ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਨਸ਼ਿਆਂ ਸਬੰਧੀ 2 ਰੋਜ਼ਾ ਨੈਸ਼ਨਲ ਵਰਕਸ਼ਾਪ ਦੀ ਆਰੰਭਤਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਕਰਨ ਉਪਰੰਤ ਕਿਹਾ ਕਿ ਨਰਸਿੰਗ ਪ੍ਰੋਫ਼ੈਸ਼ਨ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ ਅਤੇ ਸਾਰੇ ਵਿਦਿਆਰਥੀਆਂ ਨੂੰ ਇਸ ਬਖਸ਼ਿਸ਼ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਸ ਸਮਾਰੋਹ ’ਚ ਮਜੀਠੀਆ ਨਾਲ ਮੌਜ਼ੂਦ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਭਾਸ਼ਣ ਦੌਰਾਨ ਨਰਸਿੰਗ ਕਾਲਜ ਦੇ ਪ੍ਰਬੰਧਕਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਨਸ਼ਿਆਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨਾ ਇਸ ਸਮੇਂ ਅਤਿ ਲੋੜੀਂਦਾ ਹੈ।ਉਨ੍ਹਾਂ ਕਾਲਜ ਦੀ ਨਵਨਿਯੁੱਕਤ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਨਰਸਿੰਗ ਖੇਤਰ ’ਚ ਤਜ਼ੱਰਬਾ ਕਾਬਿਲੇ-ਤਾਰੀਫ਼ ਹੈ ਅਤੇ ਉਮੀਦ ਜਾਹਿਰ ਕੀਤੀ ਕਿ ਸਮੂਹ ਸਟਾਫ਼ ਤੇ ਵਿਦਿਆਰਥੀ ਉਨ੍ਹਾਂ ਨੂੰ ਸਹਿਯੋਗ ਲਈ ਦੇਣ ਹਮੇਸ਼ਾ ਤੱਤਪਰ ਰਹਿਣਗੇ।
ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਆਰੰਭਤਾ ਮੂਲ ਮੰਤਰ ਅਤੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਗਏ ਸ਼ਬਦ ‘ਗਗਨ ਮੇਂ ਥਾਲ ਰਵਿ ਚੰਦ… ਤੋਂ ਕੀਤੀ ਗਈ।ਉਪਰੰਤ ਮਜੀਠੀਆ ਨੇ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦਾ ਅਗਾਜ਼ ਕੀਤਾ।
ਸਮਾਗਮ ਦੇ ਮੁੱਖ ਬੁਲਾਰੇ ਡਾ. ਸੰਧਿਆ ਗੁਪਤਾ, ਪ੍ਰੋਫੈਸਰ ਏਮਜ਼ ਹਸਪਤਾਲ, ਨਵੀ ਦਿੱਲੀ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਨਸ਼ੇ ਨੂੰ ਇਕ ਬਿਮਾਰੀ ਦੱਸਦਿਆਂ ਕਿਹਾ ਕਿ ਨਸ਼ਾ ਕਰਨਾ ਇਕ ਬੁਰੀ ਆਦਤ ਨਹੀਂ ਹੈ, ਸਗੋਂ ਇਕ ਬਿਮਾਰੀ ਹੈ ਅਤੇ ਨਸ਼ਾ ਕਰਨ ਵਾਲੇ ਦੀ ਦੇਖਭਾਲ ਇਕ ਮਰੀਜ਼ ਵਜੋਂ ਹੀ ਕਰਨੀ ਚਾਹੀਦੀ ਹੈ।ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਸਪਾਂਸਰ ਕੀਤੀ ਵਰਕਸ਼ਾਪ ਸਬੰਧੀ ਕੁੰਜੀਵਾਦ ਭਾਸ਼ਣ ਸਾਬਕਾ ਡਾਇਰੈਕਟਰ ਆਫ਼ ਮੈਂਟਲ ਹੈਲਥ ਇੰਸਟੀਚਿਊਟ, ਡਾ. ਬੀ.ਐਲ ਗੋਇਲ ਵੱਲੋਂ ਪੜ੍ਹਿਆ ਗਿਆ ।
ਪ੍ਰਿੰਸਪਲ ਡਾ. ਕਮਲਜੀਤ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਵੱਡੀ ਗਿਣਤੀ ’ਚ ਨਸ਼ੇ ਦੇ ਮਰੀਜ਼ ਹਨ।ਪ੍ਰਿੰਸੀਪਲ ਡਾ. ਕਮਲਜੀਤ ਕੌਰ ਵੱਲੋਂ ਸੰਖੇਪ ’ਚ ਖ਼ਾਲਸਾ ਕਾਲਜ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ।ਮਜੀਠੀਆ, ਛੀਨਾ ਨੂੰ ਪ੍ਰਿੰਸੀਪਲ ਡਾ. ਕਮਲਜੀਤ ਕੌਰ ਵੱਲੋਂ ਸਨਮਾਨਿਤ ਕਰਨ ਉਪਰੰਤ ਵਰਕਸ਼ਾਪ ਦੇ ਚੇਅਰਪਰਸਨ ਅਤੇ ਬੁਲਾਰਿਆਂ ਦਾ ਵੀ ਸਨਮਾਨ ਕੀਤਾ ਗਿਆ ।
ਇਸ ਦੌਰਾਨ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਵਾਉਣ ਸਬੰਧੀ ਕਰਵਾਈ ਗਈ ਵਰਕਸ਼ਾਪ ’ਚ ਪ੍ਰਿੰਸੀਪਲ ਡਾ. ਦਰਸ਼ਨ ਕੌਰ ਸੋਹੀ ਚੀਫ਼ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ, ਡਾ. ਪ੍ਰਵੇਸ਼ ਸੈਣੀ ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ, ਡਾ. ਰਮੇਸ਼ ਕੁਮਾਰੀ ਪ੍ਰਿੰਸੀਪਲ ਮਾਈ ਭਾਗੋ ਕਾਲਜ ਆਫ਼ ਨਰਸਿੰਗ, ਡਾ. ਰਮਨਦੀਪ ਕੌਰ ਪ੍ਰਿੰਸੀਪਲ ਅਜੀਤ ਕਾਲਜ ਆਫ਼ ਨਰਸਿੰਗ ਨੇ ਵੀ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਦੌਰਾਨ ਡਾ. ਪੀ.ਡੀ ਗਰਗ ਨੇ ਨਸ਼ਾ ਛਡਾਉਣ ਲਈ ਦਿੱਤੀਆਂ ਜਾਂਦੀਆਂ ਦਵਾਈਆਂ ਦੀ ਜਾਣਕਾਰੀ ਦਿੱਤੀ।ਡਾ. ਮਨੋਜ ਨੇ ਦਵਾਈਆਂ ਦੇ ਨਾਲ ਪਰਿਵਾਰਕ ਸਹਿਯੋਗ ਦੀ ਮਹੱਤਤਾ ਬਾਰੇ ਦੱਸਿਆ ਅਤੇ ਪ੍ਰੋਫੈਸਰ ਯਸ਼ਪ੍ਰੀਤ ਕੌਰ ਨੇ ਨਸ਼ਾ ਲੈਣ ਵਾਲਿਆਂ ਨੂੰ ਮਰੀਜ਼ ਮੰਨਦਿਆਂ ਉਨ੍ਹਾਂ ਵੱਲ ਖਾਸ ਧਿਆਨ ਦੀ ਗੱਲ ’ਤੇ ਜ਼ੋਰ ਦਿੱਤਾ।ਡਾ. ਨੀਰਜਾ ਸੂਦ ਸਾਬਕਾ ਰਜਿਸਟਰਾਰ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਨੇ ਵਰਕਸ਼ਾਪ ਸਬੰਧੀ ਅਖੀਰ ’ਤੇ ਆਪਣੇ ਵਿਚਾਰ ਦਿੱਤੇ।
ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਨੀਲਮ ਹੰਸ, ਪ੍ਰੋਫ਼ੈਸਰ ਡਾ. ਅਮਨਪ੍ਰੀਤ ਕੌਰ, ਪ੍ਰੋਫ਼ੈਸਰ ਮੋਨਿਕਾ ਡੋਗਰਾ, ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …