ ਨੇ ਪੰਜਾਬ ਸਰਕਾਰ `ਤੇ ਵਰ੍ਹਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਅਤੇ ਸਿਹਤ ਵਿਭਾਗ ਦੇ ਮਾਨਯੋਗ ਮੰਤਰੀ ਬ੍ਰਹਮ ਮਹਿੰਦਰਾ ਨਾਲ ਚਾਰ ਮੀਟਿੰਗਾਂ ਦੌਰਾਨ ਜੋ ਫੈਸਲੇ ਹੋਏ ਸਨ, ਉਨ੍ਹਾਂ ਦੇ ਹੁਕਮ ਵੀ ਅਜੇ ਤੱਕ ਜਾਰੀ ਨਹੀਂ ਹੋਏ।ਉਨ੍ਹਾਂ ਨਾਲ ਹੀ ਕਿਹਾ ਕਿ ਅਗਲੇ ਸਾਲ ਮਈ ਮਹੀਨੇ ਦੌਰਾਨ ਲੋਕ ਸਭਾ ਦੀਆਂ ਚੋਣਾਂ ਦੌਰਾਨ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ, ਜਿਸ ਦੇ ਸਿੱਟੇ ਸਰਕਾਰ ਨੂੰ ਭੁਗਤਣੇ ਪੈਣਗੇ।ਮੌਜੂਦਾ ਸਰਕਾਰ `ਤੇ ਸ਼ਾਇਰਾਨਾਂ ਚੋਟ ਕਰਦਿਆਂ ਸ਼ਰਮਾ ਨੇ ਕਿਹਾ ‘ਬੁਲੰਦੀਓਂ ਪਰ ਪਹੁੰਚ ਕਰ ਨਾ ਗਰੂਰ ਕਰ ਐ ਦੋਸਤ, ਇਸੀ ਮੁਕਾਮ ਸੇ ਅਕਸਰ ਜ਼ਵਾਲ ਆਤਾ ਹੈ।’ ਇਸ ਸਮਾਗਮ ਦੌਰਾਨ ਵਧੀਆਂ ਸੇਵਾਵਾਂ ਬਦਲੇ ਸਟੇਟ ਬੈਂਕ ਆਫ ਇੰਡੀਆ ਬਰਾਂਚ ਸਮਰਾਲਾ ਦੀਆਂ ਦੋ ਮੁਲਾਜ਼ਮਾਂ ਨੂੰ ਗਰਮ ਲੋਈਆਂ ਅਤੇ ਸ਼ਾਲ ਦੇ ਕੇ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੁਲਵੰਤ ਸਿੰਘ ਤਰਕ, ਪ੍ਰੇਮ ਨਾਥ, ਕੁਲਵੰਤ ਰਾਏ ਕੈਸ਼ੀਅਰ, ਕੁਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਪ੍ਰੇਮ ਸਿੰਘ ਪ੍ਰਧਾਨ ਮਾਛੀਵਾੜਾ, ਫਕੀਰ ਸਿੰਘ, ਸੁਰਜੀਤ ਸਿੰਘ, ਨਾਹਰ ਸਿੰਘ, ਅਨੌਖ ਸਿੰਘ, ਜਗਜੀਤ ਸਿੰਘ, ਮੋਹਣ ਸਿੰਘ, ਜਸਵੰਤ ਸਿੰਘ, ਕੇਸਰ ਸਿੰਘ, ਜੁਆਲਾ ਸਿੰਘ, ਬਿਜਲੀ ਬੋਰਡ ਦੇ ਪ੍ਰਧਾਨ ਸਿਕੰਦਰ ਸਿੰਘ, ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ ਸਮਰਾਲਾ, ਜੁਗਲ ਕਿਸ਼ੋਰ ਸਾਹਨੀ, ਅਮਰਨਾਥ ਟਾਗਰਾ, ਉੱਜਲ ਸਿੰਘ ਬੀ.ਪੀ.ਈ.ਓ ਸੇਵਾ ਮੁਕਤ, ਹਰੀ ਸਿੰਘ ਬਲਾਲਾ, ਦਲੀਪ ਸਿੰਘ, ਹੁਸ਼ਿਆਰ ਸਿੰਘ ਖਹਿਰਾ, ਹਰਜੀਤ ਸਿੰਘ ਆਦਿ ਸ਼ਾਮਲ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …