Sunday, December 22, 2024

ਮੈਂ ਤੇਰੀ ਮਾਂ ਦੀ ਬੋਲੀ ਆਂ….

         ਸਮੁੱਚੀ ਦੁਨੀਆਂ ਵਿੱਚ ਵੱਸ ਰਹੀ ਖਲਕਤ ਦੀ ਆਪੋ ਆਪਣੀ ਮਾਂ ਬੋਲੀ ਤੇ ਭਾਸ਼ਾ ਹੈ।ਹਰ ਕੋਈ ਆਪਣੀ ਮਾਂ ਬੋਲੀ ਤੇ ਭਾਸ਼ਾ ਦੀ ਤਰੱਕੀ ਚਹੁੰਦਾ ਹੈ, ਉਸ ਦੇ ਪਿਆਰੇ ਮਾਂ ਬੋਲੀ ਨੂੰ ਪਿਆਰ ਵੀ ਕਰਦੇ ਹਨ।ਬਹੁਤੀਆਂ ਗੱਲਾਂ ਬਾਤਾਂ ਵਾਂਗ ਅਸੀਂ ਪੰਜਾਬੀ ਆਪਣੀ ਮਾਂ ਬੋਲੀ ਤੇ ਭਾਸ਼ਾ ਲਈ ਬਹੁਤੇ ਫ਼ਿਕਰਮੰਦ ਨਹੀਂ।ਜਿਹੜੇ ਚੰਦ ਲੋਕ ਪੰਜਾਬੀ ਲਈ ਫ਼ਿਕਰਮੰਦ ਹਨ ਜਾਪਦਾ ਜਿਵੇਂ ਓਨਾ ਦੀ ਹੀ ਪੰਜਾਬੀ ਮਾਂ ਬੋਲੀ ਹੋਵੇ ਤੇ ਬਾਕੀਆਂ ਦੀ ਕੁਝ ਲਗਦੀ ਹੀ ਨਾ ਹੋਵੇ।
           ਅੱਜ ਅਸੀਂ ਬੱਚੇ ਦੇ ਸ਼ੁਰੂਆਤੀ ਸਮੇਂ ਤੋਂ ਸਕੂਲੀ ਵਿਦਿਆ ਲਈ ਬਹੁਤ ਫ਼ਿਕਰਮੰਦ ਹਾਂ।ਆਪਣੇ ਬੱਚਿਆਂ ਲਈ ਵਧੀਆ ਤੋਂ ਵਧੀਆ ਸਕੂਲ ਲੱਭ ਰਹੇ ਹਾਂ।ਬਹੁਤੇ ਮਾਪੇ ਕਈ ਕਾਰਨਾਂ ਕਰਕੇ ਅੰਗਰੇਜ਼ੀ ਸਕੂਲਾਂ ਨੂੰ ਤਰਜ਼ੀਹ ਦੇ ਰਹੇ ਹਨ ਤੇ ਵੱਡੇ ਅੰਗਰੇਜ਼ੀ ਸਕੂਲਾਂ ਵਿੱਚ ਬੱਚੇ ਪੜਾ ਰਹੇ ਹਨ।ਸੁਣਨ ਵਿੱਚ ਆਉਂਦਾ ਹੈ ਕਾਨਵੈਂਟ ਜਾਂ ਹੋਰ ਵੱਡੇ ਸਕੂਲਾਂ ਵਿੱਚ ਪੰਜਾਬੀ ਬੋਲਣ ਅਤੇ ਦਸਤਾਰ ਪਹਿਨਣpunjabi-language ਆਦਿ `ਤੇ ਪਾਬੰਦੀ ਹੈ।ਫਿਰ ਕਿਥੋਂ ਸਾਡੇ ਬੱਚੇ ਪੰਜਾਬੀ ਮਾਂ ਬੋਲੀ ਚੱਜ਼ ਨਾਲ ਪੜ ਕੇ ਪੰਜਾਬੀ ਦੇ ਚੰਗੇ ਸਾਹਿਤ ਜਾਂ ਗੁਰਬਾਣੀ ਨਾਲ ਜੁੜ ਸਕਣਗੇ।ਅੱਜ ਸਾਡੇ ਪੰਜਾਬੀਆਂ ਦੇ ਹੋ ਰਹੇ ਵਿਆਹਾਂ ਦੇ ਕਾਰਡ ਅੰਗਰੇਜ਼ੀ `ਚ ਪੂਰੀ ਤਰਾਂ ਪ੍ਰਚਲਤ ਹਨ।ਬੇਸ਼ੱਕ ਪਰਿਵਾਰ `ਚ ਅੰਗਰੇਜ਼ੀ ਵਾਲਾ ਵਿਆਹ ਦਾ ਕਾਰਡ ਬਹੁਤਿਆਂ ਨੂੰ ਪੜਨਾ ਨਹੀਂ ਆਉਂਦਾ।ਘਰਾਂ ਦੀਆਂ ਨਾਮ ਪਲੇਟਾਂ ਸ਼ਾਨ ਨਾਲ ਅੰਗਰੇਜ਼ੀ `ਚ ਬਣਾਉਂਦੇ ਹਾਂ।ਗੱਡੀਆਂ ਮੋਟਰਕਾਰਾਂ ਤੇ ਨਾਮ ਅਤੇ ਗੋਤ ਅੰਗਰੇਜ਼ੀ `ਚ ਲਿਖੇ ਜਾਂਦੇ ਹਨ।ਹੋਰ ਤਾਂ ਹੋਰ ਖੇਤੀਬਾੜੀ ਦੇ ਸੰਦ ਸਾਧਨਾਂ, ਟਰੈਕਟਰ ਟਰਾਲੀਆਂ `ਤੇ ਅੰਗਰੇਜ਼ੀ ਘੋਟੀ ਮਿਲਦੀ ਹੈ। ਦੁੱਖ ਹੁੰਦਾ ਹੈ ਜਦੋਂ ਸਿੱਖਾਂ/ ਪੰਜਾਬੀਆਂ ਦੇ ਘਰਾਂ ਵਿੱਚ ਬੱਚਿਆਂ ਨਾਲ ਗੱਲਬਾਤ ਵਿਚ ਹਿੰਦੀ ਅੰਗਰੇਜ਼ੀ ਮਿਕਸ ਹੋ ਰਹੀ ਹੈ ਤੇ ਛੋਟੇ ਵੱਡੇ ਦਾ ਕੋਈ ਲਿਹਾਜ਼ ਨਹੀਂ।
            ਸਭ ਤੋਂ ਮਾੜਾ ਹਾਲ ਬਹੁਤੇ ਸਰਕਾਰੀ ਅਦਾਰਿਆਂ ਦਾ ਹੈ, ਜਿਥੇ ਹਰ ਕੰਮ ਅੰਗਰੇਜ਼ੀ ਵਿ    ਚ ਹੀ ਹੋ ਰਿਹਾ ਹੈ।ਅਦਾਲਤਾਂ ਵਿੱਚ ਸਿਰਫ ਅੰਗਰੇਜ਼ੀ, ਆਮ ਲੋਕਾਂ ਨਾਲ ਜੁੜੇ ਮਹਿਕਮੇ ਮਾਲ ਵਿਭਾਗ, ਸਿਹਤ, ਟਰਾਂਸਪੋਰਟ ਆਦਿ ਮਹਿਕਮੇ ਦੇ ਮੁੱਖੀ ਹੁੰਦੇ ਤਾਂ ਪੰਜਾਬੀ ਹਨ ਪਰ ਕੰਮ ਸਾਰਾ ਅੰਗਰੇਜ਼ੀ ਵਿੱਚ ਕਰਦੇ ਹਨ। ਹੈਰਾਨ ਹੋਈਦਾ ਜਦੋਂ ਪੰਜਾਬੀ `ਚ ਛਪੇ ਤੇ ਪੰਜਾਬੀ `ਚ ਭਰੇ ਫਾਰਮ `ਤੇ ਦਸਤਖ਼ਤ ਅੰਗਰੇਜ਼ੀ ਵਿਚ ਹੁੰਦੇ ਹਨ ਇਹ ਆਮ ਗੱਲ ਹੈ।ਉਂਜ ਪੰਜਾਬ ਵਿੱਚ ਪੰਜਾਬੀ ਭਾਸ਼ਾ ਲਾਗੂ ਹੈ।ਕਿਸੇ ਤੋਂ ਕੀ ਆਸ ਰੱਖੀਏ ਸਾਡੇ, ਮੁੱਖ ਮੰਤਰੀ ਸਹੁੰ ਹੀ ਅੰਗਰੇਜ਼ੀ `ਚ ਚੁੱਕਦੇ ਹਨ ਤੇ ਪੰਜਾਬੀ ਪ੍ਰੈਸ ਕਾਨਫਰੰਸ ਸਮੇਂ ਸਵਾਲਾਂ ਦੇ ਜਵਾਬ ਅੰਗਰੇਜ਼ੀ ਵਿੱਚ ਦਿੰਦੇ ਹਨ।
           ਪੰਜਾਬੀ ਮਾਂ ਬੋਲੀ ਦੀ ਸੰਗੀਤ ਰਾਹੀਂ ਸੇਵਾ ਕਰ ਰਹੇ ਬਹੁਤੇ ਗਾਇਕ ਆਪਣੀ ਕੈਸਟ ਤੇ ਫ਼ਿਲਮ ਦਾ ਨਾਮ ਅੰਗਰੇਜ਼ੀ ਵਿੱਚ ਰੱਖਦੇ ਹਨ।ਫਿਰ ਦੱਸੋ  ਕਿਵੇਂ ਪੰਜਾਬੀ ਤਰੱਕੀ ਕਰ ਪਟਰਾਣੀ ਬਣੇਗੀ, ਜਦ ਇਸ ਦੇ ਆਪਣੇ ਹੀ ਇਸ ਨੂੰ ਡੋਬ ਰਹੇ ਹਨ।ਇਸ ਤੋਂ ਵੱਧ ਕੀ ਮਾੜਾ ਹੋਵੇਗਾ, ਜਦ ਦਸਵੀਂ ਜਮਾਤ ਦੇ 27000 ਵਿਦਿਆਰਥੀ ਸਿਰਫ ਪੰਜਾਬੀ ਮਾਂ ਬੋਲੀ ਵਿਚੋਂ ਹੀ ਫੇਲ ਹੋ ਜਾਣ।ਦੂਜੇ ਪਾਸੇ ਕਈ ਵਿਦੇਸ਼ੀ ਮੁਲਕਾਂ ਵਿੱਚ ਪੰਜਾਬੀ ਨੂੰ ਵੱਡੇ ਪੱਧਰ `ਤੇ ਮਾਨਤਾ ਦਿੱਤੀ ਹੈ ਤੇ ਤਰੱਕੀਆਂ ਵੀ ਕਰ ਰਹੀ ਹੈ।
          ਆਓ, ਪੰਜਾਬ ਵਾਸੀਓ ਆਪਾਂ ਆਪਣੀ ਮਾਂ ਬੋਲੀ ਦੀ ਤਰੱਕੀ ਲਈ ਇਕਜੁੱਟ ਹੋ ਕੇ ਹੰਭਲਾ ਮਾਰੀਏ ਤਾਂ ਕਿ ਪੰਜਾਬ ਤੇ ਪੰਜਾਬੀ ਜ਼ਿੰਦਾ ਰਹਿ ਸਕੇ।
Balbir Babbi

 

ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ ਸਮਰਾਲਾ
 ਮੋ – 70091 07300

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply