ਚੋਣਾਂ ਲਈ ਲਗਾਏ ਗਏ ਅਬਜ਼ਰਵਰ – ਬੈਲੇਟ ਪੇਪਰ ਰਾਹੀਂ ਹੋਣਗੀਆਂ ਪੰਚਾਇਤੀ ਚੋਣਾਂ
ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਆਮ ਪੰਚਾਇਤੀ ਚੋਣਾਂ ਵਾਸਤੇ ਸਰਪੰਚ ਲਈ 3378 ਤੇ ਪੰਚ ਲਈ 14011 ਨਾਮਜ਼ਦਗੀ ਪੱਤਰ ਭਰੇ ਗਏ।ਚੋਣ ਨਾ ਲੜਨ ਦੇ ਉਮੀਦਵਾਰ 21 ਦਸੰਬਰ ਨੂੰ ਆਪਣੇ ਕਾਗਜ਼ ਵਾਪਸ ਲੈ ਸਕਣਗੇ।ਇਸ ਉਪਰੰਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਇਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਘਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੋਣਾਂ ਲਈ 1278 ਪੋਲਿੰਗ ਬੂਥ ਬਣਾਏ ਗਏ ਹਨ।ਇਸ ਲਈ 85 ਆਰ.ਓ ਅਤੇ 85 ਏ.ਆਰ.ਓ ਦੀ ਨਿਯੁੱਕਤੀ ਵੀ ਕੀਤੀ ਗਈ ਹੈ।ਇਹ ਪੰਚਾਇਤੀ ਚੋਣਾਂ ਬੈਲੇਟ ਪੇਪਰ ਰਾਹੀਂ ਹੋਣਗੀਆਂ।ਇਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 896516 ਵੋਟਰ ਹਨ ਜਿਸ ਵਿੱਚ 424328 ਇਸਤਰੀ ਤੇ 472177 ਪੁਰਸ਼ ਵੋਟਰਾਂ ਅਤੇ ਹੋਰਨਾਂ 11 ਵਲੋਂ ਆਪੋ-ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ।ਸੰਘਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਚੋਣਾਂ ਲਈ ਸਰਕਾਰ ਵਲੋਂ 3 ਅਬਜ਼ਰਵਰ ਨਿਯੁੱਕਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਭੁਪਿੰਦਰ ਸਿੰਘ ਪੀ.ਸੀ.ਐਸ ਨੂੰ ਰਈਆ, ਤਰਸਿੱਕਾ, ਜੰਡਿਆਲਾ ਗੁਰੂ, ਸਾਗਰ ਸੇਤੀਆ ਆਈ.ਏ.ਐਸ ਨੂੰ ਹਰਸ਼ਾਛੀਨਾ, ਮਜੀਠਾ, ਵੇਰਕਾ ਅਤੇ ਨਜੋਤਪਾਲ ਸਿੰਘ ਰੰਧਾਵਾ ਪੀ.ਸੀ.ਐਸ ਨੂੰ ਅਜਨਾਲਾ, ਅਟਾਰੀ ਅਤੇ ਚੋਗਾਵਾਂ ਲਈ ਅਬਜ਼ਰਵਰ ਨਿਯੁੱਕਤ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਅਬਜ਼ਰਵਰਾਂ ਦਾ ਕੈਂਪ ਸਰਕਟ ਹਾਊਸ ਅੰਮਿ੍ਰਤਸਰ ਵਿਖੇ ਹੋਵੇਗਾ।ਜੇਕਰ ਕਿਸੇ ਵਿਅਕਤੀ ਨੂੰ ਕਿਸੇ ਕਿਸਮ ਦੀ ਸ਼ਿਕਾਇਤ ਹੋਵੇ ਤਾਂ ਉਹ ਇਨਾਂ ਨੂੰ ਮਿਲ ਸਕਦਾ ਹੈ।