ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉੱਘੇ ਪਰਵਾਸੀ ਵਿਦਵਾਨ ਡਾ. ਹਰਿਭਜਨ ਸਿੰਘ ਢਿੱਲੋਂ ਦਾ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਅਧਿਆਪਕ ਡਾ. ਮਨਜਿੰਦਰ ਸਿੰਘ ਨੇ ਉਨ੍ਹਾਂ ਦਾ ਵਿਭਾਗ ਵਿੱਚ ਆਉਣ ’ਤੇ ਸੁਆਗਤ ਕਰਦਿਆਂ ਦੱਸਿਆ ਕਿ ਡਾ. ਹਰਿਭਜਨ ਸਿੰਘ ਦੀ ਵਿਸ਼ੇਸ਼ ਪਛਾਣ ਅਜਿਹੇ ਸੂਝਵਾਨ ਅਧਿਆਪਕ ਵਜੋਂ ਰਹੀ ਹੈ, ਜਿਨ੍ਹਾਂ ਨੇ ਬੇਰਿੰਗ ਕਾਲਜ, ਬਟਾਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੂੰ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ।ਉਹ ਲਗਭਗ 15 ਸਾਲ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਨਾਲ ਵਿਹਾਰਕ ਪੱਧਰ ’ਤੇ ਜੁੜੇ ਰਹੇ। ਪੰਜਾਬੀ ਇਤਿਹਾਸਿਕ ਨਾਟਕ ਉੱਤੇ ਮਿਆਰੀ ਖੋਜ-ਕਾਰਜ ਕਰਨ ਤੋਂ ਇਲਾਵਾ ਉਹ ਕਹਾਣੀ ਤੇ ਕਵਿਤਾ ਸਿਰਜਣਾ ਨਾਲ ਬਕਾਇਦਾ ਜੁੜੇ ਹੋਏ ਹਨ।ਡਾ. ਹਰਿਭਜਨ ਸਿੰਘ ਢਿੱਲੋਂ ਨੇ ਵਿਭਾਗ ਦੇ ਵਿਦਿਆਰਥੀਆਂ ਨਾਲ ਪਰਵਾਸ ਤੇ ਪਰਵਾਸੀ ਜੀਵਨ ਨਾਲ ਸੰਬੰਧਿਤ ਮੁੱਲਵਾਨ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਵਿਅਕਤੀ ਜੀਵਨ ਦੇ ਨਿਰਮਾਣ ਵਿਚ ਅਧਿਆਪਕ ਵੱਲੋਂ ਨਿਭਾਏ ਜਾਂਦੇ ਅਹਿਮ ਰੋਲ ਤੋਂ ਆਪਣੀ ਗੱਲ ਆਰੰਭਦੇ ਹੋਏ ਉਨ੍ਹਾਂ ਕਾਰਨਾਂ ਉੱਤੇ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਕਰਕੇ ਅੱਜ ਦਾ ਨੌਜ਼ੁਆਨ ਵਰਗ ਬਹੁਤ ਤੇਜ਼ੀ ਨਾਲ ਪਰਵਾਸ ਧਾਰਨ ਕਰ ਰਿਹਾ ਹੈ।ਉਨ੍ਹਾਂ ਨੇ ਪੱਛਮੀ ਮੁਲਕਾਂ ਦੇ ਬੇਹਤਰ ਸਿਸਟਮ ਸਬੰਧੀ ਰੌਸ਼ਨੀ ਪਾਉਂਦੇ ਹੋਏ ਦੱਸਿਆ ਕਿ ਕਿਵੇਂ ਉੱਥੇ ਲੋਕ ਆਪਣੇ ਭਲੇ-ਬੁਰੇ ਪ੍ਰਤੀ ਚੇਤਨ ਹਨ।ਵਿਦਿਆ ਅਤੇ ਸਿਹਤ ਦੋ ਅਜਿਹੇ ਵਿਭਾਗ ਹਨ ਜਿਨ੍ਹਾਂ ਪ੍ਰਤੀ ਉੱਥੋਂ ਦੀਆਂ ਸਰਕਾਰਾਂ ਬੇਹੱਦ ਸੰਜੀਦਾ ਹਨ। ਵੀ.ਆਈ.ਪੀ. ਕਲਚਰ ਦੀ ਅਣਹੋਂਦ ਹੈ ਸਿਸਟਮ ਨੂੰ ਚਲਾਉਣ ਵਾਲੇ ਸਿਆਸੀ ਨੇਤਾ ਅਤੇ ਉਸਨੂੰ ਬਚਾਉਣ ਵਾਲੇ ਪੁਲਿਸ ਅਧਿਕਾਰੀ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਹਨ ਅਤੇ ਅੱਜ ਵੀ ਮਾਨਵੀ ਮੁੱਲਾਂ ਨੂੰ ਸਾਂਭੀ ਬੈਠੇ ਹਨ।ਇਹ ਵਜ੍ਹਾ ਹੈ ਕਿ ਸਹੀ ਮਾਇਨਿਆਂ ਵਿਚ ਉਹ ਮੁਲਕ ਪ੍ਰਗਤੀ ਵੱਲ ਅਗ੍ਰਸਰ ਹਨ।ਉਨ੍ਹਾਂ ਨੇ ਆਪਣੇ ਅਨੁਭਵ ਨੂੰ ਪ੍ਰਗਟਾਉਂਦਿਆਂ ਕੁਝ ਕਵਿਤਾਵਾਂ ਵੀ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆ।ਇਸ ਉਪਰੰਤ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਅਤੇ ਸੀਨੀਅਰ ਪ੍ਰੋਫ਼ੈਸਰ ਡਾ. ਹਰਭਜਨ ਸਿੰਘ ਭਾਟੀਆ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ’ਤੇ ਡਾ. ਦਰਿਆ, ਡਾ. ਮੇਘਾ ਸਲਵਾਨ, ਡਾ. ਇੰਦਰਪ੍ਰੀਤ ਕੌਰ, ਡਾ. ਬਲਜੀਤ ਕੌਰ ਰਿਆੜ, ਡਾ. ਕੁਲਦੀਪ ਸਿੰਘ ਢਿੱਲੋਂ ਮੌਜੂਦ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …