Sunday, September 8, 2024

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ 12 ਲੱਖ ਦੇ ਨਗਦ ਇਨਾਮਾਂ ਨਾਲ ਅਧਿਆਪਕ ਸਨਮਾਨਿਤ

PPN05091402ਬਠਿੰਡਾ, 5 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅੱਜ ‘ਅਧਿਆਪਕ ਦਿਵਸ’ ਬੜੇ ਉਤਸ਼ਾਹ ਅਤੇ ਵਿਲੱਖਣ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸਰਵੋਤਮ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਧਿਆਪਕਾਂ ਨੂੰ 12 ਲੱਖ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਅਧਿਆਪਕਾਂ ਵਿਚੋਂ ਬੀ.ਐਫ.ਜੀ.ਆਈ. ਟੈਲੇਂਟਡ ਟੀਚਰ ਚੁਣੇ ਗਏ। ਸੰਸਥਾ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਅਤੇ ਡਾਇਰੈਕਟਰ ਐਡਮਨ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ ਨੇ ਸ਼ਮਾਂ ਰੋਸ਼ਨ ਕਰਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ।ਸੰਸਥਾ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਮੌਕੇ ਸਾਰਿਆਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿਤੀ ਅਤੇ ਕਿਹਾ ਕਿ ਸਾਨੂੰ ਮਾਣ ਹੈ ਕਿ ਬਹੁਤ ਹੀ ਯੋਗ ਅਤੇ ਸਰਵੋਤਮ ਅਧਿਆਪਕਾਂ ਦੀ ਮਿਹਨਤ ਅਤੇ ਸਹਿਯੋਗ ਸਦਕਾ ਸੰਸਥਾ ਲਗਾਤਾਰ ਤਰੱਕੀ ਦੇ ਰਾਹ ਤੇ ਚਲਦਿਆਂ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਇਸ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਸਮੁੱਚੀ ਮੈਨੇਜਮੇਂਟ ਇਹਨਾਂ ਅਧਿਆਪਕਾਂ ਦੀ ਧੰਨਵਾਦੀ ਹੈ। ਉਨ੍ਹਾਂ ਨੇ ਅਧਿਆਪਕ ਦਿਵਸ ਦੀ ਮਹੱਤਤਾ, ਡਾ. ਰਾਧਾ ਕ੍ਰਿਸ਼ਨਨ ਦੇ ਜੀਵਨ ਨਾਲ ਸੰਬੰਧਤ ਪ੍ਰਸੰਗਾਂ ਬਾਰੇ ਜਾਣਕਾਰੀ ਦਿੰਦਿਆਂ ਇੱਕ ਅਧਿਆਪਕ ਦੇ ਫਰਜ਼ਾਂ ਅਤੇ ਜਿੰਮੇਵਾਰੀਆਂ ਬਾਰੇ ਚਾਨਣਾ ਪਾਇਆ। ਉਹਨਾਂ ਨੇ ਕਿਹਾ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਰੋਲ ਮਾਡਲ ਬਨਣ ਅਤੇ ਹਰ ਵਕਤ ਵਿਦਿਆਰਥੀਆਂ ਦੀ ਯੋਗ ਅਗਵਾਈ ਕਰਦੇ ਰਹਿਣ।
ਅਧਿਆਪਕਾਂ ਨੂੰ ਸਨਮਾਨਿਤ ਕਰਨ ਮੌਕੇ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਕਿਸੇ ਸੰਸਥਾ ਵੱਲੋਂ ਹਰ 6 ਮਹੀਨੇ ਬਾਅਦ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ 360 ਡਿਗਰੀ ਮੁਲਾਂਕਣ ਕਰਕੇ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕਰਨ ਦੀ ਮਿਸਾਲ ਕੇਵਲ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਹੀ ਹੈ ਜਿਥੇ ਇਸ ਵਾਰ ਵੀ ਆਪਣੀਆਂ ਸਰਵੋਤਮ ਸੇਵਾਵਾਂ ਪ੍ਰਦਾਨ ਕਰਨ ਵਾਲੇ 113 ਅਧਿਆਪਕਾਂ ਨੂੰ ਸੰਸਥਾ ਵਲੋਂ 12 ਲੱਖ ਦੀ ਨਗਦ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਹੈ। ਮਾਪਦੰਡਾਂ ਦੀ ਰੈਕਿੰਗ ਦੇ ਅਨਸਾਰ ਵੱਖ-ਵੱਖ 4 ਕੈਟਾਗਰੀਆਂ ਬਣਾ ਕੇ ਸਭ ਤੋ ਚੋਟੀ ਦੀ ਕੈਟਾਗਰੀ ਵਾਲੇ ਨੂੰ 30000 ਰੁਪਏ ਦਾ ਨਗਦ ਇਨਾਮ ਦਿੱਤਾ ਗਿਆ ਜਦੋ ਕਿ ਬਾਕੀ ਕੈਟਾਗਰੀਆਂ ਵਿੱਚ ਆਉਣ ਵਾਲੇ ਅਧਿਆਪਕਾਂ ਨੂੰ 20000, 10000 ਅਤੇ 5000 ਤੱਕ ਦੇ ਨਗਦ ਇਨਾਮ ਦੇ ਕੇ ਸਨਮਾਨਿਆ ਗਿਆ। ਉਹਨਾਂ ਨੇ ਕਿਹਾ ਕਿ ਇਸ ਸਨਮਾਨ ਨਾਲ ਅਧਿਆਪਕ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਹੁੰਦੇ ਹਨ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਅਤੇ ਉਹ ‘ਇੰਪਲਾਈਬਿਲਟੀ ਸਕੋਰ ਕਾਰਡ’ ਦੇ ਮਾਪਦੰਡਾਂ ਅਨੁਸਾਰ ਵਿਦਿਆਰਥੀਆਂ ਦੀ ਕੁਸ਼ਲਤਾਵਾਂ ਨੂੰ ‘ਇਨੋਵੇਟਿਵ ਟੀਚਿੰਗ ਮੈਥਡੌਲੋਜੀ’ ਨਾਲ ਪ੍ਰਫੁੱਲਤ ਕਰਨ ਤੇ ਜ਼ੋਰ ਦਿੰਦੇ ਹਨ । ਜਿਸ ਦੇ ਸਿੱਟੇ ਵਜੋਂ ਵਿਦਿਆਰਥੀ ਅਨੁਸ਼ਾਸ਼ਿਤ, ਰੁਜ਼ਗਾਰ ਦੇ ਕਾਬਲ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਦੇ ਹਨ। ਉਹਨਾਂ ਨੇ ਆਸ ਕੀਤੀ ਕਿ ਅਗਲੇ ਸਾਲ ਇਸ ਤੋਂ ਵੀ ਵੱਧ ਅਧਿਆਪਕ ਇਨ੍ਹਾਂ ਮਾਪਦੰਡਾਂ ਤੇ ਪੂਰਾ ਉਤਰਨਗੇ ਅਤੇ ਸਨਮਾਨ ਦੇ ਹੱਕਦਾਰ ਬਣਨਗੇ।
ਅੱਜ ਦੇ ਸਮਾਗਮ ਵਿੱਚ ਅਧਿਆਪਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਅਧਿਆਪਕ ਦਿਵਸ ਨੂੰ ਯਾਦਗਾਰੀ ਬਣਾ ਦਿੱਤਾ। ਇਸ ਸਮਾਗਮ ਵਿੱਚ ਅਧਿਆਪਕਾਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਅਤੇ ਬੀ.ਐਫ.ਜੀ.ਆਈ. ਟੈਲੇਂਟਡ ਟੀਚਰ ਚੁਨਣ ਲਈ ਵਿਸ਼ੇਸ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਦੀ ਜਾਣ ਪਛਾਣ, ਪ੍ਰਤਿਭਾ ਦੀ ਪੇਸ਼ਕਾਰੀ ਅਤੇ ਸਵਾਲ ਜਵਾਬ ਦੇ ਤਿੰਨ ਗੇੜਾਂ ਵਿੱਚ ਇਸ ਮੁਕਾਬਲੇ ਦੀ ਜੱਜਮੇਂਟ ਕਰ ਰਹੇ ਸ੍ਰੀ ਬੀ.ਡੀ. ਸ਼ਰਮਾਂ, ਸ੍ਰੀ ਅਮਿਤੋਜ ਧਾਲੀਵਾਲ ਅਤੇ ਮੈਡਮ ਸਿਮਰਨ ਵੱਲੋਂ ਸਵਾਲ ਜਵਾਬ ਦੇ ਆਖ਼ਰੀ ਗੇੜ ਤੋਂ ਬਾਦ ਬਾਬਾ ਫ਼ਰੀਦ ਕਾਲਜ ਦੇ ਲੈਕਚਰਾਰ ਬਲਦੀਪ ਸਿੰਘ ਅਤੇ ਮੈਡਮ ਰਜ਼ੀਆ ਨੂੰ ਬੀ.ਐਫ.ਜੀ.ਆਈ. ਟੈਲੇਂਟਡ ਟੀਚਰ ਚੁਣਿਆ ਗਿਆ।ਇਸ ਮੌਕੇ ‘ਤੇ ਸੰਸਥਾ ਦੇ ਡਿਪਟੀ ਡਾਇਰੈਕਟਰਜ਼, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵੱਖ-ਵੱਖ ਕਾਲਜਾਂ/ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ, ਵੱਖ-ਵੱਖ ਵਿਭਾਗਾਂ ਦੇ ਮੁੱਖੀ, ਸਮੂਹ ਅਧਿਆਪਕ ਸਹਿਬਾਨ ਹਾਜ਼ਰ ਸਨ।

ਕੈਪਸ਼ਨ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਅਤੇ ਡਾਇਰੈਕਟਰ ਐਡਮਨ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ 12 ਲੱਖ ਦੇ ਨਕਦ ਇਨਾਮ ਨਾਲ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply