ਸਾਇਸ਼ਾ ਦੀ ਮਾਸੂਮੀਅਤ ਤੇੇ ਫਿਦਾ ਹੋਈ ਸੋਨਾਕਸ਼ੀ ਸਿਨ੍ਹਾ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਅਮਨ) – ਗੁਰੂ ਨਗਰੀ ਦੀ ਬਾਲ ਕਲਾਕਾਰ ‘ਸਾਇਸ਼ਾ’ ਹੁਣ ਬਾਲੀਵੁੁੱਡ ਅਦਾਕਾਰ ਸੋਨਾਕਸ਼ੀ ਸਿਨ੍ਹਾ ਨਾਲ ਹਿੰਦੀ ਫਿਲਮ ‘ਖਾਨਦਾਨੀ ਸ਼ਫਾਖਾਨਾ’ ਵਿਚ ਦਿਖਾਈ ਦੇਵੇਗੀ।ਇਸ ਫਿਲਮ ਦੀ ਸ਼ੂਟਿੰਗ ਫਿਲਹਾਲ ਅੰਮ੍ਰਿਤਸਰ ਵਿਚ ਹੀ ਵੱਖ-ਵੱਖ ਥਾਵਾਂ `ਤੇ ਚੱਲ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਸ਼ਿਲਪੀ ਦਾਸ ਗੁਪਤਾ ਫਿਲਮ ਦਾ ਨਿਰਦੇਸ਼ਨ ਕਰ ਰਹੀ ਹੈ ਅਤੇ ਭੂਸ਼ਣ ਕੁਮਾਰ ਅਤੇ ਮ੍ਰਿਗਦੀਪ ਸਿੰਘ ਲਾਂਬਾ ਫਿਲਮ ਦੇ ਪ੍ਰੋਡਿਊਸਰ ਹਨ।ਸੋਨਾਕਸ਼ੀ ਸਿਨ੍ਹਾ ਮਾਸੂਮੀਅਤ ਦੇ ਪੈਮਾਨੇ `ਚ ਤਰਾਸ਼ੀ ਸਾਇਸ਼ਾ `ਤੇ ਫਿਦਾ ਹੋ ਗਈ ਅਤੇ ਉਸ ਨਾਲ ਯਾਦਗਾਰੀ ਤਸਵੀਰ ਖੁੱਦ ਆਪ ਖਿੱਚਵਾਈ।ਸਥਾਨਕ ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ `ਚ ਦੂਜੀ ਕਲਾਸ ਦੀ ਹੋਣਹਾਰ ਵਿਦਿਆਰਥਣ ਸਾਇਸ਼ਾ ਨੂੰ ਇਸ ਫਿਲਮ ਵਿੱਚ ਇਕ ਵਿਸ਼ੇਸ਼ ਕਿਰਦਾਰ ਲਈ ਚੁਣਿਆ ਗਿਆ, ਜਿਸ ਨਾਲ ਉਸ ਦੀਆਂ ਉਪਲਬਧੀਆਂ `ਚ ਇਕ ਹੋਰ ਕਾਮਯਾਬੀ ਜੁੜ ਗਈ ਹੈ।
ਦੱਸਣਯੋਗ ਹੈ ਕਿ ਇਸ ਬਾਲ ਕਲਾਕਾਰ ਨੇ ਛੋਟੀ ਉਮਰ ਵਿਚ ਪਾਲੀਵੁੱਡ `ਚ ਆਪਣੀ ਪਛਾਣ ਕਾਇਮ ਕਰ ਲਈ ਹੈ ਅਤੇ ਹੁਣ ਉਸ ਨੇ ਬਾਲੀਵੁੱਡ ਵਿੱਚ ‘ਐਂਟਰੀ’ ਕਰ ਕੇ ਇਤਿਹਾਸ ਰਚਿਆ ਹੈ।ਸਾਇਸ਼ਾ ਬਾਲੀਵੁਡ ਫਿਲਮ ‘ਯਮਲਾ ਪਗਲਾ ਦੀਵਾਨਾ-3’ ’ਚ ਪ੍ਰਸਿੱਧ ਬਾਲੀਵੁੱਡ ਸਟਾਰ ਬੋਬੀ ਦਿਓਲ ਨਾਲ ਵੀ ਕਿਰਦਾਰ ਨਿਭਾਅ ਚੁੱਕੀ ਹੈ।ਸਿਰਫ ‘ਯਮਲਾ ਪਗਲਾ ਦੀਵਾਨਾ-3’ ਹੀ ਨਹੀਂ ਬਲਕਿ ਅਕਸ਼ੇ ਕੁਮਾਰ ਦੀ ‘ਗੋਲਡ’ ਅਤੇ ਦਿਲਜੀਤ ਸਿੰਘ ਦੋਸਾਂਝ ਦੀ ‘ਵੈਲਕਮ ਟੂ ਨਿਊਯਾਰਕ’ ਵਿੱਚ ਵੀ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ।
ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ ਦੀ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਵੀ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਮਹਿਜ 8 ਸਾਲ ਦੀ ਉਮਰੇ ਹੀ ਸਾਇਸ਼ਾ ਸਫਲਤਾ ਦੀਆਂ ਵੱਡੀਆਂ ਬੁਲੰਦੀਆਂ ਛੂਹ ਰਹੀ ਹੈ ਅਤੇ ਆਪਣੇ ਮਾਤਾ-ਪਿਤਾ ਦੇ ਸਕੂਲ ਦਾ ਨਾਂ ਰੋਸ਼ਨ ਕਰ ਰਹੀ ਹੈ।
ਸਾਇਸ਼ਾ ਦੇ ਪਿਤਾ ਦਿਨੇਸ਼ ਅਤੇ ਮਾਂ ਰੇਖਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਡਾਂਸ ਦੇ ਹੁਨਰ ਸਦਕਾ ਉਹ ਹੌਲੀ-ਹੌਲੀ ਐਕਟਿੰਗ ਤੇ ਮਾਡਲਿੰਗ ਵੱਲ ਵੀ ਆਪਣਾ ਰੁਝਾਨ ਰੱਖਣ ਲੱਗੀ ਹੈ।ਹੁਣ ਤੱਕ ਸਾਇਸ਼ਾ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਪੰਜਾਬੀ ਗੀਤ ‘ਵਟਸਐਪ’ ਵਿੱਚ ਵੀ ਆਪਣੀ ਅਦਾਕਾਰੀ ਦੀ ਛਾਪ ਛੱਡ ਚੁੱਕੀ ਹੈ ਅਤੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਤਾਰੇ ਜਮੀਨ ਤੇ’ ਰਾਹੀਂ ਵੀ ਟੀ.ਵੀ ਤੇ ਦਰਸ਼ਕਾਂ ਦੇ ਰੂਬਰੂ ਹੋਈ ਹੈ।ਉਨਾਂ ਕਿਹਾ ਕਿ ਸਾਇਸ਼ਾ ਅਲਫਾਜ ਥੀਏਟਰ ਗਰੁੱਪ ਦੇ ਸੁਦੇਸ਼ ਵਿੰਕਲ ਅਤੇ ਅਸ਼ੋਕ ਅਜੀਜ਼ ਤੋਂ ਐਕਟਿੰਗ ਸਿੱਖਦੀ ਹੈ।ਸੁਦੇਸ਼ ਵਿੰਕਲ ਨੇ ਕਿਹਾ ਕਿ ਅੱਜਕਲ ਦੇ ਬੱਚਿਆਂ ਵਿੱਚ ਟੈਲੈਂਟ ਤਾਂ ਬਹੁਤ ਹੁੰਦਾ ਹੈ, ਪਰ ਉਸ ਨੂੰ ਤਰਾਸ਼ਣ ਦੀ ਲੋੜ ਹੁੰਦੀ ਹੈ।
ਯਾਦਗਰੀ ਰੋਲ ਨਿਭਾਅ ਰਹੀ ਹੈ ‘ਦਿਵਜੋਤ’
ਹਿੰਦੀ ਫਿਲਮ ‘ਖਾਨਦਾਨੀ ਸ਼ਫਾਖਾਨਾ’ ਵਿਚ ਗੁਰੂ ਨਗਰੀ ਵਾਸੀ ਹਰਬੰਸ ਸਿੰਘ ਅਤੇ ਪਰਮਜੀਤ ਕੌਰ ਦੀ ਬੇਟੀ ਦਿਵਜੋਤ ਕੌਰ ਸੋਨਾਕਸ਼ੀ ਸਿਨ੍ਹਾ ਦੀ ਭੈਣ ਦਾ ਕਿਰਦਾਰ ਨਿਭਾਅ ਰਹੀ ਹੈ। ਮਾਡਲ ਤੇ ਅਦਾਕਾਰ ਦਿਵਜੋਤ ਕੌਰ ਨੇ ਦੱਸਿਆ ਕਿ ਉਸ ਫਿਲਮ ਵਿਚ ਚਿੰਕੀ ਨਾਂ ਦੀ ਲੜਕੀ ਦਾ ਰੋਲ ਹੈ।ਉਸ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਪੰਜਾਬੀ ਫਿਲਮਾਂ ਅਤੇ ਕਈ ਗੀਤਾਂ ਵਿਚ ਵੀ ਕੰਮ ਕਰ ਚੁੱਕੀ ਹੈ।ਸੋਨਾਕਸ਼ੀ ਸਿਨ੍ਹਾ ਨੂੰ ਉਹ ਪਹਿਲੀ ਵਾਰ ਮਿਲੀ ਹੈ ਅਤੇ ਫਿਲਮ ਵਿੱਚ ਰੋਲ ਕਰਕੇ ਬਹੁਤ ਵਧੀਆ ਲੱਗਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …