Monday, December 23, 2024

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਟਿਕਟ ਦੇ ਮਜ਼ਬੂਤ ਦਾਅਵੇਦਾਰ ਵਜੋਂ ਉਭਰੇ ਰਜਿੰਦਰ ਮੋਹਨ ਸਿੰਘ ਛੀਨਾ

ਛੀਨਾ ਨੇ ਗੁਰੂ ਨਗਰੀ ਦੇ ਵਿਕਾਸ ਲਈ ਹਮੇਸ਼ਾਂ ਵਚਨਬੱਧ ਰਹਿਣ ਦਾ ਕੀਤਾ ਦਾਅਵਾ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਦਾਅਵੇਦਾਰੀ ਜਤਾ ਰਹੇ ਨੇਤਾਵਾਂ ਵਿੱਚੋਂ ਗੁਰੂ Rajinder M Chhinaਨਗਰੀ ਦੇ ਹਰ ਦਿਲ ਅਜ਼ੀਜ ਸਿੱਖ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਪ੍ਰਮੁੱਖ ਦਾਅਵੇਦਾਰ ਵਜੋਂ ਉਭਰ ਕੇ ਸਾਹਮਣੇ ਆਏ ਹਨ।ਸਾਫ਼ ਸੁੱਥਰੀ ਸਿਆਸਤ ਕਰਨ ਵਾਲੇ ਨਾਮਵਰ ਨੇਤਾ ਛੀਨਾ ਪਹਿਲਾਂ ਹੀ ਲੋਕ ਸੰਪਰਕ ਮੁਹਿੰਮ ਰਾਹੀਂ ਆਪਣੇ ਹਲਕੇ ਦਾ ਦੌਰਾ ਕਰਕੇ ਵੋਟਰਾਂ ਨਾਲ ਤਾਲਮੇਲ ਬਣਾ ਚੁੱਕੇ ਹਨ ਅਤੇ ਉਨਾਂ ਨੇ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ’ਚ ਪਾਉਣ ਦਾ ਤਹੱਈਆ ਕਰਦਿਆਂ ਗੁਰੂ ਨਗਰੀ ਦੇ ਵਿਕਾਸ ਲਈ ਹਮੇਸ਼ਾਂ ਵਚਨਬੱਧ ਰਹਿਣ ਦਾ ਦਾਅਵਾ ਕੀਤਾ ਹੈ।
          ਵੱਕਾਰ ਦਾ ਸਵਾਲ ਬਣੀ ਅੰਮ੍ਰਿਤਸਰ ਸੀਟ ਤੋਂ ਕਾਂਗਰਸ ਨੇ 2014 ਦੀਆਂ ਆਮ ਚੋਣਾਂ ਅਤੇ 2017 ਦੀ ਜਿਮਨੀ ਚੋਣ ’ਚ ਜਿੱਤ ਹਾਸਲ ਕੀਤੀ ਸੀ, ਜਿਸ ਨੂੰ ਹੁਣ ਭਾਜਪਾ ਹਰ ਹੀਲੇ ਜਿੱਤਣਾ ਚਾਹੁੰਦੀ ਹੈ।ਇਸੇ ਲਈ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ’ਚ ਨਾਮਵਰ ਸ਼ਖਸ਼ੀਅਤ ਨੂੰ ਹੀ ਮੈਦਾਨ ’ਚ ਉਤਾਰਣ ਦੇ ਰੋਂਅ ’ਚ ਹੈ।ਸੂਤਰਾਂ ਅਨੁਸਾਰ ਪਾਰਟੀ ਨੇ ਇਸ ਸਬੰਧੀ ਕੁੱਝ ਸਰਵੇਖਣ ਵੀ ਕਰਵਾਏ ਹਨ, ਜਿੰਨ੍ਹਾਂ ਮੁਤਾਬਕ ਸਿੱਖ ਵੋਟਰਾਂ ਦੇ ਬਹੁਮਤ ਵਾਲੇ ਇਸ ਹਲਕੇ ਤੋਂ ਕਿਸੇ ਸਿੱਖ ਨੇਤਾ ਨੂੰ ਚੋਣ ਦੰਗਲ ਵਿੱਚ ਉਤਾਰਣ ਦੇ ਚਰਚੇ ਹਨ।ਛੀਨਾ ਨਾਮਵਰ ਖ਼ਾਲਸਾ ਸੰਸਥਾਵਾਂ ’ਚ ਉੱਚ ਅਹੁੱਦਿਆਂ ’ਤੇ ਬਿਰਾਜ਼ਮਾਨ ਹਨ ਅਤੇ ਹੋਰ ਬਹੁਤ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿਚ ਵੀ ਕਾਰਜਸ਼ੀਲ ਹੋਣ ਕਰ ਕੇ ਹਲਕੇ ’ਚ ਆਪਣਾ ਅਹਿਮ ਸਥਾਨ ਰੱਖਦੇ ਹਨ।
          ਛੀਨਾ ਜਿਥੇ ਹਮੇਸ਼ਾਂ ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਦੇ ਹਨ, ਉਥੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਕੁੱਝ ਹੀ ਮਹੀਨੇ ਉਨ੍ਹਾਂ ਵਲੋਂ ਚੇਅਰਮੈਨ ਵਜੋਂ ਕੀਤੇ ਕੰਮਾਂ ਨੂੰ ਸ਼ਹਿਰ ਵਾਸੀ ਅੱਜ ਵੀ ਯਾਦ ਕਰਦੇ ਹਨ।ਸ਼ਹਿਰ ਦੀਆਂ ਮੁੱਢਲੀਆਂ ਯੋਜਨਾਵਾਂ ’ਚੋਂ ਪ੍ਰਮੁੱਖ ਆਨੰਦ ਪਾਰਕ ਉਨ੍ਹਾਂ ਵਲੋਂ ਹੀ ਡਿਜ਼ਾਇਨ ਕੀਤਾ ਗਿਆ ਸੀ।ਸਾਫ਼ ਸੁੱਥਰਾ ਪ੍ਰਬੰਧ ਅਤੇ ਪ੍ਰੋਫੈਸ਼ਨਲ ਢੰਗ ਨਾਲ ਦਫ਼ਤਰੀ ਕੰਮ ਕਰਵਾਉਣ ’ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ।
          ਸੁਰਖੀਆਂ ’ਚ ਆਏ ਭਾਜਪਾ ਦੇ ਕਈ ਹੋਰ ਨੇਤਾ ਵੀ ਲੋਕ ਸਭਾ ਦੀ ਸੀਟ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਪਰ ਉਨ੍ਹਾਂ ਦੇ ਪਿਛੋਕੜ ਅਤੇ ਪਾਰਟੀ ਵਿਚਲੇ ਰੁਤਬੇ ’ਤੇ ਕਈ ਪ੍ਰਸ਼ਨ ਚਿੰਨ ਹਨ।ਛੀਨਾ ਨਾ ਸਿਰਫ਼ ਭਾਜਪਾ ਦੇ ਵੱਖ-ਵੱਖ ਧੜਿਆਂ ਦੇ ਸਾਂਝੇ ਨੇਤਾ ਵਜੋਂ ਉਭਰੇ ਹਨ, ਬਲਕਿ ਉਨ੍ਹਾਂ ਦਾ ਭਾਜਪਾ ਦੇ ਸਹਿਯੋਗੀ ਦਲ ਸ਼੍ਰੋਮਣੀ ਅਕਾਲੀ ਦਲ ਨਾਲ ਤਾਲਮੇਲ ਵੀ ਸਫ਼ਲ ਰਿਹਾ ਹੈ।ਇਤਿਹਾਸ ’ਤੇ ਝਾਤ ਮਾਰੀਏ ਤਾਂ ਭਾਜਪਾ ਨੇ ਜਦੋਂ ਵੀ ਇਥੋਂ ਸਿੱਖ ਚਿਹਰੇ ਨੂੰ ਮੈਦਾਨ ’ਚ ਉਤਾਰਿਆ ਹੈ ਤਾਂ ਉਸ ਨੂੰ ਕਾਮਯਾਬੀ ਹਾਸਲ ਹੋਈ ਹੈ, ਇੱਥੋਂ ਤੱਕ ਕਿ ਘੱਟ ਅਸਰ ਰਸੂਖ ਹੋਣ ਦੇ ਬਾਵਜ਼ੂਦ ਵੀ ਦਯਾ ਸਿੰਘ ਸੋਢੀ ਇਥੋਂ 1998 ’ਚ ਸ਼ਾਨਦਾਰ ਜਿੱਤ ਹਾਸਲ ਕਰਕੇ ਸੰਸਦੀ ਦੀ ਸੀਟ ’ਤੇ ਕਾਬਜ਼ ਹੋਏ ਸਨ।2014 ਦੀ ਚੋਣ `ਚ ਪਾਰਟੀ ਨੇ ਮੌਜ਼ੂਦਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮੈਦਾਨ ’ਚ ਉਤਾਰਿਆ ਸੀ, ਪਰ ਉਹ ਉਚਾ ਕੱਦਕਾਠ ਹੋਣ ਦੇ ਬਾਵਜੂਦ ਵੀ ਮੌਜ਼ੂਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪਾਸੋਂ ਚੋਣ ਹਾਰ ਗਏ ਸਨ।ਜੇਕਰ ਬੀਤੇ ਸਮੇਂ ’ਤੇ ਝਾਤ ਮਾਰੀਏ ਤਾਂ ਸ਼ਹਿਰ ਵਾਸੀ ਇੱਕ ਸਿੱਖ ਚਿਹਰੇ ਨੂੰ ਸੰਸਦ ਮੈਂਬਰ ਵਜੋਂ ਚੁਣਨ ’ਚ ਵਧੇਰੇ ਦਿਲਚਸਪੀ ਰੱਖਦੇ ਹਨ।ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ’ਤੇ ਉਨ੍ਹਾਂ ਵੱਲੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋਈ ਸੀਟ ’ਤੇ ਭਾਜਪਾ ਨੇ ਸਥਾਨਕ ਸਿੱਖ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਟਿਕਟ ਦਿੱਤੀ ਸੀ।ਪਰ ਉਸ ਸਮੇਂ ਅਕਾਲੀ ਭਾਜਪਾ ਸਰਕਾਰ ਦੇ 10 ਸਾਲ ਸਰਕਾਰ ’ਚ ਰਹਿਣ ਕਾਰਨ ਉਪਜੇ ਗੁਸੇ ਸਦਕਾ ਉਹ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਪਾਸੋਂ ਵੱਡੇ ਫ਼ਰਕ ਨਾਲ ਹਾਰ ਗਏ ਸਨ।
          ਟਿਕਟ ਦੀ ਆਸ `ਚ ਛੀਨਾ ਨੇ ਪਿਛਲੇ ਦਿਨਾਂ ’ਚ ਲੋਕ ਸੰਪਰਕ ਮੁਹਿੰਮ ਵੀ ਤੇਜ਼ ਕੀਤੀ ਹੈ ਅਤੇ ਉਹ ਦਿੱਲੀ ਦੇ ਚੱਕਰ ਕੱਟ ਰਹੇ ਹਨ।ਦੇਖਿਆ ਜਾਵੇ ਤਾਂ ਛੀਨਾ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸਾਬਕਾ ਕੈਬਨਿਟ ਮੰਤਰੀ ਬਲਦੇਵ ਰਾਜ ਚਾਵਲਾ, ਪੰਜਾਬ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਭਾਜਪਾ ਕੌਮੀ ਸਕੱਤਰ ਤਰੁਣ ਚੁੱਘ ਆਦਿ ਦਾ ਨਾਮ ਵੀ ਟਿਕਟ ਦੇ ਦਾਅਵੇਦਾਰਾਂ ’ਚ ਸ਼ਾਮਲ ਹਨ।ਸਿਆਸੀ ਖੇਮਿਆਂ ’ਚ ਇੰਨ੍ਹਾਂ ਤੋਂ ਇਲਾਵਾ ਸਥਾਨਕ ਆਰਥੋਪੀਡਿਕ ਸਰਜਨ ਡਾ. ਅਵਤਾਰ ਸਿੰਘ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਮੁੱਖੀ ਅਰੁਣ ਖੰਨਾ ਆਦਿ ਦੇ ਨਾਮ ਦੀਆਂ ਭਾਜਪਾ ਉਮੀਦਵਾਰ ਵਜੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।
         ਦੂਸਰੇ ਪਾਸੇ ਵੇਖਿਆ ਜਾਵੇ ਤਾਂ ਕਾਂਗਰਸ ਦੇ ਮੌਜ਼ੂਦਾ ਲੋਕ ਸਭਾ ਮੈਂਬਰ ਔਜਲਾ ਦੀ ਟਿਕਟ ਬਦਲਣ ਦੇ ਰੌਂਅ ’ਚ ਹੈ। ਪਾਰਟੀ ਇਥੋਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਜਾਂ ਫ਼ਿਰ ਕਿਸੇ ਹੋਰ ਨਵੇਂ ਚਿਹਰੇ ਨੂੰ ਭਾਜਪਾ ਖਿਲਾਫ਼ ਚੋਣ ਮੈਦਾਨ ’ਚ ਉਤਾਰ ਸਕਦੀ ਹੈ।ਜੇਕਰ ਅਨਿਲ ਜੋਸ਼ੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਅਕਤੀਗਤ ਪ੍ਰਭਾਵ ਵੀ ਬਹੁਤਾ ਨਹੀਂ ਹੈ ਅਤੇ ਨਾ ਹੀ ਸਿੱਖ ਵੋਟ ਉਨ੍ਹਾਂ ਦੇ ਹੱਕ ’ਚ ਹੈ।ਇਹੀ ਕਾਰਣ ਹੈ ਕਿ ਚੋਣਾਂ ਦੌਰਾਨ ਉਨਾਂ ਨੂੰ ਜਿਆਦਾਤਰ ਸਿੱਖ ਵੋਟਰਾਂ ਦੀ ਨਰਾਜ਼ਗੀ ਹਾਰ ਵਜੋਂ ਝੱਲਣੀ ਪਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply