ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ‘ਗਲਵਕੜੀ ਚਾਰ ਸਾਹਿਬਜ਼ਾਦੇ, ਸਾਡਾ ਵਿਰਸਾ ਸਾਡਾ ਪਰਿਵਾਰ ਸਮਾਗਮ’ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵਨਿਊ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ।ਸਮਾਗਮ ਵਿੱਚ ਚੀਫ਼ ਖਾਲਸਾ ਦੀਵਾਨ ਦੇ ਡਾਇਰੈਕਟਰ ਡਾ. ਧਰਮਵੀਰ ਸਿੰਘ ਵਿਸ਼ੇਸ਼ ਤੌਰ `ਤੇ ਪਹੁੰਚੇ, ਜਦਕਿ ਸਕੂਲ ਦੇ ਮੈਂਬਰ ਇੰਚਾਰਜ਼ ਸੰਤੋਖ ਸਿੰਘ ਸੇਠੀ, ਜਸਵਿੰਦਰ ਸਿੰਘ ਐਡਵੋਕੇਟ ਅਤੇ ਕੁਲਜੀਤ ਸਿੰਘ ਸਾਹਨੀ ਅਤੇ ਭਾਈ ਤਰਸੇਮ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ ਵੀ ਮੌਜੂਦ ਰਹੇ।
ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਦੀ ਕੀਰਤਨ ਟੀਮ ਨੇ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰ ਕੇ ਕੀਤੀ।ਇਸ ਉਪਰੰਤ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਕੇ ਨਾਲ ਸੰਬੰਧਤ ਵਰਗ ਦੇ ਭਾਸ਼ਣ ਅਤੇ ਸੀਨੀਅਰ ਤੇ ਜੂਨੀਅਰ ਵਰਗ ਦੇ ਕਵਿਤਾ ਮੁਕਾਬਲੇ ਕਰਵਾਏ ਗਏ।ਦੱਸਵੀਂ ਜਮਾਤ ਦੇ ਸੀਨੀਅਰ ਵਿਦਿਆਰਥੀਆਂ ਨੇ ਬਾਬਾ ਮੋਤੀਰਾਮ ਜੀ, ਬੀਬੀ ਸੁਭਿਖੀ ਜੀ, ਸਰਸਾ ਦੀ ਜੰਗ ਦੇ ਨਾਇਕ, ਸਰਸਾ ਨਦੀ ਤੋਂ ਠੰਢਾ ਬੁਰਜ ਵਿਸ਼ਿਆਂ `ਤੇ ਭਾਸ਼ਣ ਦਿੱਤੇ।ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼ਹੀਦੀ ਸਪਤਾਹ ਨਾਲ ਸੰਬੰਧਤ ਕਵਿਤਾਵਾਂ ਪੇਸ਼ ਕੀਤੀਆਂ।ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਦਸਤਾਰ ਮੁਕਾਬਲਾ ਵੀ ਕਰਵਾਇਆ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵੀਸ਼ਰੀ ਵੀ ਪੇਸ਼ ਕੀਤੀ।ਸਕੂਲ ਵਿੱਚ ਪਿਛਲੇ ਸਾਲ ਦੱਸਵੀਂ ਪਾਸ ਕਰ ਚੁੱਕੇ ਵਿਦਿਆਰਥੀ ਅਨਮੋਲਦੀਪ ਸਿੰਘ ਨੇ ਅੱਲਾ ਯਾਰ ਖਾਂ ਯੋਗੀ ਦੁਆਰਾ ਲਿਖੀ ਰਚਨਾ ਸ਼ਹੀਦਾਨਿ ਵਫ਼ਾ ਦੇ ਸ਼ੇਅਰ ਸੁਣਾਏ।ਸਕੂਲ ਦੇ ਮੈਂਬਰ ਇੰਚਾਰਜ ਸੰਤੌਖ ਸਿੰਘ ਸੇਠੀ ਨੇ ਇਸ ਬੱਚੇ ਨੂੰ ਵਿਸ਼ੇਸ਼ ਤੌਰ ਤੇ ਪੰਜ ਸੌ ਰੁਪਏ ਦਾ ਨਕਦ ਇਨਾਮ ਦਿੱਤਾ।ਸਕੂਲ ਦੀ ਅਧਿਆਪਕਾ ਸ੍ਰੀਮਤੀ ਪਲਵਿੰਦਰ ਕੌਰ ਨੇ ਵੀ ਅੱਲਾ ਯਾਰ ਖਾਂ ਯੋਗੀ ਦੀ ਰਚਨਾ ‘ਗੰਜ ਸ਼ਹੀਦਾਂ’ ਦੇ ਸ਼ੇਅਰ ਸੁਣਾਏ।ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਕੇਸਰੀ ਦੁਪੱਟੇ ਅਤੇ ਦੁਮਾਲੇ ਸਜਾਏ ਹੋਏ ਸਨ।
ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ ਨੇ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਬਹਾਦਰੀ ਤੋਂ ਪ੍ਰੇਰਣਾ ਲੈਣ ਅਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਜੇ ਅੱਜ ਮਾਵਾਂ ਮਾਤਾ ਗੁਜਰੀ ਦੀ ਤਰ੍ਹਾਂ ਬੱਚਿਆਂ ਨੂੰ ਦ੍ਰਿੜਤਾ ਦੀ ਸਿੱਖਿਆ ਦੇਣ ਤਾਂ ਕੌਮ ਦੀ ਨਵੀਂ ਪਨੀਰੀ ਅਣਖ, ਸਵੈ ਮਾਣ ਅਤੇ ਬਹਾਦਰੀ ਨਾਲ ਭਰਪੂਰ ਹੋਵੇਗੀ।ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸਮਾਗਮ ਦੇ ਅੰਤ ਵਿੱਚ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪਹਿਲੇ ਇਨਾਮ ਦੇ ਰੂਪ ਵਿੱਚ ਟੈਬਲੇਟ, ਦੂਜੇ ਇਨਾਮ ਦੇ `ਚ ਘੜੀਆਂ ਅਤੇ ਤੀਸਰੇ ਇਨਾਮ ਵਿੱਚ ਸ਼ੀਲਡਾਂ ਵੰਡੀਆਂ ਗਈਆਂ। ਅਖੀਰ `ਚ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …