ਨਵੀਂ ਦਿੱਲੀ, 3 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ. ਤਿਲਕ ਨਗਰ, ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਅੰਮ੍ਰਿਤ ਦੀ ਵੱਡਮੁਲੀ ਦਾਤ ਵੀ ਪ੍ਰਾਪਤ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਪ੍ਰੇਰਣਾ ਸਦਕਾ ਹੋਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਜਿਥੇ ਸ਼ਬਦ ਗੁਰੂ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਉਥੇ ਨਾਲ ਹੀ ਆਈ.ਟੀ.ਆਈ. ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੇ ਅੰਮ੍ਰਿਤ ਪਾਨ ਵੀ ਕੀਤਾ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਆਈ.ਟੀ.ਆਈ ਦੇ ਚੇਅਰਮੈਨ ਚਮਨ ਸਿੰਘ ਨੇ ਦੱਸਿਆ ਕਿ ਜਿਥੇ ਆਈ.ਟੀ.ਆਈ. ਚੋ ਵਿਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪੇਸ਼ੇਵਰ ਕਾਮੇ ਦੇ ਤੌਰ ਤੇ ਚੰਗੀਆਂ ਨੋੌਕਰੀਆਂ ਪ੍ਰਾਪਤ ਕਰ ਰਹੇ ਹਨ ਉਥੇ ਹੁਣ ਵਿਦਿਆਰਥੀ ਕਮੇਟੀ ਪ੍ਰਬੰਧਕਾਂ ਦੇ ਧਰਮ ਪ੍ਰਚਾਰ ਤੇ ਜ਼ੋਰ ਦੇਣ ਕਰਕੇ ਗੁਰਮਤਿ ਦੇ ਵੀ ਧਾਰਨੀ ਹੋ ਰਹੇ ਹਨ, ਜੋ ਕਿ ਇਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਾਂ ਦੇ ਭਵਿਖ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਵੱਡਮੁਲਾ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਸੀ.ਆਰ.ਪੀ.ਐਫ. ਤੋਂ ਰਿਟਾਇਰਡ ਹੋਏ 40 ਫੌਜੀ ਜੋ ਇਸ ਆਈ.ਟੀ.ਆਈ. ਵਿਚ ਟ੍ਰੇਨਿੰਗ ਲੈ ਰਹੇ ਹਨ, ਵੀ ਸ਼ਾਮਿਲ ਹੋਏ। ਉਨ੍ਹਾਂ ਜਾਣਕਾਰੀ ਦਿੱਤੀ ਕਿ ਆਈ.ਟੀ.ਆਈ. ਵਿੱਚ ਬਾਕੀ ਕੋਰਸਾਂ ਤੋਂ ਇਲਾਵਾ ਜਲਦੀ ਹੀ ਪ੍ਰਿੰਟਿੰਗ ਅਤੇ ਕੁਕਿੰਗ ਦੇ ਨਵੇਂ ਟ੍ਰੇਡ ਆਰੰਭ ਕੀਤੇ ਜਾ ਰਹੇ ਹਨ।
ਇਸ ਪ੍ਰੋਗਰਾਮ ਵਿਚ ਆਈ.ਟੀ.ਆਈ. ਦੇ ਡਾਇਰੈਕਟਰ ਸੁਰਿੰਦਰ ਸਿੰਘ, ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ, ਕੋ-ਆਰਡੀਨੇਟਰ, ਤਜਿੰਦਰਪਾਲ ਸਿੰਘ ਅਤੇ ਗਿਆਨ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ, ਜਗਤਾਰ ਸਿੰਘ ਜਨਰਲ ਸਕੱਤਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾਂ ਪ੍ਰਿਥਵੀ ਪਾਰਕ, ਚਰਨਜੀਤ ਸਿੰਘ ਅਤੇ ਸਮੂਹ ਸਟਾਫ ਤੇ ਸਾਬਕਾ ਵਿਦਿਆਰਥੀ ਸ਼ਾਮਿਲ ਹੋਏ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …