ਰੈਲੀ ਦਾ ਮਕਸਦ ਭਰੂਣ ਹੱਤਿਆਵਾਂ, ਦਾਜ, ਨਸ਼ਾ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਸੀ : ਪ੍ਰਿੰ: ਹਰਪ੍ਰੀਤ ਕੌਰ
ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਵਿਖੇ ਸਮਾਜਿਕ ਕੁਰੀਤੀਆਂ ਸਬੰਧੀ ਜਾਗਰੂਕ ਕਰਨ ਲਈ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਅੰਮ੍ਰਿਤਸਰ ਵੱਲੋਂ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਛੇਹਰਟਾ ਜੀ.ਟੀ ਰੋਡ ਤੋਂ ਹੁੰਦੇ ਹੋਏ ਕਾਲਜ ਕੈਂਪਸ ’ਚ ਵਿਸ਼ਾਲ ਰੈਲੀ ਕੱਢੀ ਗਈ।ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਆਯੋਜਿਤ ਇਸ ਰੈਲੀ ਨੂੰ ਮੁੱਖ ਮਹਿਮਾਨ ਵਜੋਂ ਪੁੱਜੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀ.ਜੇ.ਐਮ)-ਕਮ-ਸੈਕਟਰੀ, ਡਿਸਟ੍ਰਿਕ ਲੀਗਲ ਸਰਵਿਸਸ ਅਥਾਰਟੀ, ਸੁਮੀਤ ਮੱਕੜ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਜਿਸ ਦਾ ਮਕਸਦ ਏਡਜ਼, ਦਾਜ, ਨਸ਼ਾ, ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਅਤੇ ਭਰੂਣ ਹੱਤਿਆਵਾਂ ਸਬੰਧੀ ਜਾਗ੍ਰਿਤ ਕਰਨਾ ਸੀ।
ਕਾਲਜ ਤੋਂ ਸ਼ੁਰੂਆਤ ਕੀਤੀ ਗਈ ਇਸ ਰੈਲੀ ’ਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਅਧਾਰਿਤ ਸਮਾਜਿਕ ਕੀਰਤੀਆਂ ਨੂੰ ਜਾਗ੍ਰਿਤ ਕਰਦੀਆਂ ਤਖ਼ਤੀਆਂ ਫੜ੍ਹ ਕੇ ਲੋਕਾਂ ਨੂੰ ਜਾਗਰੂਕ ਕੀਤਾ।ਮੱਕੜ ਨੇ ਕਾਲਜ ਦੁਆਰਾ ਕੱਢੀ ਗਈ ਰੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਵਿੱਦਿਅਕ ਸੰਸਥਾਵਾਂ ਨੂੰ ਸਮਾਜ ’ਚ ਫ਼ੈਲੀਆਂ ਬੁਰਾਈਆਂ ਦੇ ਨਾਸ਼ ਅਤੇ ਵਾਤਾਵਰਣ ’ਚ ਆ ਰਹੇ ਬਦਲਾਅ ਸਬੰਧੀ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਅਜਿਹੀਆਂ ਰੈਲੀਆਂ ਅਤੇ ਮੁਹਿੰਮਾਂ ਦਾ ਸਮੇਂ-ਸਮੇਂ ਕੱਢਿਆ ਜਾਣਾ ਅਤਿ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਸਮਾਜ ’ਚ ਦਾਜ ਖ਼ਾਤਿਰ ਲੜਕੀਆਂ ਨੂੰ ਘਰੋਂ ਕੱਢਣਾ ਜਾਂ ਮਾਰ ਮੁਕਾਉਣਾ, ਧੀਆਂ ਨੂੰ ਬੋਝ ਸਮਝਣ ਵਾਲੀ ਸੋਚ ਨੂੰ ਬਦਲਣ, ਸਹੀ ਦਿਸ਼ਾ ਤੋਂ ਭਟਕ ਕੇ ਨਸ਼ਿਆਂ ਵਰਗੀਆਂ ਅਲਾਮਤਾਂ ’ਚ ਜਵਾਨੀ ਨੂੰ ਗਰਕ ਕਰ ਰਹੀ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ ਪ੍ਰਦਾਨ ਕਰਨ ਅਤੇ ਵਾਤਾਵਰਣ ’ਚ ਆ ਰਹੇ ਬਦਲਾਅ ਕਾਰਨ ਪੰਛੀਆਂ ਤੇ ਮਨੁੱਖੀ ਸਰੀਰ ’ਚ ਆ ਰਹੇ ਮਾੜੇ ਪ੍ਰਭਾਵਾਂ ਕਾਰਨ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਅਜਿਹੀ ਜਾਗਰੂਕਤਾ ਮੁਹਿੰਮ ਵਿੱਢੀ ਚਾਹੀਦੀ ਹੈ।
ਇਸ ਮੌਕੇ ਪ੍ਰਿੰ: ਡਾ. ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੈਲੀ ਦਾ ਮਕਸਦ ਸਮਾਜ ’ਚ ਫ਼ੈਲੀਆਂ ਬੁਰਾਈਆਂ ਤੋਂ ਸਿੱਖਿਅਤ ਕਰਨਾ ਸੀ ਤਾਂ ਜੋ ਸਾਡਾ ਸਮਾਜ ਫ਼ੈਲੀਆਂ ਇੰਨ੍ਹਾਂ ਮਾੜੀਆਂ ਕੁਰੀਤੀਆਂ ਤੋਂ ਨਿਕਲ ਸਕੇ ਅਤੇ ਸੁਹਿਰਦ ਤੇ ਸੁਖਦ ਸਮਾਜ ਦੀ ਸਿਰਜਨਾ ਹੋ ਸਕੇ।ਉਨ੍ਹਾਂ ਕਿਹਾ ਕਿ ਲੋਕਾਂ ’ਚ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਅਭਿਆਨ ਕੱਢਣਾ ਸਾਡਾ ਸਾਰਿਆਂ ਦਾ ਫਰਜ਼ ਹੈ।
ਇਸ ਮੌਕੇ ਦਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੂਥ ਸਰਵਿਸਿਜ਼ ਅੰਮ੍ਰਿਤਸਰ ਨੇ ਧੰਨਵਾਦ ਮਤਾ ਪੇਸ਼ ਕੀਤਾ ਅਤੇ ਕਿਹਾ ਕਿ ਅਜਿਹੀਆਂ ਰੈਲੀਆਂ ’ਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ, ਸਿਵਲ ਸੁਸਾਇਟੀ ਦੇ ਮੈਂਬਰਾਂ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਲਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਪ੍ਰਚਲਿੱਤ ਢੰਗ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਜਰੂਰਤ ਹੈ।ਇਸ ਮੌਕੇ ਪ੍ਰੋ: ਮਨਿੰਦਰ ਕੌਰ, ਪ੍ਰੋ: ਦੀਪਿਕਾ ਕੋਹਲੀ, ਪ੍ਰੋ: ਬਿੰਦੂ, ਪ੍ਰੋ: ਅਮਨਦੀਪ ਕੌਰ, ਪ੍ਰੋ: ਰਾਜਵਿੰਦਰ ਕੌਰ ਤੋਂ ਇਲਾਵਾ ਵਿਦਿਆਰਥਣਾਂ ਮੌਜ਼ੂਦ ਸਨ।