ਨਵੀਂ ਦਿੱਲੀ, 5 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਰਾਜੌਰੀ ਗਾਰਡਨ ਮਨਜਿੰਦਰ ਸਿੰਘ ਸਿਰਸਾ ਨੇ ਜਾਰੀ ਬਿਆਨ ’ਚ ਕਿਹਾ ਕਿ ਦਿੱਲੀ ਕਮੇਟੀ ਸਿਕਲੀਗਰਾਂ ’ਤੇ ਹੋ ਰਹੇ ਪੁਲਿਸ ਤਸ਼ੱਦਦ ਨੂੰ ਰੋਕਣ ਅਤੇ ਇਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਅਤੇ ਮੱਧ ਪ੍ਰਦੇਸ਼ ਸਰਕਾਰ ਤੱਕ ਪਹੁੰਚ ਕਰ ਕੇ ਨਿਸ਼ਚਿਤ ਕਰੇਗੀ ਕਿ ਭਵਿੱਖ ਵਿੱਚ ਇਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਵਧੀਕਿਆਂ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਵਿਸਤਾਰ ਵਿੱਚ ਦੱਸਿਆ ਕਿ ਫਿਲੌਰ-ਮੱਧ ਪ੍ਰਦੇਸ਼ ਦੇ ਚਾਰ ਜਿਲਿਆਂ ਧਾਰ, ਬੜਵਾਨੀ, ਖਰਗੌਨ ਤੇ ਜਿਲ੍ਹਾ ਬਰਹਾਨਪੁਰ ਦੇ 36 ਪਿੰਡਾਂ ’ਚ ਝੌਂਪੜੀਆਂ ਦੇ ਵਿੱਚ ਜਿੰਦਗੀ ਗੁਜ਼ਾਰ ਰਹੇ ਸਿੱਖ ਸਿਕਲੀਗਰਾਂ ਨੂੰ ਮੱਧ ਪ੍ਰਦੇਸ਼ ਦੀ ਪੁਲਿਸ ਦੇ ਅਣਮਨੁੱਖੀ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਿੱਖ ਸਿਕਲੀਗਰ ਪੂਰੇ ਭਾਰਤ ਦੇ ਲਗਭਗ ਸਾਰੇ ਸੂਬਿਆਂ ’ਚ ਨਿਵਾਸ ਕਰਦੇ ਹਨ, ਸਾਬਤ ਸੂਰਤ ਹਨ, ਇਨ੍ਹਾਂ ਦੀ ਗਿਣਤੀ ਲਗਭਗ 4 ਕਰੋੜ ਹੈ।ਇਹ ਕਿਸਾਨੀ ਸਮਾਨ, ਕ੍ਰਿਪਾਨ, ਬਰਛੇ, ਆਦਿ ਬਣਾਉਣ ਦੇ ਮਾਹਿਰ ਇਨ੍ਹਾਂ ਸਿੱਖ ਸਿਕਲੀਗਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ, ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਤੇ ਨਿਜ਼ਾਮ ਹੈਦਰਾਬਾਦ ਲਈ ਭਾਰਤ ਦੀ ਜੰਗੇ ਆਜ਼ਾਦੀ ਘੁਲਾਟੀਆਂ ਲਈ ਸ਼ਸਤਰ ਬਣਾਏ।ਇਹ ਸ਼ਾਸਤਰ ਬਣਾ ਕੇ ਆਪਣਾ ਗੁਜ਼ਾਰਾ ਕਰਦੇ ਰਹੇ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਦੇ ਸ਼ਸਤਰ ਬਣਾਉਣ ’ਤੇ ਪਾਬੰਦੀਆਂ ਲਗਣ ਕਾਰਨ ਇਹ ਤਾਲਾ-ਚਾਬੀ, ਚਾਕੂ ਛੁਰੀਆਂ ਤੇ ਹੋਰ ਲੋਹੇ ਦੇ ਘਰੇਲੂ ਸਮਾਨ ਬਣਾ ਕੇ ਆਪਣਾ ਗੁਜ਼ਾਰਾ ਕਰਨ ਲੱਗੇ।
ਸਿਰਸਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੀ ਪੁਲਿਸ ਇਨ੍ਹਾਂ ਨੂੰ ਜਬਰੀ ਚੁੱਕ ਕੇ ਪਹਿਲਾਂ ਇਨ੍ਹਾਂ ਤੋਂ ਸ਼ਸਤਰ ਬਣਾਉਂਦੀ ਹੈ ਤੇ ਬਾਅਦ ’ਚ ਸ਼ਸਤਰ ਬਣਾਉਣ ਦੀ ਨਜ਼ਾਇਜ਼ ਫੈਕਟਰੀ ਫੜੀ, ਅਜਿਹੀ ਵੀਡੀਓ ਰੀਲੀਜ਼ ਕਰ ਦਿੰਦੀ ਹੈ।ਪਿੰਡ ਸੰਗਨੂੰਰ ਦੇ ਕੁੱਝ ਵਸਨੀਕਾਂ ਨੂੰ 300 ਪੁਲਿਸ ਕਰਮੀ ਇਹ ਕਹਿ ਕੇ ਚੁੱਕ ਕੇ ਲੈ ਗਏ, ਕਿ ਇਹ ਨਜ਼ਾਇਜ਼ ਸ਼ਸਤਰ ਬਣਾਉਂਦੇ ਹਨ।ਜਦੋਂ ਪੁਲਿਸ ਨੂੰ ਬਣਾਏ ਗਏ ਸ਼ਸਤਰ ਦੀ ਬਰਾਮਦਗੀ ਬਾਰੇ ਪੁੱਛਿਆ ਤਾਂ ਪੁਲਿਸ ਕੋਈ ਸਬੂਤ ਪੇਸ਼ ਨਹੀਂ ਕਰ ਸਕੀ।ਸਿੱਖ ਜਥੇਬੰਦੀਆਂ ਦੇ ਦਬਾਅ ਕਾਰਣ ਇਤਿਹਾਸ ’ਚ ਪਹਿਲੀ ਵਾਰ ਪੁਲਿਸ ਨੂੰ ਇਨ੍ਹਾਂ 21 ਸਿੱਖ ਸਿਕਲੀਗਰ ਨੌਜਵਾਨਾਂ ਨੂੰ ਬਿਨਾਂ ਕੋਈ ਝੂਠਾ ਕੇਸ ਦਰਜ਼ ਕੀਤੀਆਂ ਛੱਡਣਾ ਪਿਆ।ਸਿੱਖ ਸਿਕਲੀਗਰਾਂ ਦੇ 36 ਪਿੰਡਾਂ ਦੇ 1100 ਪਰਿਵਾਰਾਂ ’ਤੇ ਝੂਠੇ ਪੁਲਿਸ ਕੇਸ ਦਰਜ਼ ਹਨ।ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਪੁਲਸੂਤ ਜਿਲ੍ਹਾ ਬੜਵਾਨੀ ਮੱਧ ਪ੍ਰਦੇਸ਼ ਦਾ ਇੱਕ ਸਿੱਖ ਸਿਕਲੀਗਰ, ਜੋ ਕਿ ਰਾਤ ਦੇ ਸਮੇਂ ਆਪਣੀ ਗਭਭਵਤੀ ਪਤਨੀ ਨੂੰ ਆਪਣੀ 5 ਸਾਲ ਦੀ ਬੇਟੀ ਨਾਲ ਹਸਪਤਾਲ ’ਚ ਐਮਰਜੈਂਸੀ ਵਾਰਡ ’ਚ ਲੈ ਕੇ ਗਿਆ ਸੀ। ਜਦੋਂ ਇਹ ਨੌਜਵਾਨ ਆਪਣੀ ਬੇਟੀ ਨਾਲ ਨੇੜਿਓ ਹੀ ਦਵਾਈਆਂ ਤੇ ਹੋਰ ਸਮਾਨ ਲੈਣ ਗਿਆ ਤਾਂ ਪੁਲਿਸ ਉਸ ਨੂੰ ਉਸ ਦੀ 5 ਸਾਲ ਦੀ ਬੱਚੀ ਸਮੇਤ ਚੁੱਕ ਕੇ ਲੈ ਗਈ, ਜਦਕਿ ਪਤਨੀ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਰਹੀ।
ਸਿਰਸਾ ਨੇ ਸਾਫ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਮੱਧ ਪ੍ਰਦੇਸ਼ ਦੀ ਪੁਲਿਸ ਨੇ ਇਨ੍ਹਾਂ ਦੇ ਖਿਲਾਫ਼ ਇੱਕ ਅਲੱਗ ਤਰ੍ਹਾਂ ਦਾ ਅਭਿਆਨ ਚਲਾਇਆ ਹੋਇਆ ਹੈ।ਪੁਲਿਸ ਇੱਕ ਸਿੱਖ ਸਿਕਲੀਗਰ ਨੂੰ ਚੁੱਕਦੀ ਹੈ, ਉਸ `ਤੇ ਜਬਰ ਜ਼ੁਲਮ ਕਰਦੀ ਹੈ।ਉਸ ਨੂੰ ਮਜ਼ਬੂਰ ਕਰਕੇ, ਉਸ ਦੀਆਂ ਬੱਕਰੀਆਂ ਜੋ ਇਹ ਅਕਸਰ ਰੱਖਦੇ ਹਨ, ਜਾਂ ਹੋਰ ਘਰੇਲੂ ਸਮਾਨ, ਰਿਸ਼ਵਤ ਦੇ ਰੂਪ ’ਚ ਲੈ ਕੇ ਛੱਡ ਦਿੰਦੀ ਹੈ, ਤੇ ਜੋ ਉਸ ਨੂੰ ਅੱਗੇ ਕਿਸੇ ਹੋਰ ਸਿੱਖ ਸਿਕਲੀਗਰ ਦਾ ਨਾਂ ਲੈਣ ਲਈ ਜਬਰਨ ਮਜ਼ਬੂਰ ਕਰਦੀ ਹੈ।ਪੁਲਿਸ ਨੇ ਇਨ੍ਹਾਂ ਲਈ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਹਨ ਕਿ ਇਹ ਪੁਲਿਸ ਤਸ਼ੱਦਦ ਦੇ ਡਰੋਂ ਜੰਗਲਾਂ ’ਚ ਰਹਿਣ ਲਈ ਮਜ਼ਬੂਰ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …